*ਕਿੱਧਰ ਨੂੰ ਜਾ ਰਿਹਾ ਹੈ ਮੇਰਾ ਸਮਾਜ਼? ਅਸੀਂ ਬੋਲਦੇ ਕਿਉਂ ਨਹੀਂ?*

0
3

ਪੰਜਾਬ ਵਿੱਚ ਪਿੱਛਲੇ ਕੁੱਝ ਸਮੇਂ ਵਿੱਚ ਹੀ ਵਿਸ਼ਵ ਪ੍ਰਸਿੱਧੀ ਖਿਡਾਰੀਆਂ ਅਤੇ ਹੋਰ ਕਈ ਮਸ਼ਹੂਰ ਹਸਤੀਆਂ ਦਾ ਸ਼ਰੇਆਮ ਕਤਲ ਕਰ ਦਿੱਤਾ ਜਾਂਦਾ ਹੈ ਇਨ੍ਹਾਂ ਘਟਨਾਵਾਂ ਦੀ ਜਾਂਚ ਪੜਤਾਲ ਪੂਰੀ ਨਹੀਂ ਹੁੰਦੀ ਕਿ ਮਾਨਸਾ ਜਿਲ੍ਹੇ ਵਿੱਚ ਵੀ ਇੱਕ ਮਦਭਾਗੀ ਘਟਨਾ ਵਾਪਰਦੀ ਹੈ ਜਿਸ ਵਿੱਚ ਦੁਨੀਆਂ ਦੇ ਮਸ਼ਹੂਰ ਕਲਾਕਾਰ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲੇ ਦਾ 29 ਮਈ 2022 ਜਵਾਹਰਕੇ ਪਿੰਡ ਵਿੱਚ ਅਣਪਛਾਤੇ ਮੁਜ਼ਰਮਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ। ਜਿਸ ਵਿੱਚ ਸਿੱਧੂ ਮੂਸੇ ਵਾਲੇ ਦੇ ਦੋ ਸਾਥੀਆਂ ਨੂੰ ਵੀ ਗੋਲੀਆਂ ਲੱਗਦੀਆਂ ਹਨ ਅਤੇ ਜਖ਼ਮੀ ਰੂਪ ਵਿੱਚ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਜਾਂਦਾ ਹੈ। 
ਜਿਉਂ ਹੀ ਸਿੱਧੂ ਮੂਸੇ ਵਾਲੇ ਦਾ ਕਤਲ ਹੁੰਦਾ ਹੈ ਸਾਰੇ ਪੰਜਾਬ ਦੇ ਵਿੱਚ ਇਸ ਕਤਲ ਦੀ ਨਿੰਦਿਆ ਅਤੇ ਵਿਰੋਧ ਕਰਨਾ ਸ਼ੁਰੂ ਹੋ ਜਾਂਦਾ ਹੈ। ਵਿਰੋਧ ਕਰਨਾ ਲਾਜ਼ਮੀ ਹੈ ਤੇ ਕਰਨਾ ਵੀ ਚਾਹੀਦਾ ਹੈ ਕਿਉਂ ਕਿ ਸਿੱਧੂ ਮੂਸੇ ਵਾਲਾ ਪੰਜਾਬ ਦਾ ਹੀ ਨਹੀਂ ਵਿਸ਼ਵ ਪ੍ਰਸਿੱਧੀ ਕਲਾਕਾਰ ਸੀ। ਨੌਜਵਾਨ ਵਰਗ ਦਾ ਚਹੇਤਾ ਕਲਾਕਾਰ ਸੀ, ਜਿਸਦਾ ਸਾਰੇ ਪੰਜਾਬ ਦੇ ਵਾਸੀਆਂ ਅਤੇ ਨੌਜਵਾਨ ਵਰਗ ਵਿੱਚ ਭਾਰੀ ਦੁੱਖ ਜਤਾਇਆ ਗਿਆ। ਪਰ ਕਦੇ ਆਪਾਂ ਇਹ ਸੋਚਿਆ ਕਿ ਇਹ ਹੱਤਿਆਕਾਂਡ ਕੀਤੇ ਕਿਉਂ ਜਾਂਦੇ ਹਨ? ਇਸ ਵਿੱਚ ਕੀ ਮਕਸਦ ਹੈ? ਕੀ ਇਹ ਰਾਜਨੀਤਿਕ ਹੱਤਿਆਵਾਂ ਤਾਂ ਨਹੀਂ?ਕੀ ਗੈੰਗਵਾਰ ਵਿੱਚ ਆਪਸੀ ਰੰਜਿਸ਼ ਦਾ ਕਾਰਨ ਤਾਂ ਨਹੀਂ ?ਇਸ ਬਾਰੇ ਸੋਚਣਾ ਤਾਂ ਜਰੂਰ ਪਵੇਗਾ…
ਸਿੱਧੂ ਮੂਸੇ ਵਾਲੇ ਤੇ ਰਾਜਨੀਤਿਕ ਪਾਰਟੀਆਂ ਵੱਲੋਂ ਕਿਉਂ ਰਾਜਨੀਤੀ ਕੀਤੀ ਜਾ ਰਹੀ ਹੈ….ਆਪੋ ਆਪਣੀਆਂ ਰੋਟੀਆਂ ਸੇਕ ਰਹੇ ਨੇ ….ਕਿਉਂ ਸਿੱਧੂ ਦੇ ਮਾਤਾ ਪਿਤਾ ਨੂੰ ਰਾਜਨੀਤੀ ਦੀ ਗੰਦਲੀ ਦਲਦਲ ਵਿੱਚ ਧੱਕਿਆ ਜਾ ਰਿਹਾ….ਸ਼ਰਮ ਕਰੋ ਕਿਉਂ ਉਨ੍ਹਾਂ ਦੇ ਜਜਬਾਤਾਂ ਨਾਲ ਖਿਲਵਾੜ ਕਰਦੇ ਹੋ।
ਨਵੀਂ ਬਣੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੂੰ ਇਨ੍ਹਾਂ ਹੱਤਿਆਵਾਂ ਦੀ ਜਿੰਮੇਵਾਰ ਮੰਨਣਾ ਕੀ ਇਹ ਸਹੀ ਹੈ? ਮੈਂ ਕਿਸੇ ਵੀ ਪਾਰਟੀ ਨੂੰ ਮਾੜਾ ਨਹੀਂ ਕਹਿੰਦਾ ਕਿਸੇ ਵੀ ਪਾਰਟੀ ਦਾ ਸਮੱਰਥਨ ਨਹੀਂ ਕਰਦਾ…ਪਰ ਇੱਕ ਗੱਲ ਹੈ ਕਿ ਪੰਜਾਬ ਵਿੱਚ ਇਸ ਤੋਂ ਪਹਿਲਾਂ ਕਦੇ ਕੋਈ ਕਤਲ ਨਹੀਂ ਹੋਇਆ…?
ਇੱਕ ਅਨਿਲ ਕਪੂਰ ਦੀ ਫਿਲਮ ਆਈ ਸੀ ਨਾਇਕ। ਨਾਇਕ ਵਿੱਚ ਜਦੋਂ ਮੁੱਖ ਮੰਤਰੀ 24 ਘੰਟੇ ਲਈ ਬਣ ਕੇ ਭ੍ਰਿਸ਼ਟਾਚਾਰੀਆਂ ਨੂੰ ਫੜਨ ਲੱਗਾ ਤਾਂ ਵਿਰੋਧੀਆਂ ਪਾਰਟੀਆਂ ਨੇ ਦੰਗੇ, ਕਤਲ, ਅੱਗਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਕਿ ਨਾਇਕ ਨੂੰ ਨਲਾਇਕ ਮੁੱਖ ਮੰਤਰੀ ਸਾਬਤ ਕੀਤਾ ਜਾ ਸਕੇ।….. ਇਸ਼ਾਰਾ ਸਮਝ ਗਏ ਹੋਵੋਂਗੇ। ਰਾਜਨੀਤੀ ਵਿੱਚ ਹੁੰਦਾ ਹੀ ਏਦਾਂ ਹੈ ।
ਜਿਹੜੇ ਸਿੰਘ ਜੇਲ੍ਹਾਂ ਵਿੱਚ ਕਿੰਨੇ ਲੰਬੇ ਸਮੇਂ ਤੋਂ ਬੰਦ ਨੇ ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਦਵਿੰਦਰਪਾਲ ਸਿੰਘ ਭੁੱਲਰ, ਭਾਈ ਗੁਰਮੀਤ ਸਿੰਘ ਪਟਿਆਲਾ, ਭਾਈ ਲਖਵਿੰਦਰ ਸਿੰਘ ਨਾਰੰਗਵਾਲ, ਭਾਈ ਸ਼ਮਸ਼ੇਰ ਸਿੰਘ ਉਕਸੀ, ਭਾਈ ਗੁਰਦੀਪ ਸਿੰਘ ਜੱਲੂਪੁਰ ਖੈੜਾ ਇਨ੍ਹਾਂ ਬਾਰੇ ਕਿਉਂ ਨਹੀਂ ਬੋਲੇ….ਸਿੱਖ ਕੌਮ ਦੀਆਂ ਵੋਟਾਂ ਲੈਣ ਲਈ ਇਨ੍ਹਾਂ ਸਿੰਘਾਂ ਨੂੰ ਯਾਦ ਕਰ ਲਿਆ ਜਾਂਦਾ…. ਪਰ ਬੋਲਦੇ ਨਹੀਂ?
