*ਕੀ ਤੁਸੀਂ ਵੀ ਵੇਖੀ ਹੈ ਸੁੰਨੇ ਰਸਤੇ ‘ਤੇ ਲੱਗੀ ਨਕਲੀ ਸ਼ਬੀਲ ?*

0
485

 ਕੀ ਤੁਸੀਂ ਵੀ ਵੇਖੀ ਹੈ ਸੁੰਨੇ ਰਸਤੇ ‘ਤੇ ਲੱਗੀ ਨਕਲੀ ਸ਼ਬੀਲ ?

  ਪਿਆਸੇ ਨੂੰ ਪਾਣੀ ਪਿਲਾਓਣਾ ਬਹੁਤ ਵੱਡੇ ਪੁੱਨ ਦਾ ਕਾਰਜ ਹੁੰਦਾ ਹੈ। ਅੱਜ ਕੱਲ੍ਹ ਦੇ ਦਿਨਾਂ ਵਿੱਚ ਸ਼੍ਰੀ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਠੰਢੇ ਮਿੱਠੇ ਪਾਣੀ ਦੀਆਂ ਸ਼ਬੀਲਾਂ ਸੰਗਤਾਂ ਵੱਲੋਂ ਆਮ ਲਗਾਈਆਂ ਜਾਂਦੀਆਂ ਹਨ। ਜਿਨ੍ਹਾਂ ਵਿੱਚ ਤਪਦੀ ਗਰਮੀ ਵਿੱਚ ਸਫ਼ਰ ਕਰਦੇ ਮੁਸਾਫਰਾਂ ਨੂੰ ਠੰਢਾ ਮਿੱਠਾ ਪਾਣੀ ਪਿਲਾਉਣ ਦੀ ਸੇਵਾ ਬੜੇ ਸੇਵਾ ਭਾਵਨਾ ਨਾਲ ਕੀਤੀ ਜਾਂਦੀ ਹੈ।     ਪਰ ਇਸ ਸੇਵਾ ਕਾਰਜ ਦੀ ਆੜ ਲੈ ਕੇ ਕੁਝ ਗਲਤ ਅਨਸਰਾਂ ਵੱਲੋਂ ਸੁੰਨੇ ਰਸਤਿਆਂ ਉੱਤੇ ਨਕਲੀ ਸ਼ਬੀਲਾਂ ਵੀ ਲਗਾਈਆਂ ਗਈਆਂ ਵੇਖੀਆਂ ਜਾ ਰਹੀਆਂ ਹਨ ਜੋ ਇੱਕ ਟੱਬ, ਇੱਕ-ਦੋ ਜੱਗ ਅਤੇ ਪੰਜ-ਸੱਤ ਗਲਾਸ ਰੱਖ ਕੇ, ਅੱਧ ਮਿੱਠਾ, ਕੋਸਾ ਜਿਹਾ ਪਾਣੀ ਤਿਆਰ ਰੱਖਦੇ ਹਨ। ਉਹ ਪਹਿਲਾਂ ਉਥੋਂ ਲੰਘ ਰਹੇ ਰਾਹਗੀਰ ਨੂੰ ਪੂਰਾ ਜ਼ੋਰ ਲਾ ਕੇ ਰੋਕਦੇ ਹਨ ਅਤੇ ਪਾਣੀ ਦਾ ਗਿਲਾਸ ਫੜਾਉਂਦੇ ਹਨ।

