ਕੈਪਟਨ ਅਮਰਿੰਦਰ ਦੀ ਹਾਜ਼ਰੀ ‘ਚ ਗਰਜੇ ਨਵਜੋਤ ਸਿੱਧੂ, ਸਟੇਜ ਤੋਂ ਕਹਿ ਗਏ ਵੱਡੀਆਂ ਗੱਲਾਂ

0
176

ਬੱਧਨੀ ਕਲਾਂ/ ਚੰਡੀਗੜ੍ਹ 4 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ): ਰਾਹੁਲ ਗਾਂਧੀ ਦੀ ਅਗਵਾਈ ‘ਚ ਹੋ ਰਹੀ ਟਰੈਕਟਰ ਰੈਲੀ ਚ ਪਹੁੰਚੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਸ਼ਾਇਰਾਨਾ ਅੰਦਾਜ਼ ਵਿੱਚ ਆਪਣੀ ਗੱਲ ਸ਼ੁਰੂ ਕੀਤੀ। ਸਿੱਧੂ ਨੇ ਆਪਣੇ ਬੇਬਾਕ ਲਹਿਜ਼ੇ ‘ਚ ਬੋਲਦਿਆਂ ਕਿਹਾ ਜੇ ਲੋਕਾਂ ‘ਚ ਰੋਸ ਆ ਜਾਏ ਤਾਂ ਦਿੱਲੀ ਦੀਆਂ ਸਰਕਾਰਾਂ ਦਾ ਉਲਟਣਾ ਵੀ ਨਿਸਚਿਤ ਹੈ। ਅੱਜ ਕਿਸਾਨ ਘਬਰਾਇਆ ਹੈ ਕਿ ਉਸ ਤੋਂ ਐਮਐਸਪੀ ਖੋਹ ਲਈ ਜਾਵੇਗੀ। ਇਸੇ ਡਰ ਕਾਰਨ ਉਹ ਸੜਕਾਂ ‘ਤੇ ਹੈ। ਸਿੱਧੂ ਨੇ ਕਿਹਾ ਇਨ੍ਹਾਂ ਕਾਨੂੰਨਾਂ ਦੀ ਪੰਜਾਬ ਨੂੰ ਲੋੜ ਨਹੀਂ ਸੀ। ਬਿਲਕੁਲ ਉਸੇ ਤਰ੍ਹਾਂ ਜਿਵੇਂ ਪੰਜਾਬ ਨੂੰ ਹਰੀ ਕ੍ਰਾਂਤੀ ਨਹੀਂ ਚਾਹੀਦੀ ਸੀ, ਹਿੰਦੋਸਤਾਨ ਨੂੰ ਚਾਹੀਦੀ ਸੀ।

ਪੰਜਾਬ ਨੂੰ ਘੱਟ ਐਮਐਸਪੀ ਦੇ ਕੇ ਕੇਂਦਰ ਨੇ 80 ਕਰੋੜ ਲੋਕਾਂ ਦਾ ਸੈਂਟਰ ਨੇ ਢਿੱਡ ਭਰਿਆ। ਗੰਨੇ ਚੂਪਣ ਨੂੰ ਬਾਂਦਰੀ ਤੇ ਡੰਡੇ ਖਾਣ ਨੂੰ ਰਿੱਛ ਕਹਾਵਤ ਦਾ ਹਵਾਲਾ ਦਿੰਦਿਆਂ ਸਿੱਧੂ ਨੇ ਕਿਹਾ ਕੇਂਦਰ ਸਰਕਾਰ ਅਹਿਸਾਨ ਫਰਾਮੋਸ਼ ਨਿਕਲੀ। ਕਾਲੀ ਪੱਗ ਬੰਨ੍ਹ ਕੇ ਰੈਲੀ ‘ਚ ਆਏ ਸਿੱਧੂ ਨੇ ਕਿਹਾ ਧੱਕੇ ਨਾਲ ਪਾਸ ਕੀਤੇ ਕਾਲੇ ਕਾਨੂੰਨਾਂ ਦਾ ਮੈਂ ਕਾਲੀ ਪੱਗ ਨਾਲ ਵਿਰੋਧ ਕਰਦਾ ਹਾਂ। ਉਨ੍ਹਾਂ ਕਿਹਾ ਬਿਨਾਂ ਬਹਿਸ ਤੋਂ ਇਹ ਬਿੱਲ ਪਾਸ ਕੀਤੇ ਹਨ।