12 ਅਕਤੂਬਰ 2015 ਵਿੱਚ ਇੱਕ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਕਾਂਡ ਹੋਇਆ ਸੀ ਜਿਸ ਵਿੱਚ ਦੋ ਸਿੱਖ ਨੌਜਵਾਨਾਂ ਦੀ ਮੌਤ ਹੋ ਗਈ ਸੀ ਤੇ 100 ਤੋਂ ਵੱਧ ਲੋਕ ਜਖ਼ਮੀ ਹੋਏ ਸਨ ਜਿਸ ਦੀ ਜਾਂਚ ਅਧੂਰੀ ਹੈ ਕਿਉਂ ?
19 ਅਕਤੂਬਰ 2018 ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦੁਸਿਹਰੇ ਵਾਲੇ ਦਿਨ ਰਾਤ ਨੂੰ ਟਰੇਨ ਹਾਦਸੇ ਵਿੱਚ 59 ਮੌਤਾਂ ਹੋਈਆਂ ਸਨ, ਪਰ ਅੱਜ ਤੱਕ ਦੀ ਜਾਂਚ ਅਧੂਰੀ ਪਈ ਹੈ….ਕਿਉਂ ?
ਕਿੰਨੇ ਕੇਸਾਂ ਵਿੱਚ ਰਾਜਨੀਤਿਕ ਆਗੂਆਂ ਦੇ ਨਾਮ ਹਨ..ਕੋਈ ਕਾਰਵਾਈ ਹੋਈ….ਅੱਜ ਸਿਰਫ਼ ਸਿੱਧੂ ਮੂਸੇ ਵਾਲੇ ਲਈ ਇਨਸਾਫ਼ ਨਾ ਮੰਗੋ…ਇਨਸਾਫ਼ ਮੰਗਣਾ ਤਾਂ ਸਿੱਧੂ ਮੂਸੇ ਵਾਲੇ ਵਰਗੇ ਹੋਰ ਜੋ ਬੇਦੋਸ਼ੇ ਮਾਰੇ ਗਏ ਉਨ੍ਹਾਂ ਲਈ ਵੀ ਇਨਸਾਫ਼ ਮੰਗੋ…..ਤੁਹਾਡੀ ਜਮੀਰ ਜਾਗਦੀ ਹੈ ਤਾਂ ਸਹੀ ਦੱਸਣਾ ਕੀ ਇਸ ਤੋਂ ਪਹਿਲਾਂ ਵਾਲੀਆਂ ਸਰਕਾਰਾਂ ਦਾ ਵਿਰੋਧ ਕੀਤਾ ਸੀ…ਕਿੰਨੇ ਵੱਡੇ ਵੱਡੇ ਰਾਜਨੀਤਿਕ ਆਗੂ ਸਰਕਾਰੀ ਖਜਾਨੇ ਖਾ ਗਏ…ਕੋਈ ਬੋਲਿਆ….ਗਰੀਬ ਬੱਚਿਆਂ ਦੀ ਸਕੌਲਰਸ਼ਿਪ ਵੀ ਖਾ ਗਏ…ਕੋਈ ਬੋਲਿਆ….? 
ਪੰਜਾਬੀਓ ਪੰਜਾਬ ਬੜੇ ਨਾਜ਼ੁਕ ਦੌਰ ਵਿੱਚੋਂ ਗੁਜ਼ਰ ਰਿਹਾ ਹੈ, ਕੁੱਝ ਅਕਲ ਨੂੰ ਹੱਥ ਮਾਰੋ…ਜਾਗੋ..ਜਾਗੋ ਇਹ ਰਾਜਨੀਤਿਕ ਲੋਕ ਤੁਹਾਡਾ ਇਸਤੇਮਾਲ ਕਰ ਰਹੇ ਹਨ। ਇਹ ਬੰਦੂਕ ਤੁਹਾਡੇ ਮੋਢੇ ਤੇ ਰੱਖਦੇ ਹਨ ਤੇ ਸ਼ਿਕਾਰ ਵੀ ਤੁਹਾਡੇ ਭੈਣ ਭਰਾਵਾਂ ਦਾ ਕਰਦੇ ਹਨ। ਇਨ੍ਹਾਂ ਦਾ ਮਕਸਦ ਸਿਰਫ਼ ਤੇ ਸਿਰਫ਼ ਪਾੜੋ ਤੇ ਰਾਜ ਕਰੋ ਹੈ। 
ਵਿਰੋਧ ਕਰੋ ਪਰ ਆਪਣੇ ਭਵਿੱਖ ਦੇ ਦੁਸ਼ਮਣਾਂ ਦਾ ਕਰੋ ਜਿਨ੍ਹਾਂ ਦੀ ਬਦੌਲਤ ਅੱਜ ਪੰਜਾਬ ਅਤੇ ਪੰਜਾਬੀਅਤ ਖਤਮ ਹੋਣ ਕਿਨਾਰੇ ਹੈ… 
