ਕੁਦਰਤੀ ਸਰੋਤਾਂ ਨੂੰ ਸੰਭਾਲਦੇ ਹੋਏ ਖੇਤੀ ਕਰਨ ਨੂੰ ਤਰਜੀਹ ਦਿੰਦਾ ਹੈ ਕਿਸਾਨ ਪਾਲ ਸਿੰਘ

0
8

ਮਾਨਸਾ, 05 ਅਕਤੂਬਰ (ਸਾਰਾ ਯਹਾ /ਹੀਰਾ ਸਿੰਘ ਮਿੱਤਲ) : ਕੁਦਰਤੀ ਆਬੋ-ਹਵਾ, ਮਿੱਟੀ ਦੀ ਸਿਹਤ ਅਤੇ ਪਾਣੀ ਦੇ ਵੱਡਮੁਲੇ ਖਜਾਨੇ ਨਾਲ ਖਿਲਵਾੜ ਦੇ ਇਵਜ ਵਜੋਂ ਜਦੋਂ ਕਿਸਾਨ ਦੀ ਮਿਹਨਤ, ਆਰਥਿਕਤਾ ਤੇ ਮਨੁੱਖੀ ਸਿਹਤ ਉੱਪਰ ਅਸਰ ਪੈਂਦਾ ਹੈ ਤਾਂ ਸਹਿਜੇ ਹੀ ਅੰਨਦਾਤਾ ਕਿਸਾਨ ਇਸ ਦੇ ਕਾਰਣ ਅਤੇ ਤਰੁੱਟੀਆਂ ਸਮਝਣ ਲਈ ਤਤਪਰ ਹੋ ਜਾਂਦਾ ਹੈ।ਜੇਕਰ ਕਿਸਾਨ ਇਹ ਮੁਸ਼ਕਲਾਂ ਸਮਝਕੇ ਇਹਨਾਂ ਨੂੰ ਸੁਧਾਰਣ ਲਈ ਨਵੀਆਂ ਵਿਕਸਤ ਕੀਤੀਆਂ ਖੇਤੀਬਾੜੀ ਤਕਨੀਕਾਂ ਨੂੰ ਅਪਣਾਉਣ ਲਈ ਨਵੀਆਂ ਵਿਕਸਤ ਕੀਤੀਆਂ ਖੇਤੀਬਾੜੀ ਤਕਨੀਕਾਂ ਨੂੰ ਅਪਣਾਉਣ ਲਈ ਪਹਿਲ ਕਰਦਾ ਹੈ ਤਾਂ ਉਹ ਅਵੱਸ਼ ਹੀ ਹੋਰਨਾਂ ਦੀਆਂ ਨਜਰਾਂ ਵਿੱਚ ਵਾਤਾਵਰਣ ਪ੍ਰੇਮੀ ਅਤੇ ਅਗਾਂਹਵਧੂ ਕਿਸਾਨ ਕਹਾਉਣ ਦਾ ਹੱਕਦਾਰ ਹੋ ਜਾਂਦਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਹੀ ਲੀਹਾਂ ’ਤੇ ਚੱਲਣ ਵਾਲੇ ਅਤੇ ਅਗਾਂਹਵਧੂ ਸੋਚ ਦੇ ਮਾਲਕ ਕਿਸਾਨ ਸ਼੍ਰੀ ਪਾਲ ਸਿੰਘ ਪੁੱਤਰ ਸ਼੍ਰੀ ਗੁਰਦਿਆਲ ਸਿੰਘ ਵਾਸੀ ਪਿੰਡ ਧਲੇਵਾਂ, ਬਲਾਕ ਭੀਖੀ, ਆਪਣੇ ਪਿਤਾ ਪੁਰਖੀ ਖੇਤੀ ਦੇ ਕਿੱਤੇ ਨਾਲ ਜੁੜੇ ਹੋਏ ਹਨ। ਉਨ੍ਹਾਂ ਦੱਸਿਆ ਕਿ ਅੱਠਵੀ ਪਾਸ ਕਿਸਾਨ ਪਾਲ ਸਿੰਘ 9 ਏਕੜ ਆਪਣੀ ਅਤੇ 4 ਏਕੜ ਠੇਕੇ ‘ਤੇ ਲੈ ਕੇ ਕੁਦਰਤੀ ਸਰੋਤਾਂ ਨੂੰ ਸੰਭਾਲ ਦੇ ਹੋਏ ਆਪਣੀ ਖੇਤੀ ਆਮਦਨ ਵਧਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ।