ਮਾਨਸਾ 4 ਜੂਨ (ਸਾਰਾ ਯਹਾਂ/ਬੀਰਬਲ ਧਾਲੀਵਾਲ): ਪੂਰਾ ਦੇਸ਼ ਇਸ ਵੇਲੇ ਕੋਰੋਨਾ ਦੀ ਮਹਾਂਮਾਰੀ ਦਾ ਸੰਤਾਪ ਭੋਗ ਰਿਹਾ ਹੈ ਜਿਸ ਦੇ ਚੱਲਦਿਆਂ ਬਹੁਤ ਹੀ ਸਾਵਧਾਨੀ ਦੀ ਜ਼ਰੂਰਤ ਹੈ। ਜੇਲ੍ਹ ਵਿੱਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਨੂੰ ਤੁਰੰਤ ਵੈਕਸੀਨੇਸ਼ਨ ਦੀ ਜ਼ਰੂਰਤ ਹੈ। ਹਾਲੇ ਤੱਕ ਉਨ੍ਹਾਂ ਨੂੰ ਵੈਕਸੀਨ ਨਾ ਲਗਾਏ ਜਾਣਾ ਇੱਕ ਗੰਭੀਰ ਮਸਲਾ ਹੈ ਜਿਸ ਉੱਤੇ ਤੁਰੰਤ ਧਿਆਨ ਦੇਣ ਦੀ ਲੋੜ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਅਤੇ ਸੈਸ਼ਨਜ ਜੱਜ ਸ਼੍ਰੀਮਤੀ ਨਵਜੋਤ ਕੌਰ ਨੇ ਆਪਣੇ ਜੇਲ੍ਹ ਦੌਰੇ ਦੌਰਾਨ ਕੀਤਾ। ਉਨ੍ਹਾਂ ਸਿਵਲ ਸਰਜਨ, ਮਾਨਸਾ ਨੂੰ ਨਿਰਦੇਸ਼ ਜਾਰੀ ਕੀਤੇ ਕਿ ਜੇਲ੍ਹ ਬੰਦੀਆਂ ਦੀ ਵੈਕਸੀਨੇਸ਼ਨ ਕਰਨ ਲਈ ਤੁਰੰਤ ਪ੍ਰਭਾਵੀ ਕਦਮ ਚੁੱਕਣ।
ਜੇਲ੍ਹ ਦੌਰੇ ਦੌਰਾਨ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮਾਨਸਾ ਮਿਸ ਸ਼ਿਲਪਾ ਨੇ ਦੱਸਿਆ ਕਿ ਸੈਸ਼ਨਜ ਜੱਜ ਵੱਲੋਂ ਡੀ.ਸੀ ਨੂੰ ਲਿਖਿਆ ਗਿਆ ਹੈ ਕਿ ਕੈਦੀਆਂ ਦੀ ਪੈਰੋਲ ਦੇ ਮਾਮਲੇ ਪਹਿਲ ਦੇ ਆਧਾਰ ਤੇ ਹੱਲ ਕਰਨ। ਜੇਲ੍ਹ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਜੇਲ੍ਹ ਵਿੱਚ ਮਾਸਕ ਅਤੇ ਸੈਨੀਟਾਈਜ਼ਰ ਦੇ ਉਚਿਤ ਪ੍ਰਬੰਧ ਕੀਤੇ ਜਾਣ ਤਾਂ ਜੋ ਕੋਵਿਡ-19 ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਇਸ ਮੌਕੇ ਬੰਦੀਆਂ ਵੱਲੋਂ ਆਪਣੇ ਮਸਲੇ ਉਠਾਏ ਗਏ ਜਿਨ੍ਹਾਂ ਦੇ ਹੱਲ ਲਈ ਸੈਸ਼ਨਜ ਜੱਜ ਨੇ ਸਬੰਧਿਤ ਅਧਿਕਾਰੀਆਂ ਨੂੰ ਢੁੱਕਵੇਂ ਨਿਰਦੇਸ਼ ਦਿੱਤੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜੇਲ੍ਹ ਸੁਪਰਡੈਂਟ ਸ਼੍ਰੀ ਪਰਮਜੀਤ ਸਿੰਘ, ਜੇਲ੍ਹ ਡਿਪਟੀ ਸੁਪਰਡੈਂਟ ਸ਼੍ਰੀ ਬਲਦੇਵ ਸਿੰਘ ਕੰਗ, ਵਾਰੰਟ ਅਫਸਰ ਜਗਤਾਰ ਸਿੰਘ ਆਦਿ ਮੌਜੂਦ ਸਨ।