ਪੰਜ ਦਰਿਆਵਾਂ ਵਾਲੇ ਪੰਜਾਬ ਵਿੱਚ ਇੱਕ ਨਸ਼ੇ ਦਾ ਛੇਵਾਂ ਦਰਿਆ ਬਣ ਗਿਆ ਜਿਸ ਨੂੰ ਵਧਾਉਣ ਵਾਲੇ ਸਾਡੇ ਪਾਲੇ ਹੋਏ ਰਾਜਨੀਤਿਕ ਲੋਕ ਹੀ ਹਨ, ਇਨ੍ਹਾਂ ਦਾ ਵਿਰੋਧ ਕਿਉਂ ਨਹੀਂ ਕੀਤਾ?ਨਸ਼ੇ ਦੀ ਦਲਦਲ ਵਿੱਚ ਜਾ ਚੁੱਕੇ ਕਿੰਨੇ ਨੌਜਵਾਨਾਂ ਨੇ ਆਪਣੀ ਜਾਨ ਦੇ ਦਿੱਤੀ ਕੀ ਇਹ ਨੌਜਵਾਨ ਪੰਜਾਬ ਦੇ ਵਾਸੀ ਨਹੀਂ ?  ਕਿੰਨੇ ਆਵਾਰਾ ਪਸ਼ੂਆਂ ਦੇ ਕਾਰਨ ਐਕਸੀਡੈੰਟਾਂ ਵਿੱਚ ਮਾਰੇ ਗਏ…ਉਹ ਵੀ ਪੰਜਾਬ ਦੇ ਵਾਸੀ ਹੀ ਸਨ। ਕਿੰਨੇ ਮਾਂ ਬਾਪ ਬੇਸਹਾਰਾ ਹੋ ਗਏ..ਇਨ੍ਹਾਂ ਦਾ ਵਿਰੋਧ ਕਿਉਂ ਨਹੀਂ ਕੀਤਾ?
ਮੈਂ ਕੋਈ ਸਿੱਧੂ ਮੂਸੇ ਵਾਲੇ ਦਾ ਵਿਰੋਧੀ ਨਹੀਂ …ਮੈਂ ਵੀ ਉਸਦਾ ਪ੍ਰਸ਼ੰਸਕ ਹਾਂ..ਮੈਨੂੰ ਮਾਣ ਹੈ ਉਸਤੇ ਜਿਸ ਕਰਕੇ ਮੇਰੇ ਮਾਨਸਾ ਦ‍ਾ ਨਾਮ ਪੂਰੀ ਦੁਨੀਆਂ ਤੇ ਛਾਇਆ ਪਿਆ ਹੈ। ਅੱਜ ਸਿੱਧੂ ਮੂਸੇ ਵਾਲੇ ਦਾ ਨਾਮ ਲੈਣ ਤੇ ਮਾਣ ਮਹਿਸੂਸ ਹੁੰਦਾ ਹੈ।
ਬਸ ਮੇਰਾ ਤਾਂ ਮਤਲੱਬ ਇਹ ਹੈ ਕੀ ਬੋਲਣਾ ਜਰੂਰ ਚਾਹੀਦਾ ਹੈ, ਹਰ ਉਸ ਗਲਤ ਫੈਸਲੇ ਦੇ ਖਿਲਾਫ਼ ਬੋਲੋ, ਜਿਸ ਨਾਲ ਆਮ ਲੋਕਾਂ ਦਾ ਨੁਕਸਾਨ ਹੁੰਦਾ ਹੋਵੇ..ਹਰ ਗਲਤ ਇਨਸਾਨ ਦੇ ਖਿਲਾਫ਼ ਚਾਹੇ ਉਹ ਰਾਜਨੀਤਿਕ ਹੋਵੇ ਜਾਂ ਫਿਰ ਕੋਈ ਆਪਣਾ…ਬੋਲਣਾ ਹੈ ਤਾਂ ਜਰੂਰ ਬੋਲੋ ਹਰ ਉਸ ਇਨਸਾਨ ਦੇ ਲਈ ਜਿਸ ਨੂੰ ਦੇਖ ਕੇ ਬੱਚੇ ਅਤੇ ਨੌਜਵਾਨ ਪੀੜ੍ਹੀ ਨੂੰ ਉਸ ਬਾਰੇ ਅਸੀਂ ਮਾਣ ਮਹਿਸੂਸ ਕਰਦੇ ਹੋਏ ਦੱਸ ਸਕਿਏ। ਰੀਸ ਕਰਨੀ ਹੈ ਤਾਂ ਉਸਦੀ ਕਰੋ ਜਿਸਨੇ ਸਾਡੇ ਦੇਸ਼ ਸਾਡੀ ਕੌਮ ਲਈ ਕੁੱਝ ਕੀਤਾ ਹੋਵੇ ਅਤੇ ਅਸੀਂ ਆਪਣੇ ਬੱਚਿਆਂ ਨੂੰ ਸਹੀ ਦਿਸ਼ਾ ਵੱਲ ਤੋਰ ਸਕਿਏ। 
