ਅੰਮ੍ਰਿਤਸਰ 28,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): ਅਕਾਲੀ ਦਲ ਵਲੋਂ ਬੀਤੇ ਕੱਲ ਕੁੰਵਰ ਵਿਜੈ ਪ੍ਰਤਾਪ ਸਿੰਘ ‘ਤੇ ਡਰੱਗ ਤਸਕਰਾਂ ਨਾਲ ਮਿਲੀਭੁਗਤ ਦੇ ਲਾਏ ਗਏ ਗੰਭੀਰ ਇਲਜ਼ਾਮਾਂ ਤੋਂ ਬਾਅਦ ਅੱਜ ਯੂਥ ਅਕਾਲੀ ਦਲ ਵੱਲੋਂ ਅੰਮ੍ਰਿਤਸਰ ਵਿਖੇ ਗ੍ਰੀਨ ਐਵਨਿਊ ਵਿਖੇ ਸਥਿਤ ਕੁੰਵਰ ਵਿਜੈ ਪ੍ਰਤਾਪ ਦੀ ਰਿਹਾਇਸ਼ ਦਾ ਘਿਰਾਓ ਕੀਤਾ ਗਿਆ।
ਯੂਥ ਅਕਾਲੀ ਦੇ ਸਕੱਤਰ ਜਨਰਲ ਜੋਧ ਸਿੰਘ ਸਮਰਾ ਦੀ ਅਗਵਾਈ ‘ਚ ਪੁੱਜੇ ਯੂਥ ਵਿੰਗ ਦੇ ਕਾਰਕੁੰਨਾਂ ਦੀ ਪੁਲਿਸ ਨਾਲ ਕਾਫੀ ਧੱਕਾ-ਮੁੱਕੀ ਵੀ ਹੋਈ। ਬੈਰੀਕੇਡਿੰਗ ਹਟਾ ਕੇ ਅਕਾਲੀ ਆਗੂ ਕੁੰਵਰ ਵਿਜੈ ਪ੍ਰਤਾਪ ਦੇ ਘਰ ਦੇ ਗੇਟ ਮੂਹਰੇ ਪੁੱਜ ਗਏ। ਇਸ ਦੌਰਾਨ ਆਮ ਆਦਮੀ ਪਾਰਟੀ ਤੇ ਕੁੰਵਰ ਵਿਜੇ ਪ੍ਰਤਾਪ ਦੇ ਖਿਲਾਫ ਨਾਅਰੇਬਾਜ਼ੀ ਕੀਤੀ।
ਪੁਲਿਸ ਨੇ ਇਸ ਦੌਰਾਨ ਜੋਧ ਸਿੰਘ ਸਮਰਾ, ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਤੇ ਐਸਓਆਈ ਦੇ ਮਾਝਾ ਜ਼ੋਨ ਦੇ ਪ੍ਰਧਾਨ ਗੌਰਵ ਵਲਟੋਹਾ ਨੂੰ ਬਾਕੀ ਵਰਕਰਾਂ ਨੂੰ ਮੌਕੇ ‘ਤੇ ਹਿਰਾਸਤ ‘ਚ ਲੈ ਲਿਆ ਤੇ ਕੰਪਨੀ ਬਾਗ ਦੇ ਨੇੜੇ ਜਾ ਕੇ ਰਿਹਾਅ ਕਰ ਦਿੱਤਾ।
ਅਕਾਲੀ ਆਗੂਆਂ ਜੋਧ ਸਮਰਾ, ਗੁਰਪ੍ਰਤਾਪ ਟਿੱਕਾ ਤੇ ਗੌਰਵ ਵਲਟੋਹਾ ਨੇ ਕਿਹਾ ਕੁੰਵਰ ਵਿਜੈ ਪ੍ਰਤਾਪ ਦਾ ਚਿਹਰਾ ਹੁਣ ਨੰਗਾ ਹੋ ਚੁੱਕਾ ਹੈ ਕਿ ਉਸ ਦਿ ਡਰੱਗ ਤਸਕਰਾਂ ਨਾਲ ਮਿਲੀਭੁਗਤ ਹੈ। ਅਕਾਲੀ ਦਲ ਨੇ ਮੰਗ ਕੀਤੀ ਹੈ ਕਿ ਮਾਮਲੇ ਦੀ ਜਾਂਚ ਐਨਸੀਬੀ ਜਾਂ ਹੋਰ ਕੇਂਦਰੀ ਏਜੰਸੀਆਂ ਕਰਨ ਤਾਂ ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ।
ਉਕਤ ਆਗੂਆਂ ਨੇ ਕਿਹਾ ਕਿ ਕੁੰਵਰ ਦਾ ਚਿਹਰਾ ਨੰਗਾ ਕਰਕੇ ਅਸਲੀਅਤ ਸਾਹਮਣੇ ਲਿਆਉਣ ਲਈ ਪਾਰਟੀ ਜੋ ਵੀ ਪ੍ਰੋਗਰਾਮ ਦੇਵੇਗੀ, ਉਸ ਨੂੰ ਸਿਰੇ ਚੜਾਇਆ ਜਾਵੇਗਾ।