*ਕੈਪਟਨ ਦੀ ਕੁਰਸੀ ਰਹੇਗੀ ਬਰਕਰਾਰ! ਨਵਜੋਤ ਸਿੱਧੂ ਤੇ ਬਾਗੀ ਵਿਧਾਇਕਾਂ ਨੂੰ ਮਿਲੇਗੀ ‘ਵੱਡੀ’ ਜ਼ਿੰਮੇਵਾਰੀ*

0
178

ਚੰਡੀਗੜ੍ਹ  03,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): ਪੰਜਾਬ ਕਾਂਗਰਸ ਵਿੱਚ ਬਗਾਵਤ ਦੇ ਬਾਵਜੂਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਬਰਕਰਾਰ ਰਹੇਗੀ। ਕੈਪਟਨ ਤੇ ਬਾਗੀ ਧੜੇ ਵਿਚਾਲੇ ਸੰਤੁਲਨ ਬਣਾਉਣ ਲਈ ਨਵਜੋਤ ਸਿੱਧੂ ਨੂੰ ਸਰਕਾਰ ਜਾਂ ਪਾਰਟੀ ਅੰਦਰ ਵੱਡੀ ਜ਼ਿੰਮੇਵਾਰੀ ਦਿੱਤੀ ਜਾਵੇਗੀ। ਇਸ ਬਾਰੇ ਫੈਸਲਾ ਅੱਜ ਹਾਈਕਮਾਨ ਨਾਲ ਕੈਪਟਨ ਦੀ ਮੀਟਿੰਗ ਦੌਰਾਨ ਹੋ ਸਕਦਾ ਹੈ।

ਦਰਅਸਲ ਨਵਜੋਤ ਸਿੱਧੂ ਤੇ ਪਰਗਟ ਸਿੰਘ ਦੀ ਖੁੱਲ੍ਹੀ ਬਗ਼ਾਵਤ ਤੋਂ ਇਲਾਵਾ ਦੋ ਮੰਤਰੀਆਂ ਤੇ ਦੋ ਸੰਸਦ ਮੈਂਬਰਾਂ ਦੀ ਨਾਰਾਜ਼ਗੀ ਨੇ ਪੰਜਾਬ ਕਾਂਗਰਸ ਅੰਦਰ ਨਵੇਂ ਹਾਲਾਤ ਪੈਦਾ ਕਰ ਦਿੱਤੇ ਹਨ। ਇਨ੍ਹਾਂ ਲੀਡਰਾਂ ਦੀਆਂ ਲਗਾਤਾਰ ਸ਼ਿਕਾਇਤਾਂ ਦਾ ਨਤੀਜਾ ਇਹ ਹੈ ਕਿ ਹਾਈਕਮਾਨ ਨੂੰ ਪਾਰਟੀ ਲੀਡਰਸ਼ਿਪ ਦੀ ਕਮੇਟੀ ਬਣਾ ਕੇ ਰਾਇਸ਼ੁਮਾਰੀ ਕਰਵਾਉਣੀ ਪਈ ਹੈ। ਇਸ ਰਾਇਸ਼ੁਮਾਰੀ ’ਚ ਕੈਪਟਨ ਵਿਰੁੱਧ ਵੱਡੀ ਗਿਣਤੀ ’ਚ ਵਿਧਾਇਕਾਂ ਦੀ ਨਾਰਾਜ਼ਗੀ ਸਾਹਮਣੇ ਆਈ ਹੈ।

ਅਜਿਹੇ ਹਾਲਾਤ ਵਿੱਚ ਕੇਂਦਰੀ ਲੀਡਰਸ਼ਿਪ ਹੁਣ ਸੱਤਾ ਦਾ ਸੰਤੁਲਨ ਬਿਠਾਉਣ ਲਈ ਜ਼ਮੀਨ ਤਿਆਰ ਕਰ ਰਹੀ ਹੈ। ਇਹ ਤੈਅ ਹੈ ਕਿ ਜੇ ਸਿੱਧੂ ਨੂੰ ਦੁਬਾਰਾ ਸਰਕਾਰ ’ਚ ਸ਼ਾਮਲ ਕਰਨ ਉੱਤੇ ਗੱਲ ਨਹੀਂ ਬਣਦੀ, ਤਾਂ ਉਨ੍ਹਾਂ ਨੂੰ ਸੂਬਾ ਕਾਂਗਰਸ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਜਾਂ ਫਿਰ ਚੋਣਾਂ ਲਈ ਗਠਤ ਅਹਿਮ ਕਮੇਟੀ ਦਾ ਚੇਅਰਮੈਨ ਬਣਾ ਕੇ ਮੈਦਾਨ ’ਚ ਉਤਾਰਿਆ ਜਾ ਸਕਦਾ ਹੈ। ਕੁਝ ਹੋਰ ਸੀਨੀਅਰ ਵਿਧਾਇਕਾਂ ਨੂੰ ਵੀ ਸਰਕਾਰ ਵਿੱਚ ਮੰਤਰੀ ਬਣਾਇਆ ਜਾ ਸਕਦਾ ਹੈ। ਇਸ ਨਾਲ ਬਾਗੀ ਧੜੇ ਦੀ ਤਾਕਤ ਵਧੇਗੀ।