ਅੱਜ ਦਾ ਸਮਾਂ ਬਹੁਤ ਤਰਸਯੋਗ ਹੈ ਨੌਜਵਾਨ ਪੀੜ੍ਹੀ ਗਲਤ ਸੰਗਤ ਦਾ ਸ਼ਿਕਾਰ ਹੋ ਰਹੀ ਹੈ…ਮੁੰਡਿਆਂ ਦੇ ਨਾਲ – ਨਾਲ ਹੁਣ ਕੁੜੀਆਂ ਵੀ ਗਲਤ ਰਾਹੇ ਪੈ ਗਈਆਂ ਹਨ। ਧੌਂਸ, ਸ਼ੌਂਕ, ਕੁੜੀਆਂ, ਕਾਰਾਂ, ਹਥਿਆਰਬੰਦ ਬਦਲਾਖੋਰੀ ਤੇ ਹੈਸਿਆਰੀ ਮਾਰ-ਧਾੜ ਵੱਲ੍ਹ ਪ੍ਰੇਰਤ ਕਰਦੇ ਗੀਤਾਂ ਤੇ ਰੋਕ ਨਾ ਲਗਾਈ, ਫੁਕਰਪੁਣੇ ਦਾ ਭੂਤ ਇਸ ਕਦਰ ਛਾਇਆ ਹੈ ਕੀ ਜੇਕਰ ਇਸਤੇ ਕਾਬੂ ਨਾ ਪਾਇਆ ਤਾਂ ਸਾਡੇ ਪੰਜਾਬ..ਸਾਡੇ ਸਮਾਜ ਦਾ ਬੇੜਾ ਗਰਕ ਹੋਣ ਤੋਂ ਕੋਈ ਨਹੀਂ ਬਚਾ ਸਕਦਾ।ਕਿੰਨੇ ਨੌਜਵਾਨ ਖਿਡਾਰੀਆਂ ਨੂੰ ਸਰਕਾਰਾਂ ਨੇ ਅਣਗੌਲਿਆ ਕੀਤਾ ਹੈ, ਜਿਨ੍ਹਾਂ ਨੇ ਪੰਜਾਬ ਦਾ ਨਾਮ ਪੂਰੀ ਦੁਨੀਆਂ ਵਿੱਚ ਰੌਸ਼ਨ ਕੀਤਾ ਇਨ੍ਹਾਂ ਨੌਜਵਾਨਾਂ ਨੂੰ ਨਾ ਨੌਕਰੀਆਂ ਨਹੀਂ ਮਿਲੀਆਂ ਤੇ ਨਾ ਹੀ ਬਣਦਾ ਮਾਣ ਸਤਿਕਾਰ ਮਿਲਿਆ। ਬੇਰੁਜ਼ਗਾਰ ਨੌਜਵਾਨ ਖਿਡਾਰੀਆਂ ਨੂੰ ਬਣਦਾ ਮਾਣ ਸਤਿਕਾਰ ਨਹੀਂ ਮਿਲਦਾ ਤਾਂ ਉਹ ਗ਼ਲਤ ਸੰਗਤ ਵਿੱਚ ਪੈ ਜਾਂਦੇ ਹਨ। ਕੋਈ ਨਸ਼ੇ ਵੇਚਣ ਲੱਗ ਜਾਂਦਾ ਹੈ, ਕੋਈ ਗੈਂਗਸਟਰ ਬਣ ਜਾਂਦਾ ਹੈ। ਅੱਜ ਜੋ ਹਾਲਾਤ ਹਨ ਪੰਜਾਬ ਦੇ ਉਸਦੇ ਜਿੰਮੇਵਾਰ ਵੀ ਅਸੀਂ ਆਪ ਹੀ ਹਾਂ। ਜਦੋਂ ਕੁੱਝ ਗਲਤ ਹੁੰਦਾ ਤਾਂ ਅਸੀਂ ਆਪਣੀਆਂ ਅੱਖਾਂ ਬੰਦ ਕਰ ਲੈਂਦੇ ਹਾਂ, ਕਿਉਂ ਕਿ ਉਹ ਸਾਡੇ ਨਾਲ ਨਹੀਂ ਹੁੰਦਾ। ਇਨ੍ਹਾਂ ਹਾਲਾਤਾਂ ਦੀ ਜਿੰਮੇਵਾਰ ਸਰਕਾਰ ਅਤੇ ਸਮਾਜ ਦੋਨ੍ਹੋਂ ਹੀ ਹੁੰਦੇ ਹਨ। 
ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆ ਰਹੀ ਕੀ ਸਾਡੇ ਸਮਾਜ ਨੂੰ ਹੋਇਆ ਕੀ ਹੈ….ਕਿਉਂ ਨੌਜਵਾਨ ਪੀੜ੍ਹੀ ਦੇ ਨਾਲ ਨਾਲ ਬੱਚੇ ਵੀ ਹਥਿਆਰਾਂ ਦੇ ਸ਼ੌਕੀਨ ਹੁੰਦੇ ਜਾ ਰਹੇ ਨੇ…ਕਿਉਂ ਨਹੀਂ ਅਸੀਂ ਬੋਲਦੇ ਹਥਿਆਰਾਂ ਨੂੰ ਪ੍ਰਦਰਸ਼ਿਤ ਕਰਨ ਵਾਲੇ ਗੀਤਾਂ ਦੇ ਖਿਲਾਫ਼?.. ਕਿਉਂ ਨਹੀਂ ਅਸੀਂ ਬੋਲਦੇ ਅੱਧ-ਨੰਗੀਆਂ ਔਰਤਾਂ ਨੂੰ ਪ੍ਰਦਰਸ਼ਿਤ ਕਰਨ ਵਾਲੇ ਗੀਤਾਂ ਦੇ ਖਿਲਾਫ਼?.. 
