*ਕੁਲਰੀਆਂ ਦੇ ਕਿਸਾਨਾਂ ਨੂੰ ਇਨਸਾਫ਼ ਦਵਾਉਣ ਤੱਕ ਮੋਰਚਾ ਜਾਰੀ ਰਹੇਗਾ-ਭਾਕਿਯੂ (ਏਕਤਾ)*

0
66

ਬੁਢਲਾਡਾ 6 ਜਨਵਰੀ(ਸਾਰਾ ਯਹਾਂ/ਮੁੱਖ ਸੰਪਾਦਕ):ਕੁਲਰੀਆਂ ਦੇ ਅਬਾਦਕਾਰ ਕਿਸਾਨਾਂ ਤੇ ਚੱਲ ਰਹੇ ਜ਼ਮੀਨੀ ਵਿਵਾਦ ਨੂੰ ਲੈ ਕੇ ਕਿਸਾਨਾਂ ‘ਤੇ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਉਣ ਅਤੇ ਝੂਠੇ ਕੇਸ ਵਾਪਸ ਕਰਾਉਣ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਅਗਵਾਈ ਵਿੱਚ ਐਲਾਨਿਆਂ ਪੱਕਾ ਮੋਰਚਾ ਅੱਜ ਸ਼ੁਰੂ ਹੋ ਗਿਆ । ਮੋਰਚੇ ਦੇ ਪਹਿਲੇ ਦਿਨ ਵੱਡੀ ਗਿਣਤੀ ਵਿੱਚ ਕਿਸਾਨ, ਮਰਦ ਅਤੇ ਔਰਤਾਂ ਨੇ ਸ਼ਮੂਲੀਅਤ ਕੀਤੀ ਅਤੇ ਭਰਾਤਰੀ ਜਥੇਬੰਦੀਆਂ ਵੱਲੋਂ ਵੀ ਸਟੇਜ ਤੋਂ ਪਹੁੰਚ ਕੇ ਹਮਾਇਤ ਦਾ ਐਲਾਨ ਕੀਤਾ ਗਿਆ । ਕਿਸਾਨਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਕਿਹਾ ਕਿ ਜਿਲਾ ਪੁਲਿਸ ਮੁਖੀ ਵੱਲੋਂ ਜਥੇਬੰਦੀ ਨੂੰ ਵਿਸ਼ਵਾਸ ਦਵਾਇਆ ਗਿਆ ਸੀ ਕਿ ਦੋਸ਼ੀਆਂ ਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਕਿਸਾਨਾਂ ਤੇ ਪਾਏ ਝੂਠੇ ਮਾਮਲੇ ਵਾਪਸ ਲਏ ਜਾਣਗੇ । ਇਸੇ ਗੱਲ ‘ਤੇ ਭਰੋਸਾ ਕਰਕੇ ਜਥੇਬੰਦੀ ਨੇ 15 ਦਸੰਬਰ ਤੋਂ ਲੱਗਣ ਵਾਲਾ ਮੋਰਚਾ ਮੁਲਤਵੀ ਕੀਤਾ ਸੀ । ਪਰੰਤੂ ਜਿਲਾ ਪੁਲਸ ਪ੍ਰਸ਼ਾਸਨ ਵੱਲੋਂ ਭਰੋਸਾ ਤੋੜ ਦਿੱਤਾ ਗਿਆ । ਜਿਸ ਕਰਕੇ ਜਥੇਬੰਦੀ ਨੂੰ ਮਜਬੂਰਨ ਪੱਕਾ ਮੋਰਚਾ ਲਾਉਣਾ ਪਿਆ । ਉਨ੍ਹਾਂ ਐਲਾਨ ਕੀਤਾ ਕਿ ਜਿੰਨਾਂ ਸਮਾਂ ਕਾਸ਼ਤਕਾਰ ਕਿਸਾਨਾਂ ਨੂੰ ਮਾਲਕੀ ਹੱਕ ਨਹੀ ਦਿੱਤੇ ਜਾਂਦੇ, ਕਿਸਾਨਾਂ ਦੀਆਂ ਜ਼ਮੀਨਾਂ ਤੇ ਜਬਰੀ ਕਬਜ਼ੇ ਬੰਦ ਨਹੀ ਕੀਤੇ ਜਾਂਦੇ ਅਤੇ ਕੁਲਰੀਆਂ ਦੇ ਕਿਸਾਨ ਸੀਤਾ ਸਿੰਘ ਨੂੰ ਗੰਭੀਰ ਜਖਮੀ ਕਰਨ ਵਾਲੇ ਰਾਜੂ ਸਰਪੰਚ ਅਤੇ ਉਸਦੀ ਗੁੰਡਾ ਢਾਣੀ ਨੂੰ ਗ੍ਰਿਫਤਾਰ ਕਰਕੇ ਸਖਤ ਕਾਰਵਾਈ ਨਹੀ ਕੀਤੀ ਜਾਂਦੀ ਅਤੇ ਕਿਸਾਨਾਂ ਤੇ ਪਾਏ ਝੂਠੇ ਕੇਸ ਵਾਪਸ ਨਹੀ ਕੀਤੇ ਜਾਂਦੇ । ਉਨ੍ਹਾਂ ਸਮਾਂ ਅਣਮਿੱਥੇ ਸਮੇਂ ਦਾ ਪੱਕਾ ਮੋਰਚਾ ਜਾਰੀ ਰਹੇਗਾ । ਇਸ ਤੋਂ ਇਲਾਵਾ ਭਾਕਿਯੂ ਮਾਲਵਾ ਦੇ ਸੂਬਾ ਪ੍ਰਧਾਨ ਮਲੂਕ ਸਿੰਘ ਹੀਰਕੇ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕਿਸਾਨ ਆਪਣਾ ਖੂਨ ਅਤੇ ਪਸੀਨਾ ਡੋਲ ਕੇ ਜ਼ਮੀਨਾਂ ਦੇ ਕਾਬਜ਼ ਅਤੇ ਮਾਲਕ ਬਣੇ ਹਨ, ਇਸਨੂੰ ਕਿਸੇ ਵੀ ਸੂਰਤ ਵਿੱਚ ਜ਼ਮੀਨਾਂ ਤੋਂ ਬੇਦਖਲ ਨਹੀ ਹੋਣ ਦਿੱਤਾ ਜਾਵੇਗਾ ਅਤੇ ਮੋਰਚੇ ਦੀ ਡਟਵੀਂ ਹਮਾਇਤ ਕੀਤੀ ਜਾਵੇਗੀ । ਭਾਕਿਯੂ (ਏਕਤਾ) ਉਗਰਾਹਾਂ ਦੇ ਬਲਾਕ ਆਗੂ ਜਗਸੀਰ ਸਿੰਘ ਦੋਦੜਾ ਨੇ ਕਿਹਾ ਕਿ ਜ਼ਮੀਨਾਂ ਖੋਹਣ ਦੀਆਂ ਸਰਕਾਰੀ ਨੀਤੀਆਂ ਦਾ ਡਟਵਾ ਵਿਰੋਧ ਕੀਤਾ ਜਾਵੇਗਾ ਅਤੇ ਮੋਰਚੇ ਵਿੱਚ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ । ਇਸ ਮੌਕੇ ਕੁਲਵੰਤ ਸਿੰਘ ਕਿਸ਼ਨਗੜ੍ਹ, ਮੱਖਣ ਸਿੰਘ ਭੈਣੀ ਬਾਘਾ, ਬਲਵਿੰਦਰ ਸਿੰਘ ਜੇਠੂਕੇ, ਲਖਵੀਰ ਸਿੰਘ ਅਕਲੀਆ, ਕੁਲਵੰਤ ਸਿੰਘ ਭਦੌੜ, ਕਰਮਜੀਤ ਸਿੰਘ ਛੰਨਾ, ਸੱਤਪਾਲ ਸਿੰਘ ਵਰ੍ਹੇ, ਸੁਖਜਿੰਦਰ ਸਿੰਘ ਰਾਮਪੁਰ, ਅਮਨਦੀਪ ਕੌਰ ਅਕਲੀਆ ਆਦਿ ਨੇ ਸੰਬੋਧਨ ਕੀਤਾ ।

NO COMMENTS