ਚਰਚਾ ਸੀ ਕਿ ਇਸ ਮਾਹੌਲ ਵਿੱਚ ਕੈਪਟਨ ਦੀ ਕੁਰਸੀ ਦੇ ਪਾਵੇ ਹਿੱਲ ਸਕਦੇ ਹਨ ਪਰ ਫ਼ਿਲਹਾਲ ਅਮਰਿੰਦਰ ਦੇ ਹੀ ਕੈਪਟਨ ਬਣੇ ਰਹਿਣ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ। ਰਾਜ ਵਿੱਚ ਪਾਰਟੀ ਅੰਦਰ ਚੱਲ ਰਹੇ ਮਤਭੇਦ ਨਿਬੇੜਨ ਲਈ ਗਠਤ ਉੱਚ ਪੱਧਰੀ ਕਮੇਟੀ ਨੂੰ ਵੀ ਤਿੰਨ ਦਿਨਾਂ ਦੀ ਕਵਾਇਦ ਤੋਂ ਬਾਅਦ ਹੁਣ ਇਹ ਅਹਿਸਾਸ ਹੋ ਗਿਆ ਹੈ। ਦਰਅਸਲ, ਪਾਰਟੀ ਦੇ ਅੱਧ ਤੋਂ ਵੱਧ ਵਿਧਾਇਕਾਂ ਨੇ ਕਮੇਟੀ ਸਾਹਮਣੇ ਮੁੱਖ ਮੰਤਰੀ ਦੀ ਕਾਰਜਪ੍ਰਣਾਲੀ ਤੇ ਸਾਰੇ ਮੁੱਦਿਆਂ ਨੂੰ ਲੈ ਕੇ ਵੱਡੀ ਨਾਰਾਜ਼ਗੀ ਵਿਖਾਈ ਪਰ ਜ਼ਿਆਦਾਤਰ ਚੋਣਾਂ ਤੋਂ ਪਹਿਲਾਂ ਫ਼ਿਲਹਾਲ ਕੈਪਟਨ ਨੂੰ ਹਟਾਉਣ ਦੇ ਹਮਾਇਤੀ ਵਿਖਾਈ ਨਹੀਂ ਦਿੱਤੇ।

ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਅੱਜ ਵੀਰਵਾਰ ਨੂੰ ਦਿੱਲੀ ਪੁੱਜ ਰਹੇ ਹਨ ਤੇ ਸ਼ੁੱਕਰਵਾਰ ਨੂੰ ਕਮੇਟੀ ਨਾਲ ਮੁਲਾਕਾਤ ਕਰ ਸਕਦੇ ਹਨ। ਅਨੁਮਾਨ ਲਾਏ ਜਾ ਰਹੇ ਹਨ ਕਿ ਕਮੇਟੀ ਨੂੰ ਮਿਲਣ ਤੋਂ ਪਹਿਲਾਂ ਉਹ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਵੀ ਮੁਲਾਕਾਤ ਕਰ ਸਕਦੇ ਹਨ।

ਕਾਂਗਰਸ ਹਾਈਕਮਾਨ ਵੱਲੋਂ ਗਠਤ ਕਮੇਟੀ ਵਿੱਚ ਮਲਿਕਾਰਜੁਨ ਖੜਗੇ, ਜੈਪ੍ਰਕਾਸ਼ ਅਗਰਵਾਲ ਅਤੇ ਹਰੀਸ਼ ਰਾਵਤ ਜਿਹੇ ਸੀਨੀਅਰ ਆਗੂ ਸ਼ਾਮਲ ਹਨ। ਇਸ ਉੱਚ ਪੱਧਰੀ ਕਮੇਟੀ ਨੇ ਬੁੱਧਵਾਰ ਨੂੰ ਤੀਜੇ ਦਿਨ ਵੀ ਦੇਰ ਰਾਤ ਤੱਕ ਪੰਜਾਬ ਦੇ ਵਿਧਾਇਕਾਂ, ਸੰਸਦ ਮੈਂਬਰਾਂ ਤੇ ਹੋਰ ਲੀਡਰਾਂ ਦੀ ਗੱਲ ਸੁਣੀ। ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਵੀ ਇਸ ਕਮੇਟੀ ਨੂੰ ਮਿਲਣ ਪੁੱਜੇ।

ਸੂਤਰਾਂ ਨੇ ਦੱਸਿਆ ਕਿ ਜ਼ਿਆਦਾਤਰ ਪਾਰਟੀ ਆਗੂਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਰਜਪ੍ਰਣਾਲੀ, ਵਿਵਹਾਰ ਤੇ ਕਾਂਗਰਸ ਪਾਰਟੀ ਵੱਲੋਂ ਕੀਤੇ ਵਾਅਦੇ ਪੂਰੇ ਨਾ ਕਰਨ ਨੂੰ ਲੈ ਕੇ ਸ਼ਿਕਾਇਤ ਕੀਤੀ ਹੈ ਪਰ ਇਹੋ ਆਗੂ ਇਸ ਵੇਲੇ ਕੈਪਟਨ ਨੂੰ ਬਦਲਣਾ ਵੀ ਨਹੀਂ ਚਾਹੁੰਦੇ।

NO COMMENTS