ਸਾਡੇ ਪੰਜਾਬ ਦੇ ਇੱਕ ਬਹੁਤ ਹੀ ਪੁਰਾਣੇ ਕਲਾਕਾਰ ਨੇ ਗੁਰਦਾਸ ਮਾਨ, ਰਾਜ ਗਾਇਕ ਹੰਸ ਰਾਜ ਹੰਸ, ਮਨਮੋਹਨ ਵਾਰਿਸ, ਹਰਭਜਨ ਮਾਨ ਹੋਰ ਕਿੰਨੇ ਕਲਾਕਾਰ ਨੇ ਜਿਨ੍ਹਾਂ ਨੇ ਸਾਫ਼ ਸੁਥਰੀ ਕਲਾਕਾਰੀ ਕੀਤੀ ਹੈ, ਉਨ੍ਹਾਂ ਨੂੰ ਧਮਕੀ ਜਾਂ ਮਾਰਨ ਦੀ ਗੱਲ ਮੈਂ ਤਾਂ ਕਦੇ ਸੁਣੀ ਨਹੀਂ…ਫਿਰ ਏਨਾ ਨੌਜਵਾਨ ਕਲਾਕਾਰਾਂ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਜਾਂਦਾ ਹੈ ..ਗਾਇਕਾਂ ਅਤੇ ਖਿਡਾਰੀਆਂ ਦੇ ਕਤਲੇਆਮ ਦਾ ਕਾਰਨ ਵਿਦੇਸ਼ਾਂ ਵਿੱਚ ਬੈਠੇ ਸਾਡੇ ਆਪਣੇ ਫ਼ੁਕਰੇ ਪੰਜਾਬੀ ਵੀ ਹਨ। ਜੋ ਅਖਾੜਿਆਂ ਅਤੇ ਖੇਡ ਮੇਲਿਆਂ ਦੇ ਨਾਮ ਤੇ ਕਰੋੜਾਂ ਡਾਲਰਾਂ ਦਾ ਵਪਾਰ ਅਤੇ ਪ੍ਰੋਗਰਾਮਾਂ ਦੀਆਂ ਟਿਕਟਾਂ ਵੇਚਦੇ ਹਨ। ਫਿਰ ਉਹ NRI ਗਰੁੱਪ ਖਾਸ ਖਿਡਾਰੀਆਂ ਜਾਂ ਗਾਇਕਾਂ ਨੂੰ ਸੰਪੌੰਸਰ ਪ੍ਰੋਗਰਾਮਾਂ ਵਿੱਚ ਆਉਣ ਲਈ ਸਰਕਾਰਾਂ ਦੇ ਲੀਡਰਾਂ ਨਾਲ ਮਿਲਕੇ ਦਬਾਅ ਪਾਉਂਦੇ ਹਨ। ਡਰਾਉੰਦੇ ਧਮਕਾਉਂਦੇ ਹਨ। ਇਹ ਵੀ ਇੱਕ ਬਹੁਤ ਵੱਡਾ ਕਾਰਨ ਹੈ। 
ਅੱਜ ਜੋ ਲੋਕ ਸਿੱਧੂ ਮੂਸੇਵਾਲੇ ਦੀ ਹੱਤਿਆ ਵਿੱਚ ਪੰਜਾਬ ਸਰਕਾਰ ਨੂੰ ਦੋਸ਼ੀ ਬਣਾਈ ਜਾਂਦੀ ਹੈ। ਭਗਵੰਤ ਮਾਨ ਅਤੇ ਸਿੱਧੂ ਮੂਸੇਵਾਲੇ ਨੇ ਆਪਣੇ ਆਪਣੇ ਖੇਤਰ ਵਿੱਚ ਸਖ਼ਤ ਤੋਂ ਸਖ਼ਤ ਮਿਹਨਤ ਕੀਤੀ ਤੇ ਆਪਣੀ ਵੱਖਰੀ ਪਹਿਚਾਣ ਤੇ ਮਿਸਾਲ ਕਾਇਮ ਕੀਤੀ । 
ਪਰ ਸਿੱਧੂ ਮੂਸੇਵਾਲਾ ਦਾ ਦਿਨ ਦਿਹਾੜੇ ਕਤਲ ਹੋ ਜਾਣਾ ਭਗਵੰਤ ਮਾਨ ਦੀ ਸਰਕਾਰ ਉੱਪਰ ਸਵਾਲੀਆਂ ਚਿੰਨ੍ਹ ਲਗਾਉਂਦਾ ਹੈ।
