*ਕੁਲਰੀਆਂ ਦਾ “ਜ਼ਮੀਨ ਬਚਾਓ ਮੋਰਚਾ” ਰਿਹਾ ਜਾਰੀ*

0
26

ਬੁਢਲਾਡਾ/ਬਰੇਟਾ 26 ਸਤੰਬਰ(ਸਾਰਾ ਯਹਾਂ/ਮੁੱਖ ਸੰਪਾਦਕ)ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵੱਲੋਂ ਮਨਜੀਤ ਸਿੰਘ ਧਨੇਰ ਦੀ ਅਗਵਾਈ ਵਿੱਚ ਕੁਲਰੀਆਂ ਦੇ ਕਿਸਾਨਾਂ ਦੀ ਜ਼ਮੀਨ ਬਚਾਉਣ ਲਈ ਚੱਲ ਰਿਹਾ “ਜ਼ਮੀਨ ਬਚਾਓ ਮੋਰਚਾ” ਜਾਰੀ ਹੈ । ਅੱਜ ਜਥੇਬੰਦੀ ਵੱਲੋਂ ਭਾਰੀ ਗਿਣਤੀ ਵਿੱਚ ਕਿਸਾਨ, ਮਜ਼ਦੂਰ ਅਤੇ ਔਰਤਾਂ ਨੇ ਸ਼ਮੂਲੀਅਤ ਕੀਤੀ । ਅੱਜ ਦੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਬੁਲਾਰਿਆਂ ਨੇ ਚਿਤਾਵਨੀ ਦਿੱਤੀ ਕਿ ਪ੍ਰਸ਼ਾਸਨ ਟਾਲ-ਮਟੋਲ ਦੀ ਨੀਤੀ ਤਿਆਗ ਕੇ ਮਸਲੇ ਦਾ ਸਥਾਈ ਹੱਲ ਕਰੇ । ਜਿੰਨਾਂ ਸਮਾਂ ਸਤਵੰਜਾ ਸਾਲਾਂ ਤੋਂ ਕਾਸ਼ਤ ਕਰਦੇ ਆ ਰਹੇ ਕਿਸਾਨਾਂ ਦੇ ਜ਼ਮੀਨੀ ਹੱਕ ਬਹਾਲ ਨਹੀਂ ਕੀਤੇ ਜਾਂਦੇ, ਉਨੀਂ ਦੇਰ ਤੱਕ ਇਹ ਮੋਰਚਾ ਨਾ ਸਿਰਫ ਜਾਰੀ ਰਹੇਗਾ ਸਗੋਂ ਹੋਰ ਵੀ ਤੇਜ਼ ਕੀਤਾ ਜਾਵੇਗਾ । ਆਗੂਆਂ ਨੇ ਦੋਸ਼ ਲਾਇਆ ਕਿ ਭਗਵੰਤ ਮਾਨ ਦੀ ਸਰਕਾਰ ਕਿਸਾਨਾਂ ਦੀ ਬਾਂਹ ਫੜਨ ਦੀ ਬਜਾਏ ਉਨ੍ਹਾਂ ਦਾ ਉਜਾੜਾ ਕਰਨ ‘ਤੇ ਲੱਗੀ ਹੋਈ ਹੈ ਅਤੇ ਧੱਕੇ ਨਾਲ ਕਿਸਾਨਾਂ ਨੂੰ ਜ਼ਮੀਨ ਤੋਂ ਬੇਦਖ਼ਲ ਕਰਕੇ ਭੂੰ ਮਾਫੀਆ ਦਾ ਪੱਖ ਪੂਰ ਰਹੀ ਹੈ । ਰੈਲੀ ਕਰਨ ਉਪਰੰਤ ਕਿਸਾਨਾਂ ਨੇ ਦਾਣਾ ਮੰਡੀ ਤੋਂ ਲੈ ਕੇ ਪੁਲਿਸ ਚੌਂਕੀ ਚੌਂਕ ਤੱਕ ਰੋਹ ਭਰਪੂਰ ਮੁਜ਼ਾਹਰਾ ਕੀਤਾ । ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਅਤੇ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਪ੍ਰਸ਼ਾਸਨ ਨਾਲ ਹੋਈਆਂ ਮੀਟਿੰਗਾਂ ਵਿੱਚ ਭਾਂਵੇ ਇੱਕ ਹਫ਼ਤੇ ਦਾ ਸਮਾਂ ਲਿਆ ਹੈ ਪ੍ਰੰਤੂ ਜਥੇਬੰਦੀ 30 ਸਤੰਬਰ ਤੋਂ ਬਾਅਦ ਅਗਲੇ ਐਕਸ਼ਨ ਦਾ ਐਲਾਨ ਕਰੇਗੀ । ਇਸ ਮੌਕੇ ਜਿਲਾ ਪ੍ਰਧਾਨ ਬਠਿੰਡਾ ਤੋਂ ਹਰਵਿੰਦਰ ਸਿੰਘ ਕੋਟਲੀ, ਮਾਨਸਾ ਤੋਂ ਲਖਵੀਰ ਸਿੰਘ ਅਕਲੀਆ, ਮਲੇਰਕੋਟਲਾ ਤੋਂ ਬੂਟਾ ਖਾਨ, ਸੰਗਰੂਰ ਤੋਂ ਰਣਧੀਰ ਸਿੰਘ ਭੱਟੀਵਾਲ, ਕਪੂਰਥਲਾ ਤੋਂ ਰਾਣਾ ਸਿੰਘ ਸੈਦੋਵਾਲ, ਬਲਕਾਰ ਸਿੰਘ ਚਹਿਲਾਂਵਾਲੀ, ਗੁਰਨਾਮ ਸਿੰਘ, ਨਾਹਰ ਸਿੰਘ ਬਠਿੰਡਾ, ਚਰਨਜੀਤ ਸਿੰਘ ਅਮਰਗੜ੍ਹ, ਸੁਖਦੇਵ ਸਿੰਘ ਘਰਾਂਚੋ, ਇਕਬਾਲ ਸਿੰਘ ਪਥਰਾਲਾ, ਮਨਜਿੰਦਰ ਕਮਲ ਕਪੂਰਥਲਾ, ਹਰਬੰਸ ਸਿੰਘ ਟਾਂਡੀਆਂ ਆਦਿ ਨੇ ਸੰਬੋਧਨ ਕੀਤਾ ਅਤੇ ਸਟੇਜੀ ਕਾਰਵਾਈ ਜਨਰਲ ਸਕੱਤਰ ਮਾਨਸਾ ਤਾਰਾ ਚੰਦ ਬਰੇਟਾ ਨੇ ਸੰਭਾਲੀ ।

NO COMMENTS