ਚੰਡੀਗੜ੍ਹ 26 ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਖੇਤੀ ਕਾਨੂੰਨਾਂ ਖਿਲਾਫ ਉੱਠੇ ਲੋਕ ਰੋਹ ਦੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਨੂੰ ਬੀਜੇਪੀ ਨਾਲ ਤੋੜ ਵਿਛੋੜਾ ਕਰਨਾ ਪਿਆ। ਹੁਣ ਅਕਾਲੀ ਦਲ ਸਿੱਥੇ ਤੌਰ ‘ਤੇ ਕੇਂਦਰ ਨਾਲ ਟੱਕਰ ਲੈਣ ਦੀ ਤਿਆਰੀ ‘ਚ ਹੈ। ਦਰਅਸਲ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਨਵਰੀ ਦੇ ਪਹਿਲੇ ਹਫ਼ਤੇ ਦਿੱਲੀ ‘ਚ ਦੇਸ਼ ਦੀਆਂ ਖੇਤਰੀ ਤੇ ਸਹਿਯੋਗੀ ਪਾਰਟੀਆਂ ਨਾਲ ਬੈਠਕ ਕਰਨ ਦੇ ਰੌਂਅ ‘ਚ ਹਨ।
ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੀ ਸੂਬਿਆਂ ‘ਚ ਦਖ਼ਲਅੰਦਾਜ਼ੀ ਬੰਦ ਕਰਨੀ ਪਵੇਗੀ ਤੇ ਇਸੇ ਮੰਤਵ ਤਹਿਤ ਹੀ ਉਹ ਨਵੀਂ ਯੋਜਨਾ ਉਲੀਕ ਰਹੇ ਹਨ। ਚੰਦੂਮਾਜਰਾ ਨੇ ਕਿਹਾ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਨੇ ਹਾਲ ਹੀ ‘ਚ ਪੰਜਾਬ ਦੇ ਪੇਂਡੂ ਵਿਕਾਸ ਫੰਡ ਦੇ ਕਰੀਬ 1200 ਕਰੋੜ ਰੁਪਏ ਹਾਲੇ ਤਕ ਰੋਕ ਰੱਖੇ ਹਨ ਤੇ ਪੰਜਾਬ ਦੇ ਦੋ ਮੰਤਰੀਆਂ ਦੀਆਂ ਮਿੰਨਤਾ ਦੇ ਬਾਵਜੂਦ ਰਕਮ ਜਾਰੀ ਨਹੀਂ ਕੀਤੀ ਜਾ ਰਹੀ ਹੈ। ਅਜਿਹੇ ਹੀ ਅਨੇਕਾਂ ਮਾਮਲੇ ਹਨ ਜਿਨ੍ਹਾਂ ‘ਚ ਕੇਂਦਰ ਦੀ ਸੂਬਿਆਂ ‘ਚ ਦਖ਼ਲਅੰਦਾਜ਼ੀ ਕਾਰਨ ਨੁਕਸਾਨ ਹੋ ਰਿਹਾ ਹੈ। ਇਹ ਗ਼ੈਰ-ਸੰਵਿਧਾਨਕ ਹੈ।
ਅਕਾਲੀ ਦਲ ਨੇ ਖੇਤੀ ਕਾਨੂੰਨਾਂ ਖਿਲਾਫ ਲੋਕ ਰੋਹ ਦੇਖਦਿਆਂ ਕੇਂਦਰ ਖਿਲਾਫ ਕਮਾਨ ਸਾਂਭ ਲਈ ਸੀ। ਪਹਿਲਾਂ ਹਰਸਿਮਰਤ ਬਾਦਲ ਨੇ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਤੇ ਫਿਰ ਅਕਾਲੀ ਦਲ ਨੇ ਬੀਜੇਪੀ ਤੋਂ ਗਠਜੋੜ ਤੋੜ ਲਿਆ। ਅਕਾਲੀ ਦਲ ਲਗਾਤਾਰ ਆਪਣੇ ਕਿਸਾਨ ਹਿਤੈਸ਼ੀ ਹੋਣ ਦਾ ਦਾਅਵਾ ਕਰ ਰਿਹਾ ਹੈ।