ਇੱਕ ਨੂੰ ਮਾਰ ਦਿੱਤਾ ਗਿਆ ਦੂਸਰੇ ਨੂੰ ਬਦਨਾਮ ਕੀਤਾ ਜਾਂ ਰਿਹਾ ਹੈ ਇਸ ਦਾ ਮਤਲੱਬ ਸ਼ਾਇਦ ਰਜਵਾੜੇ ਲੋਕਾਂ ਤੋਂ ਆਮ ਘਰ ਦੇ ਲੋਕਾਂ ਦੀਆਂ ਤਰੱਕੀਆਂ ਬਰਦਾਸ਼ਤ ਨਹੀਂ ਹੁੰਦੀਆਂ।

ਅੱਜ ਸਿੱਧੂ ਮੂਸੇ ਵਾਲੇ ਦੀ ਇਸ ਭਿਆਨਕ ਹੱਤਿਆਕਾਂਡ ਪਿੱਛੇ ਵੀ ਆਪਣੇ ਗੀਤਾਂ ਵਿੱਚ ਹਥਿਆਰਾਂ ਦੇ ਪ੍ਰਦਰਸ਼ਿਤ ਕਰਨਾ ਵੀ ਹੋ ਸਕਦਾ ਹੈ। 

ਇੱਕ ਸਿੱਧੂ ਮੂਸੇ ਵਾਲਾ ਹੀ ਨਹੀਂ, ਹੋਰ ਕਿੰਨੇ ਕਲਾਕਾਰ ਨੇ ਜਿਨ੍ਹਾਂ ਦੇ ਗੀਤਾਂ ਤੋਂ ਪ੍ਰਭਾਵਿਤ ਹੋ ਕੇ ਨੌਜਵਾਨਾਂ ਨੇ ਹਥਿਆਰ ਚੁੱਕੇ ਹਨ..ਇਨ੍ਹਾਂ ਦਾਕਿਉਂ ਨਹੀਂ ਵਿਰੋਧ ਕੀਤਾ? ਵਿਰੋਧ ਕਰਨਾ ਹੈ ਤਾਂ “ਗੁੰਡਾਗਰਦੀ” ਦਾ ਕਰੋ ਜੋ ਦਿਨੋ ਦਿਨ ਵੱਧਦਾ ਜਾ ਰਿਹਾ ਹੈ ।ਵਿਰੋਧ ਕਰਨਾ ਹੈ ਤਾਂ “ਸਿਆਸੀ ਲੋਕਾਂ ਦੀ ਪਨਾਹ ਵਿੱਚ ਪਲਦੇ ਗੈਂਗਵਾਦ” ਦਾ ਕਰੋ ਜੋ ਆਪਣੇ ਫਾਇਦੇ ਲਈ ਇਨ੍ਹਾਂ ਦਾ ਇਸਤੇਮਾਲ ਕਰਦੇ ਹਨ ਅਤੇ ਜਦੋਂ ਅੱਗ ਆਪਣੇ ਘਰ ਨੂੰ ਪੈਣ ਲਗਦੀ ਹੈ ਤਾਂ ਨਵੀਂ ਗੈੰਗਵਾਦ ਤੋਂ ਇਨ੍ਹਾਂ ਦਾ ਖਾਤਮਾ ਕਰਵਾ ਦਿੱਤਾ ਜਾਂਦਾ ਹੈ। ਕਾਨੂੰਨ ਨੂੰ ਤਾਂ ਇਹ ਮੰਤਰੀ ਲੋਕ, ਰਾਜਨੀਤਿਕ ਲੋਕ ਆਪਣੇ ਮੰਜੇ ਦੇ ਪਾਵੇ ਨਾਲ ਬੰਨ੍ਹ ਕੇ ਰੱਖਦੇ ਹਨ।ਵਿਰੋਧ ਕਰਨਾ ਹੈ ਤਾਂ ਲੋਕਾਂ ਦੇ ਪੁੱਤ ਮਰਵਾ ਕੇ “ਰਾਜਨੀਤੀ ਕਰਨ ਵਾਲੀ ਗੰਦੀ ਸੋਚ” ਦਾ ਕਰੋ
ਵਿਰੋਧ ਕਰਨਾ ਹੈ ਤਾਂ ਪੱਤਰਕਾਰਾਂ ਦਾ ਕਰੋ ਜੋ ਪੈਸੇ ਦੇ ਲਈ ਆਪਣੀ ਜਮੀਰ ਵੇਚਕੇ ਪੱਤਰਕਾਰਤਾ ਦਾ ਘਾਣ ਕਰ ਰਹੇ ਨੇ..ਲੋਕਾਂ ਦੀ ਆਵਾਜ਼ ਦੱਬਣ ਵਾਲੇ ਮੀਡੀਆ ਦਾ ਕਰੋ…ਜੋ ਸਹੀ ਨੂੰ ਗਲਤ ਤੇ ਗਲਤ ਨੂੰ ਸਹੀ ਦਿਖਾਉੰਦੇ ਹਨ।
