(ਸਾਰਾ ਯਹਾਂ/ਬਿਊਰੋ ਨਿਊਜ਼ ) : ‘ਵਾਰਿਸ ਪੰਜਾਬ ਦੇ’ ਦੇ ਮੁਖੀ ਅਤੇ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ (Amritpal Singh) ਕਿਸੇ ਵੀ ਸਮੇਂ ਆਤਮ ਸਮਰਪਣ ਕਰ ਸਕਦੇ ਹਨ। ਇਸ ਕਾਰਨ ਪੰਜਾਬ ਪੁਲਿਸ (Punjab Police) ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ ਤੇ 9168 ਨੰਬਰ ਵਾਲੀ ਸਵਿਫਟ ਕਾਰ ਦੀ ਤਲਾਸ਼ੀ ਲਈ ਜਾ ਰਹੀ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਹੁਸ਼ਿਆਰਪੁਰ ਫਗਵਾੜਾ ਰੋਡ ‘ਤੇ ਪੈਂਦੇ ਪਿੰਡ ਮਰਾਨੀਆਂ ‘ਚ ਹਾਈ ਵੋਲਟੇਜ ਡਰਾਮੇ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਆਪਣੀ ਇਨੋਵਾ ਕਾਰ ਸਵਿਫਟ ਛੱਡ ਕੇ ਫਰਾਰ ਹੋ ਗਿਆ। ਹੁਣ ਪੁਲਿਸ ਦੀਆਂ ਕਈ ਟੀਮਾਂ ਨਾਕਾਬੰਦੀ ਕਰਕੇ ਹਰ ਵਾਹਨ ਦੀ ਚੈਕਿੰਗ ਕਰ ਰਹੀਆਂ ਹਨ ਅਤੇ ਉਸ ਤੋਂ ਬਾਅਦ ਹੀ ਉਸ ਨੂੰ ਅੱਗੇ ਜਾਣ ਦਿੱਤਾ ਜਾ ਰਿਹਾ ਹੈ।
ਹਾਈ ਅਲਰਟ ਜ਼ੋਨ ਵਿਚ ਰੱਖਿਆ ਇਹਨਾਂ ਸ਼ਹਿਰਾਂ ਨੂੰ
ਪੰਜਾਬ ਪੁਲਿਸ ਦੇ ਸੂਤਰਾਂ ਅਨੁਸਾਰ ਪੁਲਿਸ ਨੂੰ ਸ਼ੱਕ ਹੈ ਕਿ ਅੰਮ੍ਰਿਤਪਾਲ ਸਿੰਘ ਅਜੇ ਵੀ ਜਲੰਧਰ ਜਾਂ ਹੁਸ਼ਿਆਰਪੁਰ ਦੇ ਦਿਹਾਤੀ ਖੇਤਰਾਂ ਵਿੱਚ ਕਿਤੇ ਫਸਿਆ ਹੋਇਆ ਹੈ ਅਤੇ ਮੌਕਾ ਮਿਲਦਿਆਂ ਹੀ ਅੰਮ੍ਰਿਤਸਰ ਲਈ ਰਵਾਨਾ ਹੋਣ ਦੀ ਕੋਸ਼ਿਸ਼ ਕਰੇਗਾ। ਇਹੀ ਕਾਰਨ ਹੈ ਕਿ ਪੰਜਾਬ ਪੁਲਿਸ ਨੇ ਹੁਸ਼ਿਆਰਪੁਰ, ਨਵਾਂਸ਼ਹਿਰ, ਜਲੰਧਰ ਅਤੇ ਕਪੂਰਥਲਾ ਜ਼ਿਲ੍ਹਿਆਂ ਨੂੰ ਹਾਈ ਅਲਰਟ ਜ਼ੋਨ ਵਿੱਚ ਰੱਖਿਆ ਹੋਇਆ ਹੈ ਅਤੇ ਹਰ ਆਉਣ ਜਾਣ ਵਾਲੇ ‘ਤੇ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਹੈ। ਹਾਲਾਂਕਿ 48 ਘੰਟੇ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਉਸ ਨੂੰ ਫੜ ਨਹੀਂ ਸਕੀ ਹੈ। ਫਿਲਹਾਲ ਸਰਕਾਰ ਅੰਮ੍ਰਿਤਪਾਲ ਸਿੰਘ ਵੱਲੋਂ ਜਾਰੀ ਕੀਤੀ ਗਈ ਵੀਡੀਓ ਦੀ ਲੋਕੇਸ਼ਨ ਦਾ ਪਤਾ ਲਗਾਉਣ ਅਤੇ ਇਸ ਨੂੰ ਇੰਟਰਨੈੱਟ ਸਮੇਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਡਿਲੀਟ ਕਰਵਾਉਣ ਲਈ ਕੰਮ ਕਰ ਰਹੀ ਹੈ।
ਹਰਿਮੰਦਰ ਸਾਹਿਬ ਵਿੱਚ ਕਰ ਸਕਦੇ ਸਰੈਂਡਰ
ਦੱਸ ਦੇਈਏ ਕਿ ਅੰਮ੍ਰਿਤਪਾਲ ਸਿੰਘ ਨੇ ਆਤਮ ਸਮਰਪਣ ਕਰਨ ਲਈ ਪੁਲਿਸ ਅੱਗੇ ਤਿੰਨ ਸ਼ਰਤਾਂ ਰੱਖੀਆਂ ਹਨ। ਪਹਿਲੀ ਸ਼ਰਤ ਇਹ ਹੈ ਕਿ ਉਸ ਦੀ ਗ੍ਰਿਫਤਾਰੀ ਨੂੰ ਸਮਰਪਣ ਵਜੋਂ ਦਿਖਾਇਆ ਜਾਵੇ। ਦੂਜੀ ਸ਼ਰਤ- ਉਸ ਨੂੰ ਪੰਜਾਬ ਦੀ ਜੇਲ੍ਹ ਵਿੱਚ ਹੀ ਰੱਖਿਆ ਜਾਵੇ। ਤੀਸਰੀ ਸ਼ਰਤ ਇਹ ਹੈ ਕਿ ਜੇਲ੍ਹ ਜਾਂ ਪੁਲਿਸ ਹਿਰਾਸਤ ਵਿਚ ਉਸ ਦੀ ਕੁੱਟਮਾਰ ਨਾ ਕੀਤੀ ਜਾਵੇ। ਪੁਲਿਸ ਨੂੰ ਇਹ ਵੀ ਖਦਸ਼ਾ ਹੈ ਕਿ ਉਹ ਹਰਿਮੰਦਰ ਸਾਹਿਬ ਜਾ ਕੇ ਮੀਡੀਆ ਦੇ ਸਾਹਮਣੇ ਆਤਮ ਸਮਰਪਣ ਕਰ ਸਕਦਾ ਹੈ। ਇਸ ਕਾਰਨ ਉਥੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਸੂਤਰਾਂ ਅਨੁਸਾਰ ਕੁਝ ਧਾਰਮਿਕ ਆਗੂ ਪੁਲਿਸ ਅਤੇ ਅੰਮ੍ਰਿਤਪਾਲ ਵਿਚਕਾਰ ਵਿਚੋਲੇ ਵਜੋਂ ਕੰਮ ਕਰ ਰਹੇ ਹਨ। ਅਜਿਹੀ ਸਥਿਤੀ ਵਿੱਚ ਅੰਮ੍ਰਿਤਪਾਲ ਦਮਦਮਾ ਸਾਹਿਬ ਵਿੱਚ ਵੀ ਆਤਮ ਸਮਰਪਣ ਕਰ ਸਕਦਾ ਹੈ ਜਾਂ ਅਕਾਲ ਤਖ਼ਤ ਦੇ ਜਥੇਦਾਰ ਉਥੇ ਜਾ ਸਕਦੇ ਹਨ। ਹਾਲਾਂਕਿ ਥਾਂ-ਥਾਂ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ।