ਚੰਡੀਗੜ੍ਹ: ਕੋਰੋਨਾਵਾਇਰਸ ਪੂਰੀ ਦੁਨੀਆ ‘ਚ ਤੇਜ਼ੀ ਨਾਲ ਫੈਲ ਰਿਹਾ ਹੈ। ਅਜਿਹੇ ‘ਚ ਸੋਸ਼ਲ ਡਿਸਟੈਂਸਿੰਗ ਕਰਨ ਲਈ ਕਿਹਾ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਲੌਕ ਡਾਊਨ ਵੀ ਕੀਤਾ ਗਿਆ ਹੈ। ਜਾਗਰੂਕਤਾ ਵੀ ਫੈਲਾਈ ਜਾ ਰਹੀ ਹੈ, ਪਰ ਨਾਲ ਹੀ ਕਈ ਤਰ੍ਹਾਂ ਦੀਆਂ ਅਫਵਾਹਾਂ ਵੀ ਫੈਲ ਰਹੀਆਂ ਹਨ। ਇੱਕ ਅਜਿਹੀ ਹੀ ਅਫਵਾਹ ਇਹ ਵੀ ਹੈ ਕਿ ਕੋਰੋਨਾਵਾਇਰਸ ਹਵਾ ਨਾਲ ਫੈਲਦਾ ਹੈ।
ਇਸ ਦਾ ਵਿਸ਼ਵ ਸਿਹਤ ਸੰਗਠਨ ਨੇ ਖੰਡਨ ਕੀਤਾ ਹੈ। ਵਿਸ਼ਵ ਸਿਹਤ ਸੰਗਠਨ ਨੇ ਸਾਫ ਕੀਤਾ ਹੈ ਕਿ ਕੋਰੋਨਾਵਾਇਰਸ ਸਿਰਫ ਇੱਕ ਸੰਕਰਮਿਤ ਵਿਅਕਤੀ ਦੇ ਸੰਪਰਕ ‘ਚ ਆਉਣ ਨਾਲ ਫੈਲਦਾ ਹੈ। ਉਸ ਨੇ ਕਿਹਾ ਕਿ ਕੋਰੋਨਾਵਾਇਰਸ ਦਾ ਸੰਕਰਮਣ ਹਵਾ ਨਾਲ ਨਹੀਂ ਫੈਲਦਾ, ਕਿਉਂਕਿ ਇਹ ਸਿਰਫ ਥੁੱਕ ਦੇ ਕਣਾਂ ਤੋਂ ਹੀ ਫੈਲਦਾ ਹੈ। ਇਹ ਕਣ ਖੰਘ, ਛਿੱਕ ਤੇ ਬੋਲਣ ਨਾਲ ਸਰੀਰ ਤੋਂ ਬਾਹਰ ਨਿਕਲਦੇ ਹਨ।
ਥੁੱਕ ਦੇ ਕਣ ਇੰਨੇ ਹਲਕੇ ਹੁੰਦੇ ਹਨ ਜੋ ਹਵਾ ਦੇ ਨਾਲ ਉੜ ਜਾਂਦੇ ਹਨ। ਉਹ ਬਹੁਤ ਜਲਦੀ ਜ਼ਮੀਨ ‘ਤੇ ਡਿੱਗ ਜਾਂਦੇ ਹਨ। ਵਿਸ਼ਵ ਸਿਹਤ ਸੰਗਠਨ ਮੁਤਾਬਕ ਜੇਕਰ ਕੋਈ ਸੰਕਰਮਿਤ ਵਿਅਕਤੀ ਦੇ ਇੱਕ ਮੀਟਰ ਦੇ ਦਾਇਰੇ ‘ਚ ਖੜ੍ਹਾ ਹੁੰਦਾ ਹੈ ਤਾਂ ਕੋਰੋਨਾਵਾਇਰਸ ਸਾਹ ਜ਼ਰੀਏ ਉਸ ਦੇ ਸਰੀਰ ਵਿੱਚ ਜਾ ਸਕਦਾ ਹੈ। ਅਜਿਹੇ ‘ਚ ਹੱਥ ਲਗਾਤਾਰ ਧੌਂਦੇ ਰਹੋ।