ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ 60 ਸਾਲ ਤੋਂ ਘੱਟ ਉਮਰ ਦੇ ਹਲਕੇ ਜਾਂ ਬਗੈਰ ਲੱਛਣਾਂ ਵਾਲੇ ਕੇਸਾਂ ਲਈ 10 ਜ਼ਿਲ੍ਹਿਆਂ ਵਿੱਚ ਕੋਵਿਡ ਕੇਅਰ ਸੈਂਟਰ ਖੋਲ੍ਹੇ

0
53

ਚੰਡੀਗੜ੍ਹ, 24 ਜੁਲਾਈ  (ਸਾਰਾ ਯਹਾ, ਬਲਜੀਤ ਸ਼ਰਮਾ)  ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਨੇ 60 ਸਾਲ ਤੋਂ ਘੱਟ ਉਮਰ ਦੇ ਹਲਕੇ ਜਾਂ ਬਗੈਰ ਲੱਛਣਾਂ ਵਾਲੇ ਕੇਸਾਂ ਲਈ ਕੋਵਿਡ ਦੇਖਭਾਲ ਦੀ ਸਮਰੱਥਾ ਵਧਾਉਂਦਿਆਂ ਸੂਬੇ ਦੇ 10 ਜ਼ਿਲ੍ਹਿਆਂ ਵਿੱਚ 7520 ਬਿਸਤਰਿਆਂ ਦੀ ਸਮਰੱਥਾ ਨਾਲ ਨਵੇਂ ਲੈਵਲ-1 ਕੋਵਿਡ ਕੇਅਰ ਸੈਂਟਰ ਸ਼ੁਰੂ ਕਰ ਦਿੱਤੇ ਹਨ। 100-100 ਬਿਸਤਿਰਆਂ ਦੀ ਸਮਰੱਥਾ ਵਾਲੇ ਅਜਿਹੇ ਕੇਂਦਰ ਬਾਕੀ 12 ਜ਼ਿਲ੍ਹਿਆਂ ਵਿੱਚ ਵੀ ਛੇਤੀ ਹੀ ਖੋਲ੍ਹੇ ਜਾਣਗੇ।
ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਮੁਤਾਬਕ 10 ਜ਼ਿਲ੍ਹਿਆਂ ਵਿੱਚ ਨਵੇਂ ਕੋਵਿਡ ਕੇਅਰ ਸੈਂਟਰ ਵੱਖ-ਵੱਖ ਬਿਸਤਰਿਆਂ ਦੀ ਸਮਰਥਾ ਨਾਲ ਚਾਲੂ ਕੀਤੇ ਜਾ ਚੁੱਕੇ ਹਨ। ਇਨ੍ਹਾਂ ਵਿੱਚ ਜਲੰਧਰ ‘ਚ 1000 ਬਿਸਤਰਿਆਂ ਦੀ ਸਮਰੱਥਾ ਹੈ, ਅੰਮ੍ਰਿਤਸਰ ਵਿੱਚ 1000, ਪਟਿਆਲਾ ਵਿੱਚ 470, ਬਠਿੰਡਾ ਵਿੱਚ 950, ਲੁਧਿਆਣਾ ਵਿੱਚ 1200, ਸੰਗਰੂਰ ਵਿੱਚ 800, ਐਸ.ਏ.ਐਸ. ਨਗਰ ਮੁਹਾਲੀ ਵਿੱਚ ਗਿਆਨ ਸਾਗਰ ਹਸਪਤਾਲ ਵਿਖੇ 500 ਬੈੱਡ ਅਤੇ ਚੰਡੀਗੜ੍ਹ ਯੂਨੀਵਰਸਿਟੀ ਵਿੱਚ 1000 ਬਿਸਤਰੇ, ਪਠਾਨਕੋਟ ਵਿੱਚ 400, ਫਾਜ਼ਿਲਕਾ ਵਿੱਚ 100 ਅਤੇ ਫਰੀਦਕੋਟ ਵਿੱਚ 100 ਬਿਸਤਿਰਆਂ ਦੀ ਸਮਰੱਥਾ ਹੈ।
