ਮਾਨਸਾ, 12 ਸਤੰਬਰ (ਸਾਰਾ ਯਹਾ, ਬਲਜੀਤ ਸ਼ਰਮਾ): ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਅੱਜ ਮਾਨਸਾ ਦੇ ਸਰਕਾਰੀ ਸਿਵਲ ਹਸਪਤਾਲ ਦਾ ਅਚਨਚੇਤ ਦੌਰਾ ਕੀਤਾ ਅਤੇ ਉਥੇ ਸਥਾਪਤ ਕੋਵਿਡ ਆਈਸੋਲੇਸ਼ਨ ਸੈਂਟਰ ਲੈਵਲ 2 ਵਿਖੇ ਜੇਰੇ ਇਲਾਜ ਮਰੀਜ਼ਾਂ ਦੀ ਸਿਹਤ ਸਬੰਧੀ ਸਿਵਲ ਸਰਜਨ ਅਤੇ ਡਾਕਟਰੀ ਸਟਾਫ਼ ਤੋਂ ਜਾਇਜ਼ਾ ਲਿਆ। ਕੈਬਨਿਟ ਮੰਤਰੀ ਸ਼੍ਰੀ ਕਾਂਗੜ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਸ਼ੇਸ਼ ਤੌਰ ’ਤੇ ਇਹ ਨਿਰਦੇਸ਼ ਦਿੱਤੇ ਗਏ ਹਨ ਕਿ ਜ਼ਿਲਿ੍ਹਆਂ ਵਿੱਚ ਕੋਵਿਡ ਦੇ ਪਾਸਾਰ ਨੂੰ ਰੋਕਣ ਲਈ ਜਿਥੇ ਪ੍ਰਸ਼ਾਸਨਿਕ ਪੱਧਰ ’ਤੇ ਪੂਰੀ ਨਿਗਰਾਨੀ ਰੱਖੀ ਜਾਵੇ ਉਥੇ ਹੀ ਜੇਰੇ ਇਲਾਜ ਮਰੀਜ਼ਾਂ ਨਾਲ ਮੋਬਾਇਲ ’ਤੇ ਗੱਲਬਾਤ ਕਰਕੇ ਸਮੇਂ ਸਮੇਂ ’ਤੇ ਉਨ੍ਹਾਂ ਦਾ ਮਨੋਬਲ ਵੀ ਉੱਚਾ ਚੁੱਕਿਆ ਜਾਵੇ। ਆਪਣੇ ਦੌਰੇ ਦੌਰਾਨ ਕੈਬਨਿਟ ਮੰਤਰੀ ਨੇ ਆਈਸੋਲੇਸ਼ਨ ਸੈਂਟਰ ਵਿਖੇ ਜੇਰੇ ਇਲਾਜ ਮਰੀਜ਼ਾਂ ਦੇ ਖਾਣੇ ਦੇ ਪ੍ਰਬੰਧਾਂ ਅਤੇ ਸਾਫ਼ ਸਫ਼ਾਈ ਵਿਵਸਥਾ ਬਾਰੇ ਉਥੇ ਤਾਇਨਾਤ ਡਾਕਟਰੀ ਸਟਾਫ਼ ਤੋਂ ਸਾਰਾ ਜਾਇਜ਼ਾ ਲਿਆ ।ਕੈਬਨਿਟ ਮੰਤਰੀ ਸ਼੍ਰੀ ਕਾਂਗੜ ਨੇ ਸਿਵਲ ਹਸਪਤਾਲ ਦੇ ਕੋਵਿਡ ਵਾਰਡ ਵਿਖੇ ਜੇਰੇ ਇਲਾਜ ਸ਼੍ਰੀ ਮਨਪ੍ਰੀਤ ਸਿੰਘ ਨਾਲ ਮੋਬਾਇਲ ’ਤੇ ਗੱਲਬਾਤ ਕੀਤੀ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਮੋਬਾਇਲ ਰਾਹੀਂ ਗੱਲਬਾਤ ਕਰਦਿਆਂ ਪਾਜ਼ੀਟਿਵ ਮਰੀਜ਼ਾਂ ਨੂੰ ਦੱਸਿਆ ਕਿ ਉਹ ਹਸਪਤਾਲ ਵਿਖੇ ਹੀ ਮੌਜੂਦ ਹਨ ਅਤੇ ਜੇ ਕਿਸੇ ਨੂੰ ਵੀ ਕਿਸੇ ਕਿਸਮ ਦੀ ਕੋਈ ਸਮੱਸਿਆ ਹੈ ਤਾਂ ਉਹ ਤੁਰੰਤ ਸਮੱਸਿਆ ਨੂੰ ਦੂਰ ਕਰਵਾ ਸਕਦੇ ਹਨ। ਕੈਬਨਿਟ ਮੰਤਰੀ ਨਾਲ ਗੱਲਬਾਤ ਕਰਦਿਆਂ ਵੱਖ ਵੱਖ ਮਰੀਜ਼ਾਂ ਨੇ ਕਿਹਾ ਕਿ ਖਾਣੇ, ਸਾਫ਼ ਸਫਾਈ ਜਾਂ ਇਲਾਜ ਸਬੰਧੀ ਉਨ੍ਹਾਂ ਨੂੰ ਕੋਈ ਸਮੱਸਿਆ ਨਹੀਂ ਹੈ। ਉਨ੍ਹਾਂ ਪ੍ਰਬੰਧਾਂ ’ਤੇ ਤਸੱਲੀ ਪ੍ਰਗਟਾਈ ਅਤੇ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਪ੍ਰਸ਼ਾਸਨ ਕੋਵਿਡ ਪਾਜ਼ੀਟਿਵ ਮਰੀਜ਼ਾਂ ਦੀ ਸੁਚੱਜੀ ਦੇਖਭਾਲ ਅਤੇ ਛੇਤੀ ਸਿਹਤਯਾਬੀ ਲਈ ਦ੍ਰਿੜ ਹੈ ਅਤੇ ਮਰੀਜ਼ਾਂ ਨੂੰ ਵੀ ਆਪਣੀ ਇੱਛਾ ਸ਼ਕਤੀ ਨੂੰ ਸਾਕਾਰਾਤਮਕ ਰੱਖਣਾ ਚਾਹੀਦਾ ਹੈ ਤਾਂ ਜੋ ਉਹ ਛੇਤੀ ਤੰਦਰੁਸਤ ਹੋ ਸਕਣ। ਇਸ ਦੌਰਾਨ ਕੈਬਨਿਟ ਮੰਤਰੀ ਨੇ ਘਰਾਂ ਵਿੱਚ ਇਕਾਂਤਵਾਸ ਪਾਜ਼ੀਟਿਵ ਮਰੀਜ਼ਾਂ ਨਾਲ ਵੀ ਮੋਬਾਇਲ ’ਤੇ ਗੱਲਬਾਤ ਕੀਤੀ ਅਤੇ ਅਪੀਲ ਕੀਤੀ ਕਿ ਇਕਾਂਤਵਾਸ ਸਬੰਧੀ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਮੁਕੰਮਲ ਪਾਲਣਾ ਕੀਤੀ ਜਾਵੇ ਕਿਉਂ ਜੋ ਕੋਰੋਨਾ ਵਾਇਰਸ ਤੇਜ਼ੀ ਨਾਲ ਇੱਕ ਤੋਂ ਦੂਜੇ ਵਿਅਕਤੀ ਤੱਕ ਫੈਲਦਾ ਹੈ। ਇਸ ਮੌਕੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਚੇਅਰਮੈਨ ਜ਼ਿਲ੍ਹਾ ਪਰਿਸ਼ਦ ਬਿਕਰਮ ਮੋਫ਼ਰ, ਪ੍ਰਧਾਨ ਯੂਥ ਕਾਂਗਰਸ ਕਮੇਟੀ ਚੁਸ਼ਪਿੰਦਰਬੀਰ ਸਿੰਘ ਚਹਿਲ, ਵਾਈਸ ਪ੍ਰਧਾਨ ਸਫਾਈ ਕਰਮਚਾਰੀ ਕਮਿਸ਼ਨ ਰਾਮ ਸਿੰਘ, ਡਾ. ਮੰਜੂ ਬਾਂਸਲ, ਮਾਈਕਲ ਗਾਗੋਵਾਲ, ਡਿਪਟੀ ਕਮਿਸ਼ਨਰ ਮਹਿੰਦਰਪਾਲ, ਐਸ.ਐਸ.ਪੀ ਸੁਰੇਂਦਰ ਲਾਂਬਾ, ਵਧੀਕ ਡਿਪਟੀ ਕਮਿਸ਼ਨਰ ਸੁਖਪ੍ਰੀਤ ਸਿੰਘ ਸਿੱਧੂ, ਸਿਵਲ ਸਰਜਨ ਡਾ. ਲਾਲ ਚੰਦ ਠਕਰਾਲ, ਐਸ.ਐਮ.ਓ ਡਾ. ਹਰਚੰਦ ਸਿੰਘ, ਡਾ. ਰਣਜੀਤ ਰਾਏ ਸਮੇਤ ਹੋਰ ਅਧਿਕਾਰੀ ਤੇ ਆਗੂ ਵੀ ਹਾਜ਼ਰ ਸਨ।