ਹਾਲੇ ਰਾਹਗੀਰ ਨੇ ਮਸਾਂ ਅੱਧਾ ਗਲਾਸ ਪਾਣੀ ਪੀਤਾ ਹੁੰਦਾ ਹੈ ਤਾਂ ਉਹ ਬੜੀ ਨਿਮਰਤਾ ਨਾਲ ਆਖਦੇ ਹਨ ਕਿ ਸਾਡੇ ਕੋਲ ਸਰਬਤ ਮੁੱਕ ਗਿਆ ਹੈ ਜਾਂ ਖੰਡ, ਬਰਫ਼ ਆਦਿ ਮੁੱਕੀ ਹੋਈ ਹੈ, ਤੁਸੀਂ ਸੇਵਾ ਕਰਕੇ ਜਾਓ ਭਾਵ ਦੋ-ਚਾਰ ਸੌ ਰੁਪਏ ਦੇ ਕੇ ਜਾਓ ਤਾਂ ਕਿ ਸ਼ਾਮ ਤੱਕ ਸ਼ਬੀਲ ਚਲਾਈ ਜਾ ਸਕੇ। ਗਰਮੀ ਦਾ ਝੰਬਿਆ ਰਾਹਗੀਰ ਪਾਣੀ ਪੀਣ ਰੁੱਕ ਤਾਂ ਜਾਂਦਾ ਹੈ ਪਰ ਉਨ੍ਹਾਂ ਦੀ ਇਸ ਬੇਨਤੀ ਤੋਂ ਬਾਅਦ ਉਨ੍ਹਾਂ ਦੀਆਂ ਸ਼ਕਲਾਂ ਅਤੇ ਉਨ੍ਹਾਂ ਦੇ ਸਮਾਨ ਨੂੰ ਵੇਖ ਕੇ ਸਭ ਕੁਝ ਸਮਝ ਜਾਂਦਾ ਹੈ ਅਤੇ 100-200 ਦੇ ਕੇ ਉਥੋਂ ਖਿਸਕਣ ਵਿੱਚ ਹੀ ਭਲਾਈ ਮਹਿਸੂਸ ਕਰਦਾ ਹੈ। ਸਹਿਜੇ ਹੀ ਸਮਝਿਆ ਜਾ ਸਕਦਾ ਹੈ ਕਿ ਇਹ ਗ਼ਲਤ ਅਨਸਰ ਇਕੱਠੇ ਹੋਏ ਪੈਸਿਆਂ ਨਾਲ ਸਰਬਤ ਦੀਆਂ ਬੋਤਲਾਂ ਲਿਆਉਂਦੇ ਹੋਣਗੇ ਜਾਂ ਕਿਸੇ ਹੋਰ ਤਰ੍ਹਾਂ ਦੀਆਂ ਬੋਤਲਾਂ ਦਾ ਪ੍ਰਬੰਧ ਕਰਦੇ ਹੋਣਗੇ। ਖਦਸ਼ਾ ਹੈ ਕਿ ਮੌਕਾ ਵੇਖ ਕੇ ਲੁੱਟ ਖੋਹ ਵੀ ਲਾਜ਼ਮੀ ਕਰਦੇ ਹੋਣਗੇ।   

ਚਾਨਣ ਦੀਪ ਸਿੰਘ ਔਲਖ

 ਇਨ੍ਹਾਂ ਨਕਲੀ ਸ਼ਬੀਲਾਂ ਦੀ ਪਹਿਚਾਣ ਇਹ ਹੈ ਕਿ ਇਹ ਆਬਾਦੀ ਵਾਲੀ ਥਾਂ ਉਤੇ ਨਹੀਂ ਸਗੋਂ ਸੁੰਨੇ ਰਸਤਿਆਂ ਉੱਤੇ ਲੱਗੀਆਂ ਹੁੰਦੀਆਂ ਹਨ। ਸ਼ਬੀਲ ਉਤੇ ਸੀਮਤ ਜਿਹਾ ਸਮਾਨ ਹੋਵੇਗਾ ਅਤੇ ਉਥੇ 2-3 ਤੋਂ ਵੱਧ ਵਿਅਕਤੀ ਨਹੀਂ ਹੋਣਗੇ। ਇਸ ਤਰ੍ਹਾਂ ਦੀਆਂ ਸ਼ਬੀਲਾਂ ਤੇ ਰੁਕਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਸਥਾਨਕ ਬਸ਼ਿੰਦਿਆਂ ਨੂੰ ਵੀ ਇਸ ਤਰ੍ਹਾਂ ਦੀ ਨਕਲੀ ਸ਼ਬੀਲ ਬਾਰੇ ਘੋਖ ਪੜਤਾਲ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਕਿ ਸ਼ਬੀਲ ਦੀ ਮਹਾਨ ਪਰੰਪਰਾ ਨੂੰ ਕੁਝ ਗਲਤ ਅਨਸਰਾਂ ਵੱਲੋਂ ਆਪਣੇ ਘਟੀਆ ਮਨਸੂਬਿਆਂ ਤਹਿਤ ਬਦਨਾਮ ਨਾ ਕੀਤਾ ਜਾ ਸਕੇ।

NO COMMENTS