Captain vs Sidhu 18,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ): ਪੰਜਾਬ ਕਾਂਗਰਸ ‘ਚ ਜਾਰੀ ਕਲੇਸ਼ ਦਾ ਅੰਤ ਹੁੰਦਾ ਦਿਖਾਈ ਨਹੀਂ ਦੇ ਰਿਹਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਇਕ ਦੂਜੇ ਨੂੰ ਮਾਤ ਦੇਣ ਲਈ ਹਰ ਕੋਸ਼ਿਸ਼ ਕਰ ਰਹੇ ਹਨ। ਸਿੱਧੂ ਸੀਐਮ ਦੇ ਗੜ੍ਹ ਪਟਿਆਲਾ ਪਹੁੰਚ ਗਏ। ਸਿੱਧੂ ਵਿਧਾਇਕ ਮਦਨ ਲਾਲ ਦੇ ਘਰ ਜਾਕੇ ਉਨ੍ਹਾਂ ਨੂੰ ਮਿਲੇ। ਇੱਥੇ ਸਿੱਧੂ ਦਾ ਜ਼ੋਰਦਾਰ ਸੁਆਗਤ ਹੋਇਆ। ਦੂਜੇ ਪਾਸੇ ਦਿੱਲੀ ‘ਚ ਕਾਂਗਰਸ ਸਾਂਸਦ ਪ੍ਰਤਾਪ ਸਿੰਘ ਬਾਜਵਾ ਦੇ ਘਰ ਪੰਜਾਬ ਕਾਂਗਰਸ ਸਾਂਸਦਾ ਦੀ ਬੈਠਕ ਹਈ।
ਇਨ੍ਹਾਂ ਸਭ ਦੇ ਵਿਚ ਕੈਪਟਨ ਕੈਂਪ ਦੇ ਪੰਜਾਬ ਕਾਂਗਰਸ ਸੰਸਦ ਮੈਂਬਰਾਂ ਨੇ ਸਿੱਧੂ ਨੂੰ ਜੋਕਰ ਦੱਸਦਿਆਂ ਉਨ੍ਹਾਂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਾ ਬਣਾਏ ਜਾਣ ਦੀ ਮੰਗ ਕੀਤੀ। ਪ੍ਰਤਾਪ ਸਿੰਘ ਬਾਜਵਾ ਨੇ ਏਬੀਪੀ ਨਿਊਜ਼ ਨੂੰ ਗੱਲਬਾਤ ‘ਚ ਕਿਹਾ ਕਿ ਅਸੀਂ ਹਮੇਸ਼ਾਂ ਹੀ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦਾ ਫੈਸਲਾ ਮੰਨਿਆ ਹੈ। ਅਜੇ ਤਕ ਤਾਂ ਕੋਈ ਫੈਸਲਾ ਹੀ ਨਹੀਂ ਆਇਆ। ਜਦੋਂ ਫੈਸਲਾ ਹੋਵੇਗਾ ਉਸ ਤੋਂ ਬਾਅਦ ਸੁਆਲ ਪੁੱਛਿਆ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਵੀ ਹਰੀਸ਼ ਰਾਵਤ ਨੂੰ ਇਹ ਗੱਲ ਕਹੀ ਹੈ ਕਿ ਕਾਂਗਰਸ ਪ੍ਰਧਾਨ ਦਾ ਫੈਸਲਾ ਹੀ ਅੰਤਿਮ ਹੋਵੇਗਾ।
ਬਾਜਵਾ ਨੇ ਕਿਹਾ ਕਿ ਪੰਜਾਬ ‘ਚ ਕੋਈ ਦੋ ਧੜੇ ਨਹੀਂ ਹਨ। ਕੈਪਟਨ ਅਮਰਿੰਦਰ ਸਿੰਘ ਨੂੰ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੇ ਮੁੱਖ ਮੰਤਰੀ ਬਣਾਇਆ ਹੈ। ਜੋ ਵੀ ਪੰਜਾਬ ਕਾਂਗਰਸ ਦਾ ਮੁਖੀ ਬਣੇਗਾ ਉਹ ਇਨਾਂ ਦੇ ਫੈਸਲੇ ਨਾਲ ਬਣੇਗਾ। ਪੂਰੀ ਕਾਂਗਰਸ ਪਾਰਟੀ ਹਮੇਸ਼ਾਂ ਇਕੱਠੀ ਰਹੀ ਹੈ ਤੇ ਇਕੱਠੀ ਰਹੇਗੀ। ਅਗਲੇ ਸਾਲ ਇਕੱਠੇ ਹੋਕੇ ਅਸੀਂ ਚੋਣ ਲੜਾਂਗੇ ਤੇ ਜਿੱਤਾਂਗੇ। ਜੋ ਵੀ ਮੁਖੀ ਬਣੇਗਾ ਉਹ ਸੀਐਮ ਦੇ ਨਾਲ ਮਿਲ ਕੇ ਕੰਮ ਕਰੇਗਾ। ਇਕੱਠੇ ਕੰਮ ਕਰਦੇ ਹਨ ਤਾਂ ਥੋੜਾ ਮਨਮੁਟਾਵ ਹੁੰਦਾ ਹੈ।
ਤੁਸੀਂ ਕੈਪਟਨ ਅਮਰਿੰਦਰ ਸਿੰਘ ਦੇ ਸਮਰਥਨ ‘ਚ ਹੋ ਜਾਂ ਨਵਜੋਤ ਸਿੱਧੂ ਦੇ ਸਮਰਥਨ ‘ਚ ਹੋ, ਇਸ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ, ‘ਅਸੀਂ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੇ ਸਮਰਥਨ ‘ਚ ਹਾਂ। ਜਿੰਨ੍ਹਾਂ ਦੇ ਸਿਰ ‘ਤੇ ਉਨ੍ਹਾਂ ਦਾ ਹੱਥ ਹੋਵੇਗਾ ਅਸੀਂ ਉਸ ਦੇ ਨਾਲ ਹਾਂ।’ ਕੱਲ੍ਹ ਪੰਜਾਬ ਕਾਂਗਰਸ ਦੇ ਮੁਖੀ ਸੁਨੀਲ ਜਾਖੜ ਨੇ ਸਾਰੇ ਵਿਧਾਇਕਾਂ ਤੇ ਜ਼ਿਲ੍ਹਾ ਮੁਖੀਆ ਦੀ ਬੈਠਕ ਬੁਲਾਈ ਹੈ। ਸੂਤਰਾਂ ਮੁਤਾਬਕ ਇਸ ਬੈਠਕ ਦਾ ਮਕਸਦ ਸਿੱਧੂ ਦੇ ਪੱਖ ‘ਚ ਮਾਹੌਲ ਬਣਾਉਣਾ ਹੈ।