ਚੰਡੀਗੜ੍ਹ,08 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਕੇਂਦਰ ਸਰਕਾਰ ਦੇ ਪੰਜਾਬ ਪ੍ਰਤੀ ਰਵੱਈਏ ਤੋਂ ਪੰਜਾਬ ਬੀਜੇਪੀ ਵੀ ਖੁਸ਼ ਨਹੀਂ ਹੈ। ਹੁਣ ਸੀਨੀਅਰ ਲੀਡਰ ਵੀ ਇਸ ਬਾਰੇ ਖੁੱਲ੍ਹ ਕੇ ਬੋਲਣ ਲੱਗੇ ਹਨ। ਪਿਛਲੇ ਦਿਨੀਂ ਸਾਬਕਾ ਮੰਤਰੀ ਸੁਰਜੀਤ ਸਿੰਘ ਜਿਆਣੀ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਅੰਦਰ ਬਣੇ ਸੰਕਟ ਲਈ ਕੇਂਦਰ ਸਰਕਾਰ ਉਪਰ ਸਵਾਲ ਉਠਾਏ ਸੀ। ਹੁਣ ਪੰਜਾਬ ਬੀਜੇਪੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵੀ ਕਿਹਾ ਹੈ ਕਿ ਜਿਆਣੀ ਜੋ ਵੀ ਕਹਿ ਰਹੇ ਹਨ, ਉਸ ਵਿੱਚ ਕੁਝ ਵੀ ਗਲਤ ਨਹੀਂ।
ਹੁਣ ਮੰਨਿਆ ਜਾ ਰਿਹਾ ਹੈ ਕਿ ਜੇਕਰ ਕੇਂਦਰ ਸਰਕਾਰ ਨੇ ਅੜੀ ਨਾ ਛੱਡੀ ਤਾਂ ਪੰਜਾਬ ਬੀਜੇਪੀ ਅੰਦਰ ਵੱਡੇ ਧਮਾਕੇ ਹੋ ਸਕਦੇ ਹਨ। ਪਿਛਲੇ ਦਿਨਾਂ ਦੌਰਾਨ ਕਿਸਾਨੀ ਨਾਲ ਜੁੜੇ ਕਈ ਲੀਡਰਾਂ ਨੇ ਅਸਤੀਫੇ ਦਿੱਤੇ ਹਨ। ਇਹ ਜ਼ਿਆਦਾਤਰ ਲੀਡਰ ਜ਼ਿਲ੍ਹਾ ਪੱਧਰ ਦੇ ਸੀ। ਹੁਣ ਇਹ ਰੋਸ ਸੀਨੀਅਰ ਲੀਡਰਸ਼ਿਪ ਵਿੱਚ ਵੀ ਵਧ ਗਿਆ ਹੈ। ਇਸ ਲਈ ਬੀਜੇਪੀ ਦੇ ਸੀਨੀਅਰ ਲੀਡਰ ਵੀ ਪਾਰਟੀ ਨੂੰ ਅਲਵਿਦਾ ਕਹਿ ਸਕਦੇ ਹਨ।
ਦੱਸ ਦਈਏ ਕਿ ਖੇਤੀ ਕਾਨੂੰਨਾਂ ਖਿਲਾਫ ਛਿੜੇ ਅੰਦੋਲਨ ਮਗਰੋਂ ਬੀਜੇਪੀ ਲੀਡਰ ਕਸੂਤੇ ਘਿਰ ਗਏ ਹਨ। ਉਨ੍ਹਾਂ ਦੇ ਘਰਾਂ ਅੱਗੇ ਕਿਸਾਨਾਂ ਨੇ ਮੋਰਚੇ ਲਾਏ ਹੋਏ ਹਨ। ਉਨ੍ਹਾਂ ਦੇ ਦੌਰਿਆਂ ਦਾ ਘਿਰਾਓ ਹੋ ਰਿਹਾ ਹੈ। ਉਨ੍ਹਾਂ ਨੂੰ ਕਾਲੀਆਂ ਝੰਡੀਆਂ ਵਿਖਾਈਆਂ ਜਾ ਰਹੀਆਂ ਹਨ। ਇਸ ਤੋਂ ਅੱਕ ਕੇ ਕਈ ਲੀਡਰ ਅਸਤੀਫੇ ਦੇ ਚੁੱਕੇ ਹਨ। ਪੰਜਾਬ ਬੀਜੇਪੀ ਦੀ ਲੀਡਰਸ਼ਿਪ ਨੇ ਸਾਰੀ ਰਿਪੋਰਟ ਹਾਈਕਮਾਨ ਨੂੰ ਦਿੱਤੀ ਹੈ ਪਰ ਮੋਦੀ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ।
ਹਾਲਾਤ ਇਹ ਬਣ ਗਏ ਹਨ ਕਿ ਬੀਜੇਪੀ ਦੀ ਸੀਨੀਅਰ ਲੀਡਰਸ਼ਿਪ ਦਾ ਦੁੱਖ ਸ਼ਾਹਮਣੇ ਆਉਣ ਲੱਗਾ ਹੈ। ਪਿਛਲੇ ਦਿਨੀਂ ਸੀਨੀਅਰ ਲੀਡਰ ਸੁਰਜੀਤ ਕੁਮਾਰ ਜਿਆਣੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੂੰ ਮੁਖਾਤਬ ਹੁੰਦਿਆਂ ਕਿਹਾ ਸੀ ਕਿ ਕਿਸਾਨਾਂ ਦੀ ਗੱਲ ਸੁਣ ਕੇ ਮਸਲੇ ਦਾ ਤੁਰੰਤ ਹੱਲ ਕੱਢਣ। ਉਨ੍ਹਾਂ ਆਪਣੇ ਪਾਰਟੀ ਦੇ ਲੀਡਰਾਂ ਨੂੰ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਬੀਜੇਪੀ ਗਲਤ ਦਿਸ਼ਾ ਵੱਲ ਜਾ ਰਹੀ ਹੈ।
ਜਿਆਣੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਉਹ ਸਭ ਤੋਂ ਪਹਿਲਾਂ ਕਿਸਾਨ, ਫਿਰ ਪੰਜਾਬੀ, ਫਿਰ ਹਿੰਦੁਸਤਾਨੀ ਤੇ ਉਸ ਤੋਂ ਬਾਅਦ ਭਾਜਪਾਈ ਹੈ। ਉਨ੍ਹਾਂ ਇਹ ਵੀ ਕਹਿ ਦਿੱਤਾ ਸੀ ਕਿ ਉਨ੍ਹਾਂ ਦੇ ਬਿਆਨ ਮਗਰੋਂ ਜੇਕਰ ਪਾਰਟੀ ਉਨ੍ਹਾਂ ਨੂੰ ਕੱਢਣਾ ਚਾਹੁੰਦੀ ਹੈ ਤਾਂ ਕੱਢ ਦੇਵੇ। ਜਿਆਣੀ ਦਾ ਮੰਨਣਾ ਹੈ ਕਿ ਜੇਕਰ ਮੋਦੀ, ਅਮਿਤ ਸ਼ਾਹ ਤੇ ਨੱਢਾ ਚਾਹੁਣ ਤਾਂ ਕਿਸਾਨੀ ਮਸਲਿਆਂ ਦਾ ਹੱਲ ਚੰਦ ਮਿੰਟਾਂ ਵਿੱਚ ਨਿਕਲ ਸਕਦਾ ਹੈ।