*ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਰੀਬ 7 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਸੀਨੀਅਰ ਸਿਟੀਜਨ ਹੋਮ ਦਾ ਨੀਂਹ ਪੱਥਰ ਰੱਖਿਆ*

0
172

ਮਾਨਸਾ, 14 ਅਗਸਤ (ਸਾਰਾ ਯਹਾਂ/ਹਿਤੇਸ਼ ਸ਼ਰਮਾ) : ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਅੱਜ ਰਮਦਿੱਤੇਵਾਲਾ

 ਕੈਂਚੀਆਂ ਵਿਖੇ ਕਰੀਬ 7 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸੀਨੀਅਰ ਸਿਟੀਜਨ ਹੋਮ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੁਵਿਧਾਵਾਂ ਮੁਹੱਈਆ ਕਰਵਾਉਣ ਪੱਖੋਂ ਹਰੇਕ ਵਰਗ ਦਾ ਧਿਆਨ ਰੱਖਦੀ ਹੈ ਜਿਸ ਦੇ ਚਲਦਿਆਂ ਬਜ਼ੁਰਗ ਅਵਸਥਾ ਦੌਰਾਨ ਵੱਖ-ਵੱਖ ਕਾਰਨਾਂ ਕਰਕੇ ਪਰਿਵਾਰਕ ਤੌਰ ਉੱਤੇ ਬੇਰੁਖ਼ੀ ਅਤੇ ਬੇਗਾਨੇਪਣ ਦਾ ਸ਼ਿਕਾਰ ਹੋਣ ਵਾਲੇ ਬਜ਼ੁਰਗਾਂ ਲਈ ਅਜਿਹੇ ਸੀਨੀਅਰ ਸਿਟੀਜਨ ਹੋਮ ਬਣਵਾਏ ਜਾ ਰਹੇ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਬਿਰਧ ਅਵਸਥਾ ਵਿਚ ਆਪਣਿਆਂ ਵੱਲੋਂ ਹੀ ਮਾਪਿਆਂ ਨੂੰ ਘਰੋਂ ਬੇਘਰ ਕਰ ਦੇਣਾ ਵੱਡਾ ਦੁਖਾਂਤ ਹੈ ਜਿਸ ਨੂੰ ਯਕੀਨੀ ਤੌਰ ਉੱਤੇ ਠੱਲ੍ਹ ਪੈਣੀ ਚਾਹੀਦੀ ਹੈ।

          ਉਨ੍ਹਾਂ ਕਿਹਾ ਕਿ ਪੁੱਤਾਂ ਧੀਆਂ ਦੇ ਹੁੰਦਿਆਂ ਅੰਤਿਮ ਉਮਰੇ ਬਜ਼ੁਰਗਾਂ ਨੂੰ ਅਜਿਹੇ ਬਿਰਧ ਆਸ਼ਰਮਾਂ ਵਿੱਚ ਰਹਿਣਾ ਸ਼ੋਭਾ ਨਹੀਂ ਦਿੰਦਾ ਪਰ ਫਿਰ ਵੀ ਜੇਕਰ ਕੋਈ ਬਜ਼ੁਰਗ ਪਰਿਵਾਰਕ ਰਿਸ਼ਤਿਆਂ ਦੇ ਨਿਘਾਰ ਕਾਰਨ ਰੁਲਣ ਲਈ ਮਜਬੂਰ ਹੁੰਦਾ ਹੈ ਤਾਂ ਅਜਿਹੇ ਸੀਨੀਅਰ ਸਿਟੀਜਨ ਲਈ ਇਹ ਇਮਾਰਤ ਵਰਦਾਨ ਸਾਬਤ ਹੋਵੇਗੀ।

          ਉਨ੍ਹਾਂ ਦੱਸਿਆ ਕਿ ਤਿੰਨ ਏਕੜ ਜਗ੍ਹਾ ਦੇ ਅੱਧੇ ਹਿੱਸੇ ਅੰਦਰ ਕਰੀਬ 4.50 ਕਰੋੜ ਰੁਪਏ ਦੀ ਲਾਗਤ ਨਾਲ ਵਰਕਿੰਗ ਵੁਮੈਨ ਹੋਸਟਲ ਬਣੇਗਾ ਜਿਸ ਦੇ ਉਸਾਰੀ ਕਾਰਜ ਜਲਦੀ ਸ਼ੁਰੂ ਹੋ ਜਾਣਗੇ।

          ਕੈਬਨਿਟ ਮੰਤਰੀ ਨੇ ਦੱਸਿਆ ਕਿ ਸੀਨੀਅਰ ਸਿਟੀਜਨ ਹੋਮ ਦਾ ਪ੍ਰਬੰਧਕੀ ਬਲਾਕ ਦੋ ਮੰਜ਼ਿਲਾਂ ਅਤੇ ਓਲਡ ਏਜ ਬਲਾਕ 3 ਮੰਜ਼ਿਲਾ ਹੋਵੇਗਾ।

          ਇਸ ਮੌਕੇ ਵਿਧਾਇਕ ਸ੍ਰ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਕਿਹਾ ਕਿ ਮਾਨਸਾ ਦੇ ਨਿਵਾਸੀਆਂ ਲਈ ਸੀਨੀਅਰ ਸਿਟੀਜਨ ਹੋਮ ਲਾਹੇਵੰਦ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਹਰ ਪੜਾਅ ਉਤੇ ਬੱਚਿਆਂ ਦੇ ਪਿਆਰ ਸਤਿਕਾਰ ਅਤੇ ਨਿੱਘ ਦੀ ਲੋੜ ਹੁੰਦੀ ਹੈ ਇਸ ਲਈ ਘਰਾਂ ਵਿੱਚ ਬਜ਼ੁਰਗਾਂ ਦਾ ਆਦਰ ਮਾਣ ਕਰਨਾ ਚਾਹੀਦਾ ਹੈ।

          ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਪਾਲ, ਐਸ ਐਸ ਪੀ ਡਾ ਨਰਿੰਦਰ ਭਾਰਗਵ, ਪ੍ਰਧਾਨ ਨਗਰ ਕੌਂਸਲ ਸ਼੍ਰੀਮਤੀ ਜਸਵੀਰ ਕੌਰ, ਕਾਂਗਰਸੀ ਆਗੂ ਡਾ ਮਨੋਜ ਬਾਲਾ, ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ, ਵਾਈਸ ਪ੍ਰਧਾਨ ਨਗਰ ਕੌਂਸਲ ਸ੍ਰੀ ਪਵਨ ਕੁਮਾਰ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਉਪਕਾਰ ਸਿੰਘ, ਉਪ ਮੰਡਲ ਮੈਜਿਸਟਰੇਟ ਸ੍ਰੀਮਤੀ ਸ਼ਿਖਾ ਭਗਤ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀ ਵਰਿੰਦਰ ਬੈਂਸ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀ ਪਰਦੀਪ ਸਿੰਘ ਗਿੱਲ ਅਤੇ ਵੱਖ-ਵੱਖ ਕੌਂਸਲਰ ਮੌਜੂਦ ਸਨ।

NO COMMENTS