ਅੱਜ ਕੇਂਦਰ ਸਰਕਾਰ ਸਾਡਾ ਕਿਸਾਨ ਮਾਰਨ ‘ਤੇ ਤੁੱਲ ਗਈ ਹੈ। ਅਹਿਸਾਨ ਫਰਾਮੋਸ਼ ਹੋ ਗਈ ਸਰਕਾਰ ਜੋ ਪੂੰਜੀਪਤੀਆਂ ਦੇ ਹੱਥ ‘ਚ ਸਭ ਕੁਝ ਦੇਣਾ ਚਾਹੁੰਦੀ ਸਰਕਾਰ। ਸਿੱਧੂ ਨੇ ਸਪਸ਼ਟ ਕੀਤਾ ਕਿ ਵੱਖ-ਵੱਖ ਸੂਬਿਆਂ ਦੇ ਵੱਖ-ਵੱਖ ਮਸਲੇ ਹਨ। ਭਾਸ਼ਾਵਾਂ ਵੱਖ-ਵੱਖ ਹਾਂ ਪਰ ਅਸੀਂ ਇਕੱਠੇ ਹਾਂ।

ਸਿੱਧੂ ਨੇ ਕਿਹਾ, ‘ਸਰਕਾਰ ਸਾਡੇ ਹੱਕਾਂ ‘ਤੇ ਡਾਕਾ ਮਾਰ ਰਹੀ ਹੈ। 30,000 ਆੜਤੀਏ, ਪੰਜ ਲੱਖ ਮਜਦੂਰ ਬਰਬਾਦ ਹੋ ਜਾਣਗੇ। ਇਨ੍ਹਾਂ ਨੂੰ ਪੁੱਛੋ ਜੇਕਰ ਸਾਡੀਆਂ ਮੰਡੀਆਂ ਖੋਹ ਲਈਆਂ ਤਾਂ ਅਸੀਂ ਕਿੱਥੇ ਜਾਵਾਂਗੇ? ਮੈਂ ਕਹਿੰਦਾ ਹਾਂ ਇਹ ਅਮਰੀਕਾ ਤੇ ਯੂਰਪ ਦਾ ਫੇਲ੍ਹ ਹੋਇਆ ਸਿਸਟਮ ਸਾਡੇ ‘ਤੇ ਥੋਪ ਰਹੇ ਹਨ। ਉੱਥੇ ਤਾਂ ਇੰਡਸਟਰੀ ਸੀ ਪਰ ਸਾਡੇ ਕੋਲ ਕੁਝ ਵੀ ਨਹੀਂ ਹੈ ਤਾਂ ਰੋਜ਼ਗਾਰ ਕਿੱਥੋਂ ਆਏਗਾ?

ਸਿੱਧੂ ਨੇ ਅਹਿਮਦ ਸ਼ਾਹ ਅਬਦਾਲੀ ਦਾ ਜ਼ਿਕਰ ਕਰਦਿਆਂ ਅੰਬਾਨੀ ਅਡਾਨੀ ‘ਤੇ ਵੀ ਤਨਜ ਕੱਸਿਆ। ‘ਸਰਕਾਰਾਂ ਨੂੰ ਕਹਿੰਦੇ ਅੰਬਾਨੀ ਅਡਾਨੀ ‘ਨਾਚ ਮੇਰੀ ਬੁਲਬੁਲ ਪੈਸਾ ਮਿਲੇਗਾ, ਕਹਾਂ ਕਦਰਦਾਨ ਹਮਾਰੇ ਜੈਸਾ ਮਿਲੇਗਾ’। ਸਿੱਧੂ ਨੇ ਕਿਹਾ ‘ਮੈਂ ਡੰਕੇ ਦੀ ਚੋਟ ‘ਤੇ ਕਹਿੰਦਾ ਹਾਂ ਇਸ ਦੇਸ਼ ਨੂੰ ਪੂੰਜੀਪਤੀ ਚਲਾਉਂਦੇ ਹਨ। ਕਿਸਾਨਾਂ ਨੂੰ ਦੇਕੇ ਸਬਸਿਡੀ ਕਹਿੰਦੇ ਹੋ। ਪੂੰਜੀਪਤੀਆਂ ਨੂੰ ਦੇਕੇ ਛੱਡ ਦਿੰਦੇ ਹੋ। ਲੱਖਾਂ ਰੁਪਏ ਦੇਕੇ ਭਜਾ ਦਿੰਦੋ ਹੋ ਤੇ ਉਸ ਨੂੰ ਇਸੈਂਟਿਵ ਕਹਿੰਦੇ ਹੋ।’

