*ਕੈਪਟਨ ਨੇ ਦਿੱਤੀ ਸੁਨੀਲ ਜਾਖੜ ਨੂੰ ਵਧਾਈ, ਬੋਲੇ ਇਮਾਨਦਾਰ ਤੇ ਨੇਕ ਨੇਤਾ ਹੁਣ ਕਾਂਗਰਸ ‘ਚ ਸਾਹ ਨਹੀਂ ਲੈ ਸਕਦੇ*

0
68

ਚੰਡੀਗੜ੍ਹ 19,ਮਈ (ਸਾਰਾ ਯਹਾਂ/ਬਿਊਰੋ ਨਿਊਜ਼) : ਸੁਨੀਲ ਜਾਖੜ ਦੇ ਬੀਜੇਪੀ ‘ਚ ਸ਼ਾਮਲ ਹੋਣ ਮਗਰੋਂ ਸਿਆਸੀ ਹੱਲ ਚੱਲ ਤੇਜ਼ ਹੋ ਗਈ ਹੈ।ਵੱਖ-ਵੱਖ ਪਾਰਟੀਆਂ ਜਾਖੜ ਦੇ ਇਸ ਕਦਮ ‘ਤੇ ਬਿਆਨਬਾਜ਼ੀ ਕਰ ਰਹੀਆਂ ਹਨ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਹੁਣ ਸੁਨੀਲ ਜਾਖੜ ਦੇ ਕਾਂਗਰਸ ਛੱਡ ਬੀਜੇਪੀ ‘ਚ ਜਾਣ ‘ਤੇ ਵਧਾਈ ਦਿੱਤੀ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, “ਸਹੀ ਪਾਰਟੀ ਵਿੱਚ ਸਹੀ ਆਦਮੀ! ਸੁਨੀਲ ਜਾਖੜ ਜੀ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋਣ ‘ਤੇ ਵਧਾਈ। ਉਨ੍ਹਾਂ ਵਰਗੇ ਇਮਾਨਦਾਰ ਅਤੇ ਨੇਕ ਨੇਤਾ ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਹੁਣ ਸਾਹ ਨਹੀਂ ਲੈ ਸਕਦੇ।ਪੰਜਾਬ ਵਿੱਚ ਕਾਂਗਰਸ ਦਾ ਹੁਣ ਮੁਕੰਮਲ ਪਤਨ ਹੋ ਚੁੱਕਾ ਹੈ।”

ਸਾਬਕਾ ਮੁੱਖ ਮੰਤਰੀ ਨੇ ਕਿਹਾ, “ਇੱਕ ਸਾਲ ਤੋਂ ਵੀ ਘੱਟ ਸਮਾਂ ਪਹਿਲਾਂ ਮੈਂ ਮੁੱਖ ਮੰਤਰੀ ਸੀ, ਸੁਨੀਲ ਪ੍ਰਦੇਸ਼ ਕਾਂਗਰਸ ਪ੍ਰਧਾਨ ਸੀ ਅਤੇ ਸਭ ਕੁਝ ਵਧੀਆ ਚੱਲ ਰਿਹਾ ਸੀ। ਇੱਕ ਗਲਤ ਕਦਮ ਅਤੇ ਚੀਜ਼ਾਂ ਢਹਿ-ਢੇਰੀ ਹੋਣ ਲੱਗ ਗਈਆਂ ਅਤੇ ਹੁਣ ਪੂਰਨ ਤਬਾਹੀ ਵੱਲ ਜਾ ਰਹੀਆਂ ਹਨ।ਪਾਰਟੀ ਦੇ ਡੁੱਬਦੇ ਜਹਾਜ਼ ਨੂੰ ਛੱਡਣ ਦਾ ਨੇਤਾਵਾਂ ਦਾ ਸਿਲਸਿਲਾ ਜਾਰੀ ਰਹੇਗਾ।”

ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਉਨ੍ਹਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ। ਕਾਂਗਰਸ ਨਾਲ ਮੱਤਭੇਦਾਂ ਮਗਰੋਂ ਜਾਖੜ ਨੇ ਕਾਂਗਰਸ ਛੱਡ ਦਿੱਤੀ ਸੀ। ਸੂਤਰਾਂ ਮੁਤਾਬਕ ਸੁਮੀਲ ਜਾਖੜ ਦੇ ਭਾਜਪਾ ‘ਚ ਸ਼ਾਮਲ ਹੋਣ ਦਾ ਫੈਸਲਾ ਕੱਲ੍ਹ ਹੀ ਲੈ ਲਿਆ ਗਿਆ ਸੀ। ਕਾਂਗਰਸ ਨੂੰ ਅਲਵਿਦਾ ਕਹਿਣ ਵਾਲੇ ਜਾਖੜ ਨੇ ਬੁੱਧਵਾਰ ਨੂੰ ਦਿੱਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ। ਜਾਖੜ ਇਨ੍ਹੀਂ ਦਿਨੀਂ ਦਿੱਲੀ ‘ਚ ਹਨ। ਉਨ੍ਹਾਂ ਦੇ ਬੀਜੇਪੀ ਵਿੱਚ ਜਾਣ ਦੀ ਕਾਫੀ ਦਿਨਾਂ ਤੋਂ ਚਰਚਾ ਸੀ।

ਸੂਤਰਾਂ ਮੁਤਾਬਕ ਭਾਜਪਾ ਜਾਖੜ ਨੂੰ ਰਾਜ ਸਭਾ ‘ਚ ਵੀ ਭੇਜ ਸਕਦੀ ਹੈ। ਇਸ ਦੇ ਨਾਲ ਹੀ ਭਾਜਪਾ ਜਾਖੜ ਹੱਥ ਪੰਜਾਬ ਦੀ ਵਾਗਡੋਰ ਦੇ ਸਕਦੀ ਹੈ। ਸੂਤਰਾਂ ਦੀ ਮੰਨੀਏ ਤਾਂ ਲੰਬੇ ਸਮੇਂ ਤੋਂ ਸੂਬੇ ਦੀ ਰਾਜਨੀਤੀ ਕਰ ਰਹੇ ਜਾਖੜ ਹੁਣ ਰਾਸ਼ਟਰੀ ਰਾਜਨੀਤੀ ਵਿੱਚ ਆਪਣਾ ਹੱਥ ਅਜ਼ਮਾਉਣਾ ਚਾਹੁੰਦੇ ਹਨ।

ਦਰਅਸਲ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਸੁਨੀਲ ਜਾਖੜ ਕਾਂਗਰਸ ਤੋਂ ਨਾਰਾਜ਼ ਚੱਲ ਰਹੇ ਸਨ। ਉਨ੍ਹਾਂ ਕਈ ਵਾਰ ਇਸ ਗੱਲ ਦਾ ਸੰਕੇਤ ਵੀ ਦਿੱਤਾ ਸੀ ਪਰ ਆਖਰਕਾਰ 14 ਮਈ ਨੂੰ ਜਾਖੜ ਨੇ ਪਾਰਟੀ ਨੂੰ ਖਰੀਆਂ-ਖਰੀਆਂ ਸੁਣਾਉਂਦਿਆਂ ਕਾਂਗਰਸ ਨੂੰ ਅਲਵਿਦਾ ਕਹਿ ਦਿੱਤਾ।

ਸੁਨੀਲ ਜਾਖੜ ਨੇ 14 ਮਈ ਨੂੰ ਕਾਂਗਰਸ ਨੂੰ ਅਲਵਿਦਾ ਕਹਿੰਦਿਆਂ ਦਿਲ ਦੀ ਗੱਲ ਲੋਕਾਂ ਨਾਲ ਸਾਂਝੀ ਕੀਤੀ ਸੀ। ਇਸ ਦੌਰਾਨ ਜਾਖੜ ਨੇ ਕਾਂਗਰਸ ਦੇ ਸੀਨੀਅਰ ਲੀਡਰਾਂ ਉੱਪਰ ਕਈ ਸਵਾਲ ਉਠਾਏ ਸੀ। ਰਾਜਸਥਾਨ ਦੇ ਉਦੈਪੁਰ ‘ਚ ਕਾਂਗਰਸ ਦੇ ਚਿੰਤਨ ਸ਼ਿਵਿਰ ਦੇ ਵਿਚਕਾਰ ਸੁਨੀਲ ਜਾਖੜ ਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਸੀ। 

NO COMMENTS