ਕੈਪਟਨ ਸਰਕਾਰ ਦੇ ਵੱਡੇ ਫੈਸਲੇ! ਵਿਆਹ ‘ਚ 50 ਬੰਦਿਆਂ ਤੋਂ ਜ਼ਿਆਦਾ ਇਕੱਠ ‘ਤੇ ਰੋਕ, ਕਿਸਾਨ ਮੰਡੀਆਂ ਵੀ ਬੰਦ

0
227

ਚੰਡੀਗੜ੍ਹ: ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰਾ ਦੀ ਪ੍ਰਧਾਨਗੀ ਹੇਠ ਹੋਈ ਜੀਓਐਮ ਮੀਟਿੰਗ ‘ਚ ਸਾਰੇ ਸ਼ਾਪਿੰਗ ਕੰਪਲੈਕਸਾਂ, ਮਾਲ, ਅਜਾਇਬ ਘਰ, ਸਥਾਨਕ ਹਫਤਾਵਾਰੀ ਕਿਸਾਨ ਮੰਡੀਆਂ ਨੂੰ ਬੰਦ ਕਰਨ ਦੇ ਨਾਲ-ਨਾਲ ਸਾਰੇ ਧਾਰਮਿਕ ਸੰਸਥਾਵਾਂ, ਡੇਰਾ ਪ੍ਰਮੁੱਖਾਂ ਲਈ ਵੀ ਹਦਾਇਤਾਂ ਜਾਰੀ ਕੀਤੀਆਂ ਹਨ। ਇਸ ‘ਚ ਉਨ੍ਹਾਂ ਨੂੰ ਧਾਰਮਿਕ ਸਭਾਵਾਂ 31 ਮਾਰਚ, 2020 ਤੱਕ ਮੁਲਤਵੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।

ਇਸ ਦੇ ਨਾਲ ਭਾਰਤ ਸਰਕਾਰ ਵੱਲੋਂ ਜਾਰੀ ਕੀਤੀ ਸਲਾਹ ਦੇ ਅਧਾਰ ‘ਤੇ ਮੈਰਿਜ ਪੈਲੇਸਾਂ ਵਿਖੇ ਕਰਵਾਏ ਜਾ ਰਹੇ ਵਿਆਹ ਸਮਾਰੋਹ ‘ਚ ਇਕੱਤਰ ਹੋਣ ‘ਤੇ ਵੀ ਰੋਕ ਲਗਾਉਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਡੀਸੀ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਮੈਰਿਜ ਪੈਲੇਸਾਂ ਵਿੱਚ ਜਾਂ ਕਿਸੇ ਵੀ ਸਮਾਰੋਹ ਵਿੱਚ 50 ਵਿਅਕਤੀਆਂ ਤੋਂ ਵੱਧ ਇਕੱਠ ਨਾ ਹੋ ਸਕੇ।

ਇਸੇ ਤਰ੍ਹਾਂ ਡੀਸੀ ਇਹ ਵੀ ਸੁਨਿਸ਼ਚਿਤ ਕਰਨਗੇ ਕਿ ਸਾਰੇ ਰੈਸਟੋਰੈਂਟਾਂ, ਹੋਟਲਜ਼, ਢਾਬੇ ਅਤੇ ਫੂਡ ਕੋਰਟ ਆਪਣੇ-ਆਪਣੇ ਖੇਤਰਾਂ ਵਿੱਚ ਹੈਂਡ ਵਾਸ਼ਿੰਗ ਪ੍ਰੋਟੋਕੋਲ ਲਾਗੂ ਕਰ ਰਹੇ ਹੋਣ ਅਤੇ ਅਕਸਰ ਛੂਹਣ ਵਾਲੀਆਂ ਸਤਹਾਂ ਦੀ ਢੁਕਵੀਂ ਸਫਾਈ ਤੋਂ ਇਲਾਵਾ ਵਿਅਕਤੀਆਂ ਅਤੇ ਟੇਬਲਾਂ ਵਿਚਕਾਰ 1 ਮੀਟਰ ਦੀ ਦੂਰੀ ਤੈਅ ਕਰਨ ਨੂੰ ਯਕੀਨੀ ਬਣਾਇਆ ਜਾਵੇ।

ਸਾਰੇ ਸ਼ਾਪਿੰਗ ਕੰਪਲੈਕਸ ਅਤੇ ਮਾਲ, ਸਿਨੇਮਾ 31 ਮਾਰਚ ਤੱਕ ਸੂਬੇ ਵਿੱਚ ਬੰਦ ਰਹਿਣਗੇ ਪਰ ਮਾਲਜ਼ ਵਿੱਚ ਕੈਮਿਸਟਾਂ ਅਤੇ ਕਰਿਆਨੇ ਦੀਆਂ ਦੁਕਾਨਾਂ ਨੂੰ ਬੰਦ ਹੋਣ ਤੋਂ ਛੋਟ ਦਿੱਤੀ ਗਈ ਹੈ। ਇਸੇ ਤਰ੍ਹਾਂ ਰਾਜ ਦੀਆਂ ਸਾਰੀਆਂ ਸਥਾਨਕ ਹਫਤਾਵਾਰੀ ਕਿਸਾਨ ਮੰਡੀਆਂ ਨੂੰ ਬੰਦ ਕਰ ਦਿੱਤਾ ਗਿਆ ਹੈ।

ਜੀਓਐਮ ਨੇ ਸਕੂਲ ਸਿੱਖਿਆ ਵਿਭਾਗ ਅਤੇ ਹੋਰ ਨਿੱਜੀ ਵਿਦਿਅਕ ਸੰਸਥਾਵਾਂ ਦੇ ਪ੍ਰਬੰਧਕੀ ਅਦਾਰਿਆਂ ਨੂੰ ਵੀ ਪ੍ਰੀਖਿਆਵਾਂ ਮੁਲਤਵੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਜੇ ਇਮਤਿਹਾਨਾਂ ਕਰਵਾਉਣ ਦੀ ਸਖ਼ਤ ਜ਼ਰੂਰਤ ਹੈ, ਤਾਂ ਵਿਸ਼ੇਸ਼ ਸੰਸਥਾ ਅਤੇ ਸਕੂਲ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਿਤ ਕਰਨਗੇ ਤੇ ਇਹ ਵੀ ਯਕੀਨੀ ਬਣਾਉਣਗੇ ਕਿ ਦੋ ਵਿਦਿਆਰਥੀਆਂ ਵਿਚਕਾਰ ਇੱਕ ਮੀਟਰ ਦੀ ਦੂਰੀ ਬਣਾਈ ਰੱਖੀ ਜਾਵੇ।

NO COMMENTS