ਚੰਡੀਗੜ੍ਹ 21 ਜੁਲਾਈ (ਸਾਰਾ ਯਹਾ/ਬਿਓਰੋ ਰਿਪੋਰਟ): ਪੰਜਾਬ ਸਰਕਾਰ (Punjab government) ਨੇ ਯੂਟੀ ਚੰਡੀਗੜ੍ਹ ਪ੍ਰਸ਼ਾਸਨ ਦੀ ਸਲਾਹ ਰੱਦ ਕਰਦਿਆਂ ਮੁਹਾਲੀ ਵਿੱਚ ਵੀਕੈਂਡ ਕਰਫਿਊ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਪੰਜਾਬ ਤੇ ਹਰਿਆਣਾ ਨੂੰ ਟਰਾਈਸਿਟੀ (ਚੰਡੀਗੜ੍ਹ-ਮੁਹਾਲੀ-ਪੰਚਕੁਲਾ) ਵਿੱਚ ਵੀਕੈਂਡ ਕਰਫਿਊ ਲਾਉਣ ਦਾ ਪ੍ਰਸਤਾਵ ਭੇਜਿਆ ਸੀ। ਹਰਿਆਣਾ ਨੇ ਅਜੇ ਇਸ ਬਾਰੇ ਪੱਖ ਸਪਸ਼ਟ ਨਹੀਂ ਕੀਤਾ।
ਦੱਸ ਦਈਏ ਕਿ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਨੇ ਸੋਮਵਾਰ ਨੂੰ ਪੰਜਾਬ ਰਾਜ ਭਵਨ ਵਿੱਚ ਵਾਰ ਰੂਮ ਮੀਟਿੰਗ ਦੌਰਾਨ ਵੀਕੈਂਡ ਕਰਫਿਊ ਬਾਰੇ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਕਿਹਾ ਕਿ ਟਰਾਈਸਿਟੀ (ਚੰਡੀਗੜ੍ਹ-ਮੁਹਾਲੀ-ਪੰਚਕੁਲਾ) ਵਿੱਚ ਵੀਕੈਂਡ ਕਰਫਿਊ ਲਾਉਣ ਦੇ ਪ੍ਰਸਤਾਵ ’ਤੇ ਪੰਜਾਬ ਤੇ ਹਰਿਆਣਾ ਦੇ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਸਹਿਮਤੀ ਮੰਗੀ ਗਈ। ਉਨ੍ਹਾਂ ਦਾਅਵਾ ਕੀਤਾ ਇਕੱਲੇ ਚੰਡੀਗੜ੍ਹ ਵਿੱਚ ਵੀਕੈਂਡ ਦਾ ਕਰਫਿਊ ਨਾਲ ਕੋਈ ਫਾਇਦਾ ਨਹੀਂ ਹੋਏਗਾ। ਇਸ ਦਾ ਫਾਇਦਾ ਸਿਰਫ ਉਦੋਂ ਹੁੰਦਾ ਹੈ ਜੇਕਰ ਚੰਡੀਗੜ੍ਹ ਦੇ ਨਾਲ ਪੰਚਕੁਲਾ ਤੇ ਮੁਹਾਲੀ ਵੀ ਬੰਦ ਰਹਿਣ।
ਵਧ ਰਹੇ ਕੋਰੋਨਾ ਕੇਸ ਨੂੰ ਰੋਕਣ ਲਈ ਟਰਾਈਸਿਟੀ ਵਿੱਚ ਵੀਕੈਂਡ ਕਰਫਿਊ ਲਾਉਣ ਦੇ ਪ੍ਰਸਤਾਵ ’ਤੇ ਪੰਜਾਬ ਨੇ ਇਤਰਾਜ਼ ਜਤਾਇਆ ਹੈ। ਪ੍ਰਸਤਾਵ ਵਿੱਚ ਸ਼ੁੱਕਰਵਾਰ ਰਾਤ ਨੂੰ ਸਵੇਰੇ ਸੱਤ ਤੋਂ ਛੇ ਵਜੇ ਤੱਕ ਕਰਫਿਊ ਲਾਉਣ ਦੀ ਮੰਗ ਕੀਤੀ ਗਈ ਹੈ। ਪੰਜਾਬ ਨੇ ਸਾਫ ਕਰ ਦਿੱਤਾ ਹੈ ਕਿ ਉਹ ਸਿਰਫ ਐਤਵਾਰ ਨੂੰ ਕਰਫਿਊ ਲਈ ਸਹਿਮਤ ਹੈ। ਇਸ ਦੇ ਨਾਲ ਹੀ ਹਰਿਆਣਾ ਦਾ ਜਵਾਬ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਆਵੇਗਾ।
ਵਾਰ ਰੂਮ ਦੀ ਮੀਟਿੰਗ ਵਿੱਚ ਡਾਕਟਰਾਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਸਰੀਰਕ ਦੂਰੀਆਂ ਅਤੇ ਮਾਸਕ ਨਹੀਂ ਪਹਿਨਣ ਦੇ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਇਸ ਲਈ ਟ੍ਰਾਈਸਿਟੀ ਵਿੱਚ ਵਿਕਐਂਡ ਕਰਫਿਊ ਲਾਉਣਾ ਮਜਬੂਰੀ ਬਣ ਗਈ ਹੈ। ਇਹ ਵਧ ਰਹੀ ਕੋਰੋਨਾ ਚੇਨ ਤੋੜਣ ਤੇ ਟ੍ਰਾਈਸਿਟੀ ਦੇ ਕੇਸਾਂ ਨੂੰ ਕਾਫ਼ੀ ਹੱਦ ਤੱਕ ਘਟਾ ਦੇਵੇਗਾ। ਪ੍ਰਸ਼ਾਸਨ ਨੇ ਵੀਕੈਂਡ ਕਰਫਿਊ ‘ਤੇ ਡਾਕਟਰਾਂ ਨੂੰ ਆਪਣੀ ਰਾਏ ਲਈ ਕਿਹਾ ਸੀ।
ਵੀਕੈਂਡ ਕਰਫਿਊ ਲਈ ਦਿਸ਼ਾ ਨਿਰਦੇਸ਼ ਬੁੱਧਵਾਰ ਨੂੰ ਜਾਰੀ ਕੀਤੇ ਜਾਣਗੇ। ਕਰਫਿਊ ਦੌਰਾਨ ਵੀਕੈਂਡ ਤੇ ਟ੍ਰਾਈਸਿਟੀ ਵਿੱਚ ਬਾਹਰੀ ਲੋਕਾਂ ਨੂੰ ਦਾਖਲਾ ਨਹੀਂ ਹੋਣ ਦਿੱਤਾ ਜਾਵੇਗਾ। ਇਸ ਦੇ ਲਈ ਪੰਚਕੂਲਾ, ਮੁਹਾਲੀ ਪ੍ਰਸ਼ਾਸਨ ਨੂੰ ਸਾਰੇ ਸਰਹੱਦੀ ਇਲਾਕਿਆਂ ਨੂੰ ਸੀਲ ਕਰਨਾ ਪਏਗਾ। ਬਾਹਰਲੇ ਵਾਹਨ ਬਾਰਡਰ ਪੁਆਇੰਟ ‘ਤੇ ਹੀ ਰੋਕ ਦਿੱਤੇ ਜਾਣਗੇ।