*ਕੇਜਰੀਵਾਲ ਨੇ ਪੰਜਾਬੀਆਂ ਲਈ ਕੀਤੇ ਵੱਡੇ ਐਲਾਨ, ਸਰਕਾਰ ਬਣੀ ਤਾਂ ਬਿਜਲੀ ਮੁਫਤ*

0
96

ਚੰਡੀਗੜ੍ਹ 29,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਜੇਕਰ ਪੰਜਾਬ ਵਿੱਚ ਉਨ੍ਹਾਂ ਦੀ ਸਰਕਾਰ ਬਣੀ ਤਾਂ ਸੂਬੇ ਨੂੰ 24 ਘੰਟੇ ਬਿਜਲੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦੇਸ਼ ‘ਚ ਸਭ ਤੋਂ ਮਹਿੰਗੀ ਬਿਜਲੀ ਪੰਜਾਬ ‘ਚ ਮਿਲਦੀ ਹੈ। ਹੈਰਾਨੀ ਦੀ ਗੱਲ ਹੈ ਕਿ ਪੰਜਾਬ ‘ਚ ਬਿਜਲੀ ਬਣਨ ਦੇ ਬਾਵਜੂਦ ਮਹਿੰਗੀ ਹੈ ਜਦੋਂਕਿ ਦਿੱਲੀ ‘ਚ ਬਿਜਲੀ ਨਾ ਬਣਨ ਦੇ ਬਾਵਜੂਦ ਰੇਟ ਘੱਟ ਹਨ।

ਕੇਜਰੀਵਾਲ ਨੇ ਇਲਜ਼ਾਮ ਲਾਇਆ ਕਿ ਬਿਜਲੀ ਕੰਪਨੀਆਂ ਤੇ ਸਿਆਸਤ ‘ਚ ਗੰਢਤੁੱਪ ਹੈ। ਇੱਕ ਸਾਲ ਤੋਂ ਅਸੀਂ ਬਿਜਲੀ ਰੇਟਾਂ ਦੇ ਖ਼ਿਲਾਫ ਅੰਦੋਲਨ ਕਰ ਰਹੇ ਹਾਂ। ਡੇਢ ਸਾਲ ਤੋਂ ਧਰਨੇ ਪ੍ਰਦਰਸ਼ਨ ਕਰ ਰਹੇ ਹਾਂ। ਇਸ ਦੇ ਬਾਵਜੂਦ ਕੈਪਟਨ ਸਰਕਾਰ ਨੇ ਪ੍ਰਾਈਵੇਟ ਕੰਪਨੀਆਂ ਨਾਲ ਕੀਤੇ ਸਮਝੌਤੇ ਰੱਦ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਮਹਿੰਗੀ ਬਿਜਲੀ ਕਰਕੇ ਸਭ ਤੋਂ ਵੱਧ ਪ੍ਰੇਸ਼ਾਨ ਮਹਿਲਾਵਾਂ ਹਨ। ਲੋਕਾਂ ਦੀ ਆਮਦਨ ਦਾ ਵੱਡਾ ਹਿੱਸਾ ਬਿਜਲੀ ਦੇ ਬਿੱਲ ‘ਚ ਜਾਂਦਾ ਹੈ। ਇਸ ਲਈ ਬਿਜਲੀ ਦਾ ਮੁੱਦਾ ਸਾਡੇ ਲਈ ਅਹਿਮ ਹੈ।

ਇਸ ਮੌਕੇ 2022 ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੇਜਰੀਵਾਲ ਨੇ ਤਿੰਨ ਐਲਾਨ ਕੀਤੇ। ਉਨ੍ਹਾਂ ਨੇ ਕਿਹਾ ਕਿ ਹਰ ਪਰਿਵਾਰ ਨੂੰ 300 ਯੂਨਿਟ ਤੱਕ ਬਿਜਲੀ ਮੁਫਤ ਮਿਲੇਗੀ। 77 ਤੋਂ 80 % ਲੋਕਾਂ ਦੇ ਬਿਜਲੀ ਦਾ ਬਿੱਲ ਸਿਫਰ ਹੋ ਜਾਏਗਾ। ਬਿਜਲੀ ਆਵੇਗੀ ਪਰ ਬਿਜਲੀ ਦਾ ਬਿੱਲ ਨਹੀਂ ਆਏਗਾ। ਉਨ੍ਹਾਂ ਕਿਹਾ ਕਿ ਘਰੇਲੂ ਬਿਜਲੀ ਦੇ ਬਕਾਇਆ ਮੁਆਫ ਹੋਣਗੇ ਤੇ ਕਨੈਕਸ਼ਨ ਬਹਾਲ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ 24 ਘੰਟੇ ਬਿਜਲੀ ਦੇਣ ਦਾ ਐਲਾਨ ਕੀਤਾ।

NO COMMENTS