ਉਨ੍ਹਾਂ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਇਹ ਕਿਸਾਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਭੀਖੀ ਦੇ ਮਾਹਿਰਾਂ ਨਾਲ ਜੁੜਕੇ ਕਣਕ ਝੋਨੇ ਦੀ ਰਹਿੰਦ-ਖੂੰਹਦ ਦੀ ਸੰਭਾਲ ਕਰਦੇ ਹੋਏ ਹੋਰ ਕਿਸਾਨਾ ਲਈ ਚਾਨਣ ਮੁਨਾਰਾ ਬਣ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਆਪਣੇ ਝੋਨੇ ਦੀ ਵਢਾਈ ਸੁਪਰ ਐਸ.ਐਮ.ਐਸ ਕੰਬਾਇਨ ਹਾਰਵੈਸਟਰ ਨਾਲ ਕਰਵਾਉਂਦਾ ਹੈ ਅਤੇ ਫਿਰ ਕਣਕ ਦੀ ਬਿਜਾਈ ਲਈ ਖੜੇ ਕਰਚਿਆਂ ਵਿੱਚ ਹੈਪੀ ਸੀਡਰ ਦੀ ਵਰਤੋਂ ਕਰਦਾ ਹੈ। ਕਿਸਾਨ ਮੁਤਾਬਕ ਇਸ ਤਰ੍ਹਾਂ ਬਿਜਾਈ ਕਰਨ ਨਾਲ ਪਾਣੀ ਅਤੇ ਖਾਦਾਂ ਦੀ ਬੱਚਤ ਅਤੇ ਕਣਕ ਵਿੱਚ ਨਦੀਨ ਨਾਸ਼ਕ ਦਵਾਈਆਂ ਦੀ ਬੱਚਤ ਨਾਲ ਪ੍ਰਤੀ ਏਕੜ 2000/-ਰੁਪਏ ਦੇ ਕਰੀਬ ਬਚ ਜਾਂਦੇ ਹਨ।ਕਿਸਾਨ ਮੁਤਾਬਕ ਇਸ ਤਰਾਂ ਦੀ ਤਕਨੀਕ ਅਪਣਾ ਕੇ ਉਨਾਂ ਦੇ ਖੇਤਾਂ ਦੀ ਬਣਤਰ ਵਿੱਚ ਸੁਧਾਰ ਅਤੇ ਭੂਮੀ ਵਿੱਚ ਜੈਵਿਕ ਮਾਦਾ, ਵੱਡੇ ਅਤੇ ਲਘੂ ਤੱਤਾਂ ਦੀ ਮਾਤਰਾ ਵਿੱਚ ਬਹੁਤਾਤ ਆਈ ਹੈ ਅਤੇ ਉਸਨੇ ਬੀਜੀ ਕਣਕ ਦਾ ਲਗਭਗ ਔਸਤਨ ਝਾੜ 23 ਕੁਇੰਟਲ ਅਤੇ ਝੋਨੇ ਦਾ 34 ਕੁਇੰਟਲ ਝਾੜ ਪ੍ਰਾਪਤ ਕੀਤਾ ਹੈ। ਉਨਾਂ ਦਾ ਮੰਨਣਾ ਹੈ ਕਿ ਕਣਕ ਦੀ ਬਿਜਾਈ ਲਈ ਸੁਪਰ ਐਸ.ਐਮ.ਐਸ, ਹੈਪੀਸੀਡਰ ਅਤੇ ਨਵੇਂ ਆਏ ਸੁਪਰਸੀਡਰ ਦੀ ਵਰਤੋਂ ਪੰਜਾਬ ਨੂੰ ਕਾਫੀ ਹੱਦ ਤੱਕ ਪਰਾਲੀ ਸਾੜਣ ਦੀ ਸਮੱਸਿਆ ਤੋਂ ਨਿਜਾਤ ਦਿਵਾ ਸਕਦੀ ਹੈ।

NO COMMENTS