*ਕੀ ਪੰਜਾਬ ‘ਚ ਉਪਲਬਧ ਨਹੀਂ ਹਨ ਲੋੜੀਂਦੇ ਬੈਲਟ ਪੇਪਰ? ਆਮ ਆਦਮੀ ਪਾਰਟੀ ਨੇ ਉਠਾਏ ਸਵਾਲ*

0
20

07,ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼): ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਵਿੱਚ ਤਿੰਨ ਦਿਨ ਬਾਕੀ ਹਨ। ਪਰ ਹੁਣ ਤੱਕ ਚੋਣਾਂ ਦੌਰਾਨ ਡਿਊਟੀ ’ਤੇ ਲੱਗੇ ਸਾਰੇ ਮੁਲਾਜ਼ਮ ਆਪਣੀ ਵੋਟ ਨਹੀਂ ਪਾ ਸਕੇ ਹਨ। ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਦੋਸ਼ ਲਾਇਆ ਹੈ ਕਿ ਚੋਣ ਕਮਿਸ਼ਨ ਲੋੜੀਂਦੀ ਗਿਣਤੀ ਵਿੱਚ ਬੈਲਟ ਪੇਪਰ ਮੁਹੱਈਆ ਨਹੀਂ ਕਰਵਾ ਰਿਹਾ। ਬੈਲਟ ਪੇਪਰ ਰਾਹੀਂ ਵੋਟ ਪਾਉਣ ਦੀ ਆਖਰੀ ਮਿਤੀ 9 ਮਾਰਚ ਹੈ।

ਦੱਸ ਦਈਏ ਕਿ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ਲਈ 20 ਫਰਵਰੀ ਨੂੰ ਵੋਟਾਂ ਪਈਆਂ ਸੀ। ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ 10 ਮਾਰਚ ਨੂੰ ਆਉਣੇ ਹਨ। ‘ਆਪ’ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ, ‘ਚੋਣ ਕਮਿਸ਼ਨ ਸਹੀ ਕੰਮ ਨਹੀਂ ਕਰ ਰਿਹਾ। ਇੰਝ ਲੱਗਦਾ ਹੈ ਜਿਵੇਂ ਚੋਣ ਕਮਿਸ਼ਨ ਸੱਤਾਧਾਰੀ ਪਾਰਟੀਆਂ ਦੇ ਇਸ਼ਾਰੇ ‘ਤੇ ਕੰਮ ਕਰ ਰਿਹਾ ਹੈ।”

ਹਰਪਾਲ ਸਿੰਘ ਚੀਮਾ ਨੇ ਦਾਅਵਾ ਕੀਤਾ ਹੈ ਕਿ ਸਰਕਾਰੀ ਅਧਿਕਾਰੀਆਂ ਨੇ ਸੂਬਾ ਸਰਕਾਰ ਵਿਰੁੱਧ ਵੋਟਾਂ ਪਾਈਆਂ ਹਨ। ਉਨ੍ਹਾਂ ਕਿਹਾ, ‘‘ਸੱਤਾ ਵਿੱਚ ਬੈਠੀਆਂ ਪਾਰਟੀਆਂ ਡਰ ਰਹੀਆਂ ਹਨ। ਡਰ ਇਹ ਹੈ ਕਿ ਸਰਕਾਰੀ ਕਰਮਚਾਰੀ ਉਨ੍ਹਾਂ ਦੇ ਖਿਲਾਫ ਵੋਟ ਕਰਨਗੇ। ਪਿਛਲੇ ਕਈ ਸਾਲਾਂ ਤੋਂ ਲਗਪਗ ਹਰ ਵਿਭਾਗ ਦੇ ਮੁਲਾਜ਼ਮ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਹਨ। ਜਿਸ ਕਾਰਨ ਸੱਤਾ ਵਿੱਚ ਬੈਠੀਆਂ ਪਾਰਟੀਆਂ ਦਾ ਡਰ ਵਧ ਗਿਆ ਹੈ।

ਅਮਨ ਅਰੋੜਾ ਨੇ ਵੀ ਉਠਾਇਆ ਇਹ ਮੁੱਦਾ

‘ਆਪ’ ਆਗੂ ਅਮਨ ਅਰੋੜਾ ਨੇ ਵੀ ਬੈਲਟ ਪੇਪਰ ਲੋੜੀਂਦੀ ਮਾਤਰਾ ਵਿੱਚ ਉਪਲਬਧ ਨਾ ਹੋਣ ਦਾ ਦੋਸ਼ ਲਾਇਆ ਹੈ। ‘ਆਪ’ ਆਗੂ ਨੇ ਕਿਹਾ, ”ਸਰਕਾਰੀ ਮੁਲਾਜ਼ਮ ਚੋਣਾਂ ਕਰਵਾਉਣ ਲਈ ਦਿਨ-ਰਾਤ ਕੰਮ ਕਰ ਰਹੇ ਹਨ। ਪਰ ਬੜੇ ਦੁੱਖ ਦੀ ਗੱਲ ਹੈ ਕਿ ਉਨ੍ਹਾਂ ਕੋਲ ਵੋਟ ਪਾਉਣ ਲਈ ਬੈਲਟ ਪੇਪਰ ਉਪਲਬਧ ਨਹੀਂ ਹਨ। ਵੋਟਿੰਗ ਹਰ ਨਾਗਰਿਕ ਦਾ ਅਧਿਕਾਰ ਹੈ ਅਤੇ ਚੋਣ ਕਮਿਸ਼ਨ ਨੂੰ ਇਸ ਅਧਿਕਾਰ ਦੀ ਰਾਖੀ ਕਰਨੀ ਚਾਹੀਦੀ ਹੈ।

ਹਾਲਾਂਕਿ ਇਸ ਸਬੰਧੀ ਚੋਣ ਕਮਿਸ਼ਨ ਵੱਲੋਂ ਅਜੇ ਤੱਕ ਕੁਝ ਨਹੀਂ ਕਿਹਾ ਗਿਆ ਹੈ। ਆਮ ਆਦਮੀ ਪਾਰਟੀ ਤੋਂ ਇਲਾਵਾ ਹੋਰ ਕਿਸੇ ਵੀ ਸਿਆਸੀ ਪਾਰਟੀ ਵੱਲੋਂ ਅਜਿਹਾ ਕੋਈ ਮੁੱਦਾ ਨਹੀਂ ਉਠਾਇਆ ਗਿਆ। ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਸੀਐਮ ਦਾ ਚਿਹਰਾ ਬਣਾ ਕੇ ਪੰਜਾਬ ਵਿਧਾਨ ਸਭਾ ਚੋਣਾਂ ਲੜੀਆਂ ਹਨ।

NO COMMENTS