*ਕੈਬਨਿਟ ‘ਚ ਕੌਣ-ਕੌਣ ਹੋਏਗਾ? ਦਿੱਲੀ ਪਹੁੰਚੇ ਨਵੇਂ ਮੁੱਖ ਮੰਤਰੀ ਚਰਨਜੀਤ ਚੰਨੀ*

0
249


ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਛੇਤੀ ਹੀ ਆਪਣੇ ਮੰਤਰੀ ਮੰਡਲ ਦਾ ਵਿਸਥਾਰ ਕਰਨਗੇ। ਇਸ ਲਈ ਉਹ ਚਰਚਾ ਕਰ ਰਹੇ ਹਨ। ਉਹ ਅੱਜ ਨਵੇਂ ਮੰਤਰੀਆਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕਰਨ ਲਈ ਦਿੱਲੀ ਗਏ ਹਨ। ਮੁੱਖ ਮੰਤਰੀ ਚਰਨਜੀਤ ਚੰਨੀ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਓਪੀ ਸੋਨੀ ਵੀ ਹਨ। ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਵੀ ਉਨ੍ਹਾਂ ਦੇ ਨਾਲ ਗਏ ਹਨ।


ਦੱਸ ਦੇਈਏ ਕਿ ਚਰਨਜੀਤ ਸਿੰਘ ਚੰਨੀ ਨੇ ਸੋਮਵਾਰ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਸੁਖਜਿੰਦਰ ਸਿੰਘ ਰੰਧਾਵਾ ਤੇ ਓਪੀ ਸੋਨੀ ਨੇ ਵੀ ਉਨ੍ਹਾਂ ਨਾਲ ਸਹੁੰ ਚੁੱਕੀ ਸੀ। ਦੋਵਾਂ ਨੂੰ ਉਪ ਮੁੱਖ ਮੰਤਰੀ ਬਣਾਇਆ ਗਿਆ ਹੈ। ਰੰਧਾਵਾ ਤੇ ਸੋਨੀ ਦੇ ਵਿਭਾਗਾਂ ਬਾਰੇ ਅਜੇ ਫੈਸਲਾ ਨਹੀਂ ਹੋਇਆ। ਇਸ ਦੌਰਾਨ ਸੋਮਵਾਰ ਰਾਤ ਨੂੰ ਸੀਐਮ ਚੰਨੀ ਨੇ ਕੈਬਨਿਟ ਮੀਟਿੰਗ ਵੀ ਕੀਤੀ। ਕਰੀਬ ਤਿੰਨ ਘੰਟੇ ਤੱਕ ਚੱਲੀ ਇਸ ਮੀਟਿੰਗ ਵਿੱਚ ਕਈ ਮੁੱਦਿਆਂ ‘ਤੇ ਚਰਚਾ ਕੀਤੀ ਗਈ।

ਕੱਲ੍ਹ ਤੋਂ ਹੀ ਚੰਨੀ ਕੈਬਨਿਟ ਵਿੱਚ ਮੰਤਰੀਆਂ ਬਾਰੇ ਅਟਕਲਾਂ ਚੱਲ ਰਹੀਆਂ ਹਨ। ਮੰਤਰੀ ਦੇ ਅਹੁਦੇ ਲਈ ਉਮੀਦਵਾਰਾਂ ਨੇ ਆਪਣੇ ਲਈ ਲਾਬਿੰਗ ਵੀ ਸ਼ੁਰੂ ਕਰ ਦਿੱਤੀ ਹੈ। ਕੈਪਟਨ ਅਮਰਿੰਦਰ ਸਿੰਘ ਦੀ ਕੈਬਨਿਟ ਦੇ ਕਈ ਮੰਤਰੀਆਂ ਨੂੰ ਇਸ ਸਰਕਾਰ ਵਿੱਚ ਦੁਬਾਰਾ ਲਏ ਜਾਣ ਦੀ ਸੰਭਾਵਨਾ ਨਹੀਂ। ਨਵੇਂ ਚਿਹਰਿਆਂ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰ ਸਮੇਤ ਕਈ ਨਾਵਾਂ ਦੀ ਚਰਚਾ ਹੋ ਰਹੀ ਹੈ।

ਸੀਐਮ ਚੰਨੀ ਦਿੱਲੀ ਵਿੱਚ ਪਾਰਟੀ ਦੇ ਰਾਸ਼ਟਰੀ ਨੇਤਾਵਾਂ ਦੇ ਨਾਲ ਚਰਚਾ ਕਰਨਗੇ। ਨਵੇਂ ਮੰਤਰੀਆਂ ਦੇ ਨਾਲ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵਾਡਰਾ ਨਾਲ ਵੀ ਚਰਚਾ ਕਰਨਗੇ। ਸੋਨੀਆ, ਰਾਹੁਲ ਤੇ ਪ੍ਰਿਅੰਕਾ ਇਸ ਸਮੇਂ ਸ਼ਿਮਲਾ ਵਿੱਚ ਹਨ, ਇਸ ਲਈ ਮੰਨਿਆ ਜਾ ਰਿਹਾ ਹੈ ਕਿ ਚੰਨੀ ਉਨ੍ਹਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲ ਕਰਨਗੇ। ਦਿੱਲੀ ਵਿੱਚ ਚੰਨੀ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਸਮੇਤ ਉਨ੍ਹਾਂ ਦੇ ਦੋ ਉਪ ਮੁੱਖ ਮੰਤਰੀਆਂ ਸਮੇਤ ਕਈ ਨੇਤਾਵਾਂ ਨਾਲ ਵਿਚਾਰ-ਵਟਾਂਦਰਾ ਕਰਨਗੇ।

ਦੂਜੇ ਪਾਸੇ, ਪੰਜਾਬ ਵਿੱਚ ਨਵੀਂ ਸਰਕਾਰ ਦੇ ਮੰਤਰੀ ਮੰਡਲ ਬਾਰੇ ਬਹਿਸ ਤੇ ਅਟਕਲਾਂ ਤੇਜ਼ ਹੋ ਗਈਆਂ ਹਨ। ਬ੍ਰਹਮ ਮਹਿੰਦਰਾ, ਜੋ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਦੂਜੇ ਨੰਬਰ ‘ਤੇ ਸਨ, ਬਾਰੇ ਕਿਹਾ ਜਾਂਦਾ ਹੈ ਕਿ ਉਪ ਮੁੱਖ ਮੰਤਰੀ ਨਾ ਬਣਾਏ ਜਾਣ ਕਾਰਨ ਉਹ ਨਰਾਜ਼ ਹਨ ਤੇ ਅਜਿਹੀ ਸਥਿਤੀ ਵਿੱਚ ਉਨ੍ਹਾਂ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮੰਤਰੀ ਮੰਡਲ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ। 

NO COMMENTS