*ਕਿਸਾਨ ਲੀਡਰਾਂ ਨੇ ‘ਬਿਜਲੀ ਸੋਧ ਬਿੱਲ 2020’ ਨੂੰ ਦੱਸਿਆ ਖਤਰਨਾਕ! ਬਿਜਲੀ ਸਬਸਿਡੀ ਬੰਦ ਦਾ ਹੋਏਗਾ ਰਾਹ ਪੱਧਰਾ*

0
26

ਬਰਨਾਲਾ 01,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਪੰਜਾਬ ਦੀਆਂ 32 ਜਥੇਬੰਦੀਆਂ ‘ਤੇ ਆਧਾਰਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 427ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ।

ਅੱਜ ਬੁਲਾਰਿਆਂ ਨੇ ਬਿਜਲੀ ਸੋਧ ਬਿੱਲ 2020 ਨੂੰ ਵਰਤਮਾਨ ਸੰਸਦ ਵਿੱਚ ਪਾਸ ਕਰਵਾਉਣ ਲਈ ਸੂਚੀਬੱਧ ਕਰਨ ਦੀ  ਕਾਰਵਾਈ ਦੀ ਸਖਤ ਨਿਖੇਧੀ ਕੀਤੀ। ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਨਾਲ ਹੋਈ 11 ਗੇੜ ਦੀ ਗੱਲਬਾਤ ਦੌਰਾਨ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਬਿਜਲੀ ਸੋਧ ਬਿੱਲ 2020 ਨੂੰ ਕਾਨੂੰਨੀ ਰੂਪ ਨਹੀਂ ਦਿੱਤਾ ਜਾਵੇਗਾ।


ਇਸ ਬਿੱਲ ਨੂੰ ਕਾਨੂੰਨ ਬਣਾਉਣ ਲਈ ਸੂਚੀਬੱਧ ਕਰਨਾ ਉਸ ਵਾਅਦੇ ਦੀ ਨੰਗੀ ਚਿੱਟੀ ਵਾਅਦਾ-ਖਿਲਾਫੀ ਹੈ। ਇਹ ਬਿੱਲ ਕਿਸਾਨਾਂ, ਖੇਤ ਮਜਦੂਰਾਂ ਤੇ ਸਮਾਜ ਦੇ ਦੂਸਰੇ  ਕਮਜ਼ੋਰ ਵਰਗਾਂ ਨੂੰ ਮਿਲਣ ਵਾਲੀ ਬਿਜਲੀ ਸਬਸਿਡੀ ਨੂੰ ਬੰਦ ਕਰਨ ਦਾ ਰਾਹ ਪੱਧਰਾ ਕਰ ਦੇਵੇਗਾ ਤੇ ਬਿਜਲੀ ਖੇਤਰ ਦਾ ਪੂਰੀ ਤਰ੍ਹਾਂ ਨਿੱਜੀਕਰਨ ਕਰਨ ਵੱਲ ਵੱਡਾ ਕਦਮ ਹੋਵੇਗਾ। ਸਰਕਾਰ ਆਪਣੀ ਇਹ ਤਜ਼ਵੀਜ਼ ਪੂਰੀ ਤਰ੍ਹਾਂ ਤੇ ਹਮੇਸ਼ਾ ਲਈ ਰੱਦ ਕਰੇ।

ਅੱਜ ਬੁਲਾਰਿਆਂ ਨੇ ਪ੍ਰਸਾਵਿਤ ਬੀਜ ਬਿੱਲ ਦੀ ਵੀ ਚੀਰਫਾੜ ਕੀਤੀ। ਆਗੂਆਂ ਨੇ ਕਿਹਾ ਕਿ ਇਹ ਬਿੱਲ ਖੇਤੀ ਖੇਤਰ ਲਈ ਬਹੁਤ ਖਤਰਨਾਕ ਹੈ ਤੇ ਤਿੰਨ ਕਾਲੇ ਖੇਤੀ ਕਾਨੂੰਨਾਂ ਵਰਗਾ ਹੀ ਵੱਡਾ ਕਾਰਪੋਰੇਟੀ ਹਮਲਾ ਹੈ। ਇਸ ਬਿੱਲ ਦੇ ਕਾਨੂੰਨ ਬਣ ਜਾਣ ਬਾਅਦ ਬੀਜਾਂ ਦੀ ਖੋਜ, ਉਤਪਾਦਨ, ਭੰਡਾਰ, ਸਪਲਾਈ, ਵਰਤੋਂ ਆਦਿ ਨਾਲ ਸਬੰਧਤ ਸਾਰੇ ਕਾਰਜਾਂ ਕਿਸਾਨਾਂ ਦੇ ਹੱਥੋਂ ਨਿਕਲ ਜਾਣਗੇ ਤੇ ਇਨ੍ਹਾਂ ਉਪਰ ਕਾਰਪੋਰੇਟਾਂ ਦਾ ਕਬਜ਼ਾ ਹੋ ਜਾਵੇਗਾ। ਕੋਈ ਵੀ ਕਿਸਾਨ ਆਪਣੀ ਮਰਜ਼ੀ ਅਨੁਸਾਰ ਬੀਜਾਂ ਦਾ ਉਤਪਾਦਨ, ਭੰਡਾਰ ਤੇ ਵਰਤੋਂ ਆਦਿ ਨਹੀਂ ਕਰ ਸਕੇਗਾ। ਅਸੀਂ ਸਰਕਾਰ ਨੂੰ ਤੁਰੰਤ ਇਸ ਬਿੱਲ ਦੀ ਤਜ਼ਵੀਜ਼ ਵਾਪਸ ਲਵੇ।