ਅੱਜ ਇੱਕ ਮੁੱਖ ਮੰਤਰੀ ਦਾ ਵਿਰੋਧ ਕਰਦੇ ਹਾਂ, ਕਰੋ ਕ਼ੋਈ ਗੱਲ ਨਹੀਂ ਪਰ ਇਹ ਤਾਂ ਦੱਸੋ ਇਸ ਨੂੰ ਲਾਹ ਕੇ  ਬਿਠਾਓਗੇ ਕਿਸਨੂੰ ? ਉਨ੍ਹਾਂ ਨੂੰ ਜਿਨ੍ਹਾਂ ਨੇ ਪੰਜਾਬੀ ਅਤੇ ਪੰਜਾਬੀਅਤ ਦਾ ਬੇੜਾ ਗ਼ਰਕ ਕਰ ਦਿੱਤਾ। ਉਨ੍ਹਾਂ ਨੂੰ ਜਿਨ੍ਹਾਂ ਨੇ ਆਪਣੇ ਫਾਇਦੇ ਲਈ ਨਸ਼ਿਆਂ ਦਾ ਛੇਵਾਂ ਦਰਿਆ ਚਲਾ ਦਿੱਤਾ। 
* ਵਿਰੋਧ ਕਰਨਾ ਹੈ ਤਾਂ”ਹਥਿਆਰਾਂ ਨੂੰ ਪ੍ਰਫੁੱਲਿਤ ਕਰਨ ਵਾਲੇ ਗੀਤਾਂ ਦਾ ਕਰੋ। 

* ਵਿਰੋਧ ਕਰਨਾ ਹੈ ਤਾਂ “ਗੁੰਡਾਗਰਦੀ” ਦਾ ਕਰੋ।* ਵਿਰੋਧ ਕਰਨਾ ਹੈ ਤਾਂ “ਸ਼ਰੇਆਮ ਕਤਲੇਆਮ” ਦਾ ਕਰੋ।
* ਵਿਰੋਧ ਕਰਨਾ ਹੈ ਤਾਂ “ਸਿਆਸੀ ਲੋਕਾਂ ਦੀ ਪਨਾਹ ਵਿੱਚ ਪਲਦੇ ਗੈੰਗਵਾਦ” ਦਾ ਕਰੋ।
* ਵਿਰੋਧ ਕਰਨਾ ਹੈ ਤਾਂ “ਲੋਕਾਂ ਦੇ ਪੁੱਤ ਮਰਵਾਕੇ ਰਾਜਨੀਤੀ ਕਰਨ ਵਾਲੀ ਗੰਦੀ ਸੋਚ” ਦਾ ਕਰੋ।
* ਵਿਰੋਧ ਕਰਨਾ ਹੈ ਤਾਂ “ਧਰਮਾਂ ਦੇ ਠੇਕੇਦਾਰਾਂ ਦਾ ਕਰੋ ਜੋ ਧਰਮਾਂ ਦੇ ਨਾਮ ਤੇ ਲੋਕਾਂ ਨੂੰ ਗੁੰਮਰਾਹ ਕਰਕੇ ਆਪਸੀ ਲੜਾਵਾ ਰਹੇ ਹਨ। 

(ਮੈਂ ਮਾਫ਼ੀ ਚਾਹੁੰਦਾ ਹਾਂ ਜੇਕਰ ਮੇਰੀਆਂ ਇਨ੍ਹਾਂ ਗੱਲਾਂ ਕਰਕੇ ਕਿਸੇ ਨੂੰ ਕੋਈ ਠੇਸ ਪਹੁੰਚੀ ਹੋਵੇ। ਪਰ ਜੋ ਮੇਰੇ ਦਿਲ ਵਿੱਚੋਂ ਅਵਾਜ਼ ਆਈ ਉਹ ਮੈਂ ਲਿਖ ਦਿੱਤਾ।)
ਤੁਹਾਨੂੰ ਮੇਰੇ ਵੱਲੋਂ ਲਿਖੀਆਂ ਸੱਚੀਆਂ ਗੱਲਾਂ ਸਹੀ ਲੱਗੀਆਂ ਜਾਂ ਗ਼ਲਤ ਮੈਨੂੰ ਕੁਮੈਂਟਾਂ ਵਿੱਚ ਜ਼ਰੂਰ ਦੱਸਣਾ ਜੀ।


*ਗੁਰਪ੍ਰੀਤ ਧਾਲੀਵਾਲ ਮਾਨਸਾ* 

NO COMMENTS