7000 ਬਿਸਤਰਿਆਂ ਦੀ ਸਮਰੱਥਾ ਵਾਲੇ ਇਹ ਕੇਂਦਰ ਮੈਰੀਟੋਰੀਅਸ ਸਕੂਲਾਂ ਅਤੇ ਹੋਰ ਸੰਸਥਾਵਾਂ ਵਿੱਚ ਚਲਾਏ ਜਾ ਰਹੇ ਹਨ ਅਤੇ ਕੇਸ ਵਧਣ ਦੀ ਸੂਰਤ ਵਿੱਚ ਇਨ੍ਹਾਂ ਨੂੰ 28000 ਬੈੱਡਾਂ ਤੱਕ ਵਧਾਇਆ ਜਾ ਸਕਦਾ ਹੈ। ਇਨ੍ਹਾਂ ਕੇਂਦਰਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਚਲਾਇਆ ਜਾ ਰਿਹਾ ਹੈ ਅਤੇ ਇਨ੍ਹਾਂ ਵਿੱਚ ਬਿਨਾਂ ਕਿਸੇ ਲੱਛਣ ਅਤੇ ਸ਼ੂਗਰ ਤੇ ਹਾਈਪਰਟੈਂਸ਼ਨ ਵਰਗੀਆਂ ਕਰੌਨਿਕ ਬਿਮਾਰੀਆਂ ਜਿਹੇ ਸਹਿ-ਰੋਗ ਤੋਂ ਬਿਨਾਂ ਵਾਲੇ ਪਾਜ਼ੇਟਿਵ ਮਰੀਜ਼ਾਂ ਨੂੰ ਅਲਹਿਦਗੀ ਵਿੱਚ ਰੱਖਣ ਲਈ ਵਰਤਿਆ ਜਾ ਰਿਹਾ ਹੈ।
ਇਨ੍ਹਾਂ ਕੇਂਦਰਾਂ ਵਿੱਚ ਢੁਕਵੀਂ ਸਫਾਈ ਅਤੇ ਸੁਰੱਖਿਆ ਸੁਵਿਧਾਵਾਂ ਦੇ ਨਾਲ-ਨਾਲ ਵਧੀਆ ਬੈੱਡ ਹਨ ਜਿਨ੍ਹਾਂ ਦੀ ਨਿਗਰਾਨੀ ਡਾਕਟਰਾਂ, ਨਰਸਾਂ, ਫਾਰਮਾਸਿਸਟਾਂ, ਸਿਹਤ ਪ੍ਰਸ਼ਾਸਕਾਂ ਅਤੇ ਕੌਂਸਲਰਾਂ ਵੱਲੋਂ ਦਿਨ-ਰਾਤ ਕੀਤੀ ਜਾ ਰਹੀ ਹੈ। ਇੱਥੇ ਆਕਸੀਜ਼ਨ, ਈ.ਸੀ.ਜੀ., ਮੈਡੀਕਲ ਸਪਲਾਈ ਆਦਿ ਵਰਗੀਆਂ ਲੋੜੀਂਦੀਆਂ ਸਾਰੀਆਂ ਹੰਗਾਮੀ ਸੇਵਾਵਾਂ ਮੌਜੂਦ ਹਨ।
ਇਨ੍ਹਾਂ ਕੇਂਦਰਾਂ ਵਿੱਚ ਦਾਖਲ ਮਰੀਜ਼ਾਂ ਨੂੰ ਦਿਨ ਵਿੱਚ ਤਿੰਨ ਵਾਰ ਖਾਣਾ ਦੇਣ ਤੋਂ ਇਲਾਵਾ ਦੋ ਵਾਰ ਚਾਹ ਦਿੱਤੀ ਜਾ ਰਹੀ ਹੈ। ਇਨ੍ਹਾਂ ਮਰੀਜ਼ਾਂ ਦੀ ਦਿਨ ਵਿੱਚ ਤਿੰਨ ਵਾਰ ਜਾਂਚ ਵੀ ਹੁੰਦੀ ਹੈ।
ਮਰੀਜ਼ ਦੀ ਸਿਹਤ ਖਰਾਬ ਹੋਣ ਦੀ ਸਥਿਤੀ ਨਾਲ ਨਿਪਟਣ ਲਈ ਇਨ੍ਹਾਂ ਕੇਂਦਰਾਂ ਵਿੱਚ ਐਂਬੂਲੈਂਸ ਸਮੇਤ ਸਾਰੇ ਢੁਕਵੇਂ ਇੰਤਜ਼ਾਮ ਕੀਤੇ ਗਏ ਹਨ ਤਾਂ ਕਿ ਲੋੜ ਪੈਣ ‘ਤੇ ਮਰੀਜ਼ਾਂ ਨੂੰ ਤੁਰੰਤ ਵੱਡੇ ਕੇਂਦਰ ਵਿੱਚ ਲਿਜਾਇਆ ਜਾ ਸਕੇ।
ਬੁਲਾਰੇ ਨੇ ਦੱਸਿਆ ਕਿ ਮਨੋਵਿਗਿਆਨਕ ਅਤੇ ਆਨਲਾਈਨ ਸਲਾਹ ਲੈਣ ਲਈ ਸਮਰਪਿਤ ਹੈਲਪਲਾਈਨ ਨੰਬਰ 104, 0172-2920074, 1800-180-4104 ਵੀ ਮੌਜੂਦ ਹਨ। ਉਨ੍ਹਾਂ ਦੱਸਿਆ ਕਿ ਈ-ਸੰਜੀਵਨੀ ਪੋਰਟਲ ਵੀ ਸਹਾਇਤਾ ਲਈ ਉਪਲਬਧ ਹੈ।

NO COMMENTS