ਅੱਜ ਬੁਲਾਰਿਆਂ ਨੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕੇਂਦਰ ਸਰਕਾਰ ਨੂੰ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਲਈ ਚਿੱਠੀ ਦਾ ਮੁੱਦਾ ਵੀ ਛੋਹਿਆ। ਆਗੂਆਂ ਨੇ ਕਿਹਾ ਕਿ ਪੰਜਬ ਤੇ ਕੇਂਦਰ ਸਰਕਾਰ ਇਸ ਮਸਲੇ ਪ੍ਰਤੀ ਭੋਰਾ ਭਰ ਵੀ ਸੁਹਿਰਦ ਨਹੀਂ ਹਨ। ਕਰਜ਼ਾ ਮਾਫੀ ਦੀ ਗੇਂਦ ਇੱਕ ਦੂਜੇ ਦੇ ਪਾਲੇ ਵਿੱਚ ਸੁੱਟ ਕੇ ਦੋਵੇਂ ਸਰਕਾਰਾਂ ਕਿਸਾਨਾਂ ਨਾਲ ਮਜ਼ਾਕ ਕਰ ਰਹੀਆਂ ਹਨ। ਪਾਰਟੀਆਂ ਵੋਟਾਂ ਬਟੋਰਨ ਲਈ ਝੂਠੇ ਵਾਅਦੇ ਕਰ ਕੇ ਲੋਕਾਂ ਨੂੰ ਬੇਵਕੂਫ ਬਣਾਉਂਦੀਆਂ ਹਨ। ਸਰਕਾਰਾਂ ਇਸ ਮਸਲੇ ਨੂੰ ਪੂਰੀ ਗੰਭੀਰਤਾ ਨਾਲ ਲੈਣ ਤੇ ਕਿਸਾਨਾਂ ਦੇ ਕਰਜ਼ੇ ਮਾਫ ਕਰਨ।

ਉਧਰ, ਤਿੰਨ ਖੇਤੀ ਕਾਨੂੰਨ ਰੱਦ ਹੋਣ ਤੇ ਬਾਅਦ ਦੇ ਘਟਨਾਕ੍ਰਮ ਦੇ ਮੱਦੇਨਜ਼ਰ ਕੁਝ ਧਰਨਾਕਾਰੀ ਆਉਂਦੇ ਦਿਨਾਂ ‘ਚ ਕਿਸਾਨ ਅੰਦੋਲਨ ਦੇ ਖਤਮ ਹੋਣ ਦੀ ਸੰਭਾਵਨਾ ਮਹਿਸੂਸ ਕਰਨ ਲੱਗੇ ਹਨ। ਇਸ ਲਈ ਅੰਦੋਲਨਕਾਰੀ ਇਸ ਇਤਿਹਾਸਕ ਅੰਦੋਲਨ ਵਿੱਚ ਆਪਣੀ ਸ਼ਮੂਲੀਅਤ ਦੀਆਂ ਯਾਦਾਂ ਸੰਭਾਲਣ ਲੱਗੇ ਹਨ। ਸਥਾਨਕ ਧਰਨੇ ਵਿੱਚ ਵੀ ਚੰਗੇ ਫੋਟੋਗ੍ਰਾਫਰਾਂ ਨੂੰ ਬੁਲਾ ਕੇ 1 ਅਕਤੂਬਰ ਤੋਂ ਸ਼ੁਰੂ ਹੋਏ ਧਰਨੇ ਵਿੱਚ ਖੁਦ ਦੀ ਹਾਜ਼ਰੀ ਦੀਆਂ ਫੋਟੋਆਂ ਖਿੱਚਵਾਈਆਂ ਜਾ ਰਹੀਆਂ ਹਨ। ਧਰਨੇ ਦੇ ਸੰਚਾਲਕ ਗਰੁੱਪ ਫੋਟੋਆਂ ਤਿਆਰ ਕਰਵਾ ਕੇ ਧਰਨਾਕਾਰੀਆਂ ਨੂੰ ਦੇ ਰਹੇ ਹਨ।

NO COMMENTS