ਨਵਜੋਤ ਸਿੱਧੂ ਨੇ ਸਪਸ਼ਟ ਬੋਲਿਆ ਕਿਸਾਨ ਨੂੰ ਸਰਕਾਰ ਨੇ ਕੁਝ ਨਹੀਂ ਦਿੱਤਾ। ਮੈਂ ਟਿਕਾ ਕੇ ਕਹਿਣਾ ਚਾਹੁੰਦਾ ਹਾਂ ਸਾਨੂੰ ਹਰਿਆਣਾ ਨਹੀਂ ਟੱਪਣ ਦਿੰਦੇ। ਸਾਡੀ ਪੰਜਾਬ ਸਰਕਾਰ ਤਾਂ ਜਿੱਤਦੀ ਹੈ ਜੇ ਅੰਬਾਨੀ ਤੇ ਅੰਡਾਨੀ ਪੰਜਾਬ ‘ਚ ਵੜਨ ਨਹੀਂ ਦੇਵਾਂਗੇ। ਇਹੀ ਸਾਡੀ ਜਿੱਤ ਹੈ।’

ਸਿੱਧੂ ਨੇ ਕਿਹਾ ‘ਮੈਂ ਰਾਹੁਲ ਤੇ ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਆਰਟੀਕਲ 254 ਤਹਿਤ ਸੋਨੀਆਂ ਗਾਂਧੀ ਨੇ ਸਾਰੇ ਮੁੱਖ ਮੰਤਰੀਆਂ ਨੂੰ ਹਿਦਾਇਤ ਦਿੱਤੀ ਕਿ ਇਨ੍ਹਾਂ ਕਾਨੂੰਨਾਂ ਖਿਲਾਫ ਅਸੈਂਬਲੀ ਬਲਾਉ ਤੇ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਕੇ ਆਪਣੇ ਕਾਨੂੰਨ ਬਣਾਓ। ਮੈਂ ਕਹਿੰਦਾ ਹਾਂ ਸੈਸ਼ਨ ਬੁਲਾਓ। ਜੇਕਰ ਅਸੀਂ ਇਹ ਕਾਨੂੰਨ ਬਣਾ ਕੇ ਰਾਸ਼ਟਰਪਤੀ ਕੋਲ ਭੇਜਿਆ ਤੇ ਉਨ੍ਹਾਂ ਰੱਦ ਵੀ ਕਰਤਾ ਤਾਂ ਵੀ ਕਿਸਾਨ ਦੀ ਜਿੱਤ ਹੈ ਪਰ ਸਾਨੂੰ ਸੂਬਿਆਂ ਦੇ ਅਧਿਕਾਰਾਂ ਦੀ ਗੱਲ ਕਰਨੀ ਹੋਵੇਗੀ। ਜੇਕਰ ਅਸੀਂ ਕੈਨੇਡਾ ਤੇ ਅਮਰੀਕਾ ਵਸਾ ਦਿੱਤਾ ਤਾਂ ਪੰਜਾਬ ‘ਚ ਵੀ ਅਸੀਂ ਆਪਣੀ ਧਾਕ ਜਮਾਵਾਂਗੇ। ਜੇਕਰ 70 ਪ੍ਰਤੀਸ਼ਤ ਕਿਸਾਨ ਤਾਂ ਆਰਥਿਕ ਆਧਾਰ ਅੰਬਾਨੀ ਤੇ ਅਡਾਨੀ ਕਿਉਂ ਹਨ?

ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਮਗਰੋਂ ਅੱਜ ਨਵੋਜਤ ਸਿੱਧੂ ਨੇ ਪਹਿਲੀ ਵਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਟੇਜ ਸਾਂਝੀ ਕੀਤੀ। ਸਿੱਧੂ ਕਰੀਬ ਇਕ ਸਾਲ ਬਾਅਦ ਵੀ ਆਪਣੇ ਬੇਬਾਕ ਲਹਿਜ਼ੇ ਕੇਂਦਰ ‘ਤੇ ਵਰ੍ਹੇ। ਏਨੇ ਚਿਰ ਤੋਂ ਚੁੱਪ ਸਿੱਧੂ ਨੇ ਇਹ ਵੀ ਸਾਬਤ ਕਰਤਾ ਕਿ ਉਹ ਕਿਸੇ ਢੁਕਵੇਂ ਮੌਕੇ ਦੀ ਤਲਾਸ਼ ‘ਚ ਸਨ।

NO COMMENTS