*ਕੈਪਟਨ ਦੀ ਨਵੀਂ ਸਿਆਸੀ ਪਾਰੀ, ਚੰਡੀਗੜ੍ਹ ‘ਚ ਖੋਲ੍ਹਿਆ ਮੁੱਖ ਦਫਤਰ*

0
7

ਚੰਡੀਗੜ੍ਹ 05,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਨਵੀਂ ਸਿਆਸੀ ਪਾਰੀ ਸ਼ੁਰੂ ਕਰ ਦਿੱਤੀ ਹੈ। ਅੱਜ ਉਨ੍ਹਾਂ ਦੀ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਦੇ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਹੈ। ਉਨ੍ਹਾਂ ਨੇ ਚੰਡੀਗੜ੍ਹ ਦੇ ਸੈਕਟਰ 9 ਡੀ ਵਿੱਚ ਪਾਰਟੀ ਦਾ ਮੁੱਖ ਦਫ਼ਤਰ ਬਣਾਇਆ ਹੈ। ਇੱਥੋਂ ਹੀ 2022 ਵਿੱਚ ਹੋਣ ਵਾਲੀਆਂ ਪੰਜਾਬ ਚੋਣਾਂ ਲਈ ਸਿਆਸੀ ਰਣਨੀਤੀ ਬਣਾਈ ਜਾਵੇਗੀ।


ਇਸ ਦੌਰਾਨ ਸਭ ਤੋਂ ਅਹਿਮ ਗੱਲ ਇਹ ਹੋਏਗੀ ਕਿ ਹੁਣ ਕੈਪਟਨ ਨਾਲ ਕਾਂਗਰਸ ਵਿੱਚੋਂ ਕਿਹੜੇ ਲੀਡਰ ਜਾਣਗੇ। ਉਨ੍ਹਾਂ ਦੀ ਸੰਸਦ ਮੈਂਬਰ ਪਤਨੀ ਪ੍ਰਨੀਤ ਕੌਰ ਤੇ ਕਾਂਗਰਸੀ ਉਨ੍ਹਾਂ ਦਾ ਸਾਥ ਦਿੰਦੇ ਹਨ ਜਾਂ ਨਹੀਂ, ਇਸ ਉੱਪਰ ਸਭ ਦੀ ਨਜ਼ਰ ਹੋਵੇਗੀ। ਹਾਲਾਂਕਿ ਕੈਪਟਨ ਨੇ ਕਿਹਾ ਹੈ ਕਿ ਪੰਜਾਬ ਚੋਣਾਂ ਲਈ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਕਾਂਗਰਸੀ ਉਨ੍ਹਾਂ ਦੀ ਪਾਰਟੀ ਵਿੱਚ ਸ਼ਾਮਲ ਹੋਣਗੇ।

ਉਧਰ, ਕੈਪਟਨ ਦੇ ਹੱਕ ਵਿੱਚ ਅੱਜ ਇੱਕ ਹੋਰ ਅਸਤੀਫ਼ਾ ਦਿੱਤਾ ਗਿਆ ਹੈ। ਕਾਂਗਰਸੀ ਲੀਡਰ ਪ੍ਰਿਤਪਾਲ ਸਿੰਘ ਬਲੀਏਵਾਲ ਨੇ ਸੋਨੀਆ ਗਾਂਧੀ ਨੂੰ ਅਸਤੀਫ਼ਾ ਭੇਜਿਆ ਹੈ। ਉਹ ਕਾਂਗਰਸ ਦੇ ਕੌਮੀ ਕੋਆਰਡੀਨੇਟਰ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਕਿਸਾਨ ਕਾਂਗਰਸ ਦੇ ਇੰਚਾਰਜ ਦੀਆਂ ਜ਼ਿੰਮੇਵਾਰੀਆਂ ਦੇ ਨਾਲ-ਨਾਲ ਪੰਜਾਬ ਕਾਂਗਰਸ ਦੇ ਸੀਨੀਅਰ ਮੀਡੀਆ ਪੈਨਲਿਸਟ ਦੀ ਜ਼ਿੰਮੇਵਾਰੀ ਨਿਭਾਅ ਰਹੇ ਸੀ।

ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀਆਂ 117 ਵਿਭਾਨ ਸਭਾ ਸੀਟਾਂ ‘ਤੇ ਬੀਜੇਪੀ ਤੇ ਢੀਂਡਸਾ ਧੜੇ ਨਾਲ ਮਿਲ ਕੇ ਚੋਣਾਂ ਲੜਨਗੇ। ਇਸ ਲਈ ਕੈਪਟਨ ਅਗਲੇ 2-3 ਦਿਨਾਂ ‘ਚ ਦਿੱਲੀ ਜਾਣਗੇ। ਉੱਥੇ ਉਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨਾਲ ਮੁਲਾਕਾਤ ਕਰਨਗੇ। ਇਸ ਤੋਂ ਇਲਾਵਾ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ (ਯੂਨਾਈਟਿਡ) ਨਾਲ ਵੀ ਸੀਟਾਂ ਦੀ ਵੰਡ ਹੋਵੇਗੀ।

NO COMMENTS