*ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਰਗਿਲ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ, ਨੌਜਵਾਨਾਂ ਨੂੰ ਹਥਿਆਰਬੰਦ ਸੈਨਾਵਾਂ ਵਿਚ ਸ਼ਾਮਲ ਹੋਣ ਦਾ ਸੱਦਾ*

0
12

ਚੰਡੀਗੜ੍ਹ26 ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਾਰਗਿਲ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਨੌਜਵਾਨਾਂ ਨੂੰ ਦੇਸ਼ ਸੇਵਾ ਲਈ ਫੌਜ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।

ਕਾਰਗਿਲ ਜੰਗ ਦੀ 22ਵੀਂ ਵਰੇਗੰਢ ਮੌਕੇ ਮੁੱਖ ਮੰਤਰੀ ਨੇ ਇੱਥੇ ਬੋਗਨਵਿਲੀਆ ਗਾਰਡਨ ’ਚ ਸਥਿਤ ਜੰਗੀ ਯਾਦਗਾਰ ਵਿਖੇ ਫੁੱਲ-ਮਾਲਾ ਭੇਟ ਕੀਤੀ ਅਤੇ ਕਾਰਗਿਲ ਜੰਗ ਦੌਰਾਨ ਆਪਣੀਆਂ ਜਾਨਾਂ ਨਿਛਾਵਰ ਕਰਨ ਵਾਲੇ ਪੰਜਾਬ ਦੇ 54 ਬਹਾਦਰ ਜਵਾਨਾਂ ਨੂੰ ਨਮਨ ਕਰਦਿਆਂ ਸ਼ਰਧਾਂਜਲੀ ਦਿੱਤੀ।

ਕਾਰਗਿਲ ਵਿਜੈ ਦਿਵਸ ’ਤੇ ਜੰਗੀ ਨਾਇਕਾਂ ਦੀਆਂ ਲਾਮਿਸਾਲ ਕੁਰਬਾਨੀਆਂ ਨੂੰ ਯਾਦ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਜਾਂਬਾਜ਼ ਭਾਰਤੀ ਸੈਨਿਕਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਿਨ੍ਹਾਂ ਨੇ ਜੁਲਾਈ, 1999 ਵਿਚ ਔਖੇ ਮੌਸਮੀ ਹਾਲਾਤ ਦੌਰਾਨ ਸੂਰਮਗਤੀ ਨਾਲ ਕਾਰਗਿਲ, ਦਰਾਸ ਅਤੇ ਬਟਾਲਿਕ ਇਲਾਕਿਆਂ ਵਿਚ ਘੁਸਪੈਠ ਕਰਨ ਵਾਲੀਆਂ ਪਾਕਿਸਤਾਨੀ ਫੌਜਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਸੀ।

ਇਸ ਮੌਕੇ ਐਨ.ਸੀ.ਸੀ. ਕੈਡਿਟਾਂ ਅਤੇ ਮਾਈ ਭਾਗੋ ਆਰਮਿਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ, ਮੁਹਾਲੀ ਦੀਆਂ ਮਹਿਲਾ ਕੈਡਿਟਾਂ ਨਾਲ ਸੰਖੇਪ ਵਿਚ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਲਈ ਹਥਿਆਰਬੰਦ ਸੈਨਾਵਾਂ ਵਿਚ ਸ਼ਾਮਲ ਹੋਣ ਲਈ ਉਤਸ਼ਾਹਤ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਉਹ ਬਾਕੀ ਨੌਜਵਾਨਾਂ ਦੇ ਅੰਦਰ ਵੀ ਦੇਸ਼ ਭਗਤੀ ਅਤੇ ਰਾਸ਼ਟਰਵਾਦ ਦਾ ਜਜ਼ਬਾ ਪੈਦਾ ਕਰਨ ਲਈ ਰੋਲ ਮਾਡਲ ਬਣ ਸਕਦੇ ਹਨ।

        ਪੀ.ਏ.ਪੀ. ਬੈਂਡ ਦੇ ਨਾਲ ਪੀ.ਏ.ਪੀ. ਗਰੁੱਪ ਦੇ ਕਮਾਂਡਰ ਡੀ.ਐਸ.ਪੀ. ਦਵਿੰਦਰ ਸਿੰਘ ਦੀ ਅਗਵਾਈ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਗਾਰਡ ਆਫ ਆਨਰ ਰਾਹੀਂ ਸਲਾਮੀ ਦਿੱਤੀ ਗਈ। ਸਮਾਗਮ ਵਿਚ ਕਈ ਸੀਨੀਅਰ ਅਤੇ ਸੇਵਾ-ਮੁਕਤ ਰੱਖਿਆ ਅਫਸਰ ਵੀ ਸ਼ਾਮਲ ਹੋਏ।

ਇਸ ਮੌਕੇ ਹਾਜ਼ਰ ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ (ਸੇਵਾ-ਮੁਕਤ) ਟੀ.ਐਸ. ਸ਼ੇਰਗਿੱਲ, ਸਕੱਤਰ ਰੱਖਿਆ ਸੈਨਾਵਾਂ ਗੁਰਕਿਰਤ ਕ੍ਰਿਪਾਲ ਸਿੰਘ, ਡਾਇਰੈਕਟਰ ਰੱਖਿਆ ਸੈਨਾਵਾਂ ਬ੍ਰਿਗੇਡੀਅਰ ਸਤਿੰਦਰ ਸਿੰਘ, ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਉਪ ਕੁਲਪਤੀ ਲੈਫਟੀਨੈਂਟ ਜਨਰਲ (ਰਿਟਾ.) ਜੇ.ਐਸ. ਚੀਮਾ ਅਤੇ ਮੁੱਖ ਮੰਤਰੀ ਦੇ ਸਕੱਤਰ (ਸਿਆਸੀ) ਮੇਜਰ ਅਮਰਦੀਪ ਸਿੰਘ ਵੀ ਹਾਜ਼ਰ ਸਨ।

NO COMMENTS