ਚੰਡੀਗੜ੍ਹ 12 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਪੰਜਾਬ ਸਰਕਾਰ ਹੋਰ ਸਖਤ ਹੋ ਗਈ ਹੈ। ਹੁਣ ਦਸੰਬਰ ‘ਚ ਸਰਕਾਰੀ ਵਿਭਾਗਾਂ ਦੇ ਕਰਮਚਾਰੀ, ਖੇਡ ਕੋਚ ਵੀ ਚਲਾਨ ਕੱਟ ਸਕਣਗੇ। ਇਨ੍ਹਾਂ ਦੇ ਨਾਲ ਪੁਲਿਸ ਟੀਮ ਵੀ ਮੌਜੂਦ ਰਹੇਗੀ। ਪੁਲਿਸ ਅਧਿਕਾਰੀਆਂ ਦੇ ਨਾਲ ਮੀਟਿੰਗ ਤੋਂ ਬਾਅਦ ਨਵੀਂ ਵਿਵਸਥਾ ਲਾਗੂ ਕੀਤੀ ਜਾਵੇਗੀ। ਮਾਸਕ ਨਾ ਪਹਿਣਨ, ਸੋਸ਼ਲ ਡਿਸਟੈਂਸ ਦੀ ਪਾਲਣਾ ਨਾ ਕਰਨ, ਜਨਤਕ ਸਥਾਨਾਂ ‘ਤੇ ਥੁੱਕਣ ਆਦਿ ਦੇ ਚਲਾਨ ਕੱਟਣ ਦਾ ਅਧਿਕਾਰ ਸੁਪਰਟੈਂਡੈਂਟ, ਕਲਰਕ, ਖੇਡ ਕੋਚਾਂ ਸਮੇਤ ਕਈ ਕਰਮਚਾਰੀਆਂ ਨੂੰ ਦਿੱਤਾ ਗਿਆ ਹੈ। ਅਜੇ ਤਕ ਪੁਲਿਸ ਤੇ ਸਿਹਤ ਵਿਭਾਗ ਦੇ ਅਧਿਕਾਰੀ ਹੀ ਚਲਾਨ ਕੱਟਦੇ ਸਨ।
ਇਸ ਸਬੰਧੀ ਸਿਹਤ ਤੇ ਸਥਾਨਕ ਵਿਭਾਗ ਦੀ ਮੀਟਿੰਗ ਹੋ ਚੁੱਕੀ ਹੈ। ਹੁਣ ਦਰਜਾ-2 ਅਧਿਕਾਰੀ ਵੀ ਕੋਰੋਨਾ ਪ੍ਰੋਟੋਕੋਲ ਦਾ ਪਾਲਣ ਨਾ ਕਰਨ ਵਾਲਿਆਂ ਦੇ ਚਲਾਨ ਕੱਟ ਸਕਣਗੇ। ਵਿਭਾਗ ਨੇ ਜੁਰਮਾਨਾ ਰਾਸ਼ੀ ਵਧਾਉਣ ਦਾ ਵੀ ਸੁਝਾਅ ਦਿੱਤਾ ਹੈ। ਸਰਕਾਰ ਦੀ ਚਿੰਤਾ ਇਸ ਲਈ ਵੀ ਵਧ ਗਈ ਹੈ ਕਿਉਂਕਿ ਸੂਬੇ ‘ਚ ਲਗਾਤਾਰ ਤੀਜੇ ਦਿਨ ਵੀ ਕੋਰੋਨਾ ਨਾਲ ਮਰਨ ਵਾਲਿਆਂ ਦੀ ਸੰਖਿਆਂ ਮੁੜ 20 ਤੋਂ ਜ਼ਿਆਦਾ ਹੋ ਗਈ ਹੈ। 25 ਨਵੀਆਂ ਮੌਤਾਂ ਦੇ ਨਾਲ ਕੁੱਲ ਮ੍ਰਿਤਕਾਂ ਦਾ ਅੰਕੜਾ 4,396 ਹੋ ਗਿਆ ਹੈ। ਬੁੱਧਵਾਰ ਇਕ ਦਿਨ ‘ਚ 644 ਨਵੇਂ ਪੌਜ਼ੇਟਿਵ ਮਰੀਜ਼ ਆਏ ਹਨ। ਸੂਬੇ ‘ਚ ਕੁੱਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਸੰਖਿਆਂ 1,29,549 ਹੋ ਗਈ ਹੈ।
ਮੰਨਿਆ ਜਾ ਰਿਹਾ ਕਿ ਇਸ ਫੈਸਲੇ ਨਾਲ ਲਾਪਰਵਾਹੀ ਵਰਤਣ ਵਾਲੇ ਲੋਕ ਕੋਰੋਨਾ ਤੋਂ ਬਚਾਅ ਦੇ ਨਿਯਮਾਂ ਦੀ ਪਾਲਣਾ ਕਰਨਗੇ ਤੇ ਦੂਜਾ ਚਲਾਨ ਰਾਸ਼ੀ ਦੇ ਰੂਪ ‘ਚ ਸਰਕਾਰ ਦੇ ਖਜ਼ਾਨੇ ‘ਚ ਕਰੋੜਾਂ ਰੁਪਏ ਵੀ ਜਮ੍ਹਾ ਹੋਣਗੇ। ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਇਹ ਯੋਜਨਾ ਲਾਗੂ ਕਰ ਦਿੱਤੀ ਜਾਵੇਗੀ।