*ਕਿਸਾਨ ਲਹਿਰ ਦੇ ਸ਼ਹੀਦਾਂ ਨੂੰ ਸਮਰਪਿਤ ਖਿਆਲਾ ਕਲਾਂ ਵਿੱਚ ਭਾਕਿਯੂ ਏਕਤਾ (ਡਕੌਂਦਾ) ਵੱਲੋਂ ਸਮਾਗਮ ਕਰਵਾਇਆ*

0
18

ਮਾਨਸਾ 6 ਅਪ੍ਰੈਲ (ਸਾਰਾ ਯਹਾਂ/ਮੁੱਖ ਸੰਪਾਦਕ) ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਪਿੰਡ ਇਕਾਈ ਖਿਆਲਾ ਕਲਾਂ ਵੱਲੋਂ ਇਤਿਹਾਸਕ ਕਿਸਾਨ ਅੰਦੋਲਨ ਦੌਰਾਨ ਦਿੱਲੀ ਦੇ ਬਾਰਡਰਾਂ ਤੇ ਸ਼ਹੀਦ ਹੋਏ 732 ਕਿਸਾਨਾਂ ਦੀ ਸਦੀਵੀ ਯਾਦ ਨੂੰ ਸਮਰਪਿਤ ਸ਼ਹੀਦੀ ਸਮਾਗਮ ਗੁਰਦੁਆਰਾ ਬੇਰੀ ਸਾਹਿਬ ਵਿਖੇ ਕਰਵਾਇਆ ਗਿਆ।  

                  ਇਸ ਸਮਾਗਮ ਵਿੱਚ ਸੂਬਾ ਪ੍ਰਧਾਨ ਮਨਜੀਤ ਧਨੇਰ, ਸੀਨੀਅਰ ਮੀਤ ਪ੍ਰਧਾਨ ਗੁਰਦੀਪ ਰਾਮਪੁਰਾ, ਸੂਬਾ ਖਜ਼ਾਨਚੀ ਬਲਵੰਤ ਸਿੰਘ ਉੱਪਲੀ, ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਭੈਣੀਬਾਘਾ, ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਸੈਂਕੜੇ ਦੀ ਗਿਣਤੀ ਵਿੱਚ ਇਕੱਤਰ ਹੋਏ ਪਿੰਡ ਨਿਵਾਸੀਆਂ ਅਤੇ ਭਾਕਿਯੂ ਏਕਤਾ ਡਕੌਂਦਾ ਦੇ ਕਿਸਾਨ ਮਰਦ ਔਰਤਾਂ ਨੂੰ ਸੂਬਾ ਪ੍ਰਧਾਨ ਮਨਜੀਤ ਧਨੇਰ ਨੇ ਖੇਤੀਬਾੜੀ ਦੇ ਮੌਜੂਦਾ ਸੰਕਟ ਦੀ ਚੀਰਫਾੜ ਕਰਦਿਆਂ ਕਿਹਾ ਕਿ ਖੇਤੀਬਾੜੀ ਕਿੱਤਾ ਦਾ ਸੰਕਟ ਪੁਰਾਣਾ ਹੈ। ਸਮੇਂ ਸਮੇਂ ਦੇ ਹਾਕਮਾਂ ਵੱਲੋਂ 55-60 ਪ੍ਰਤਿਸ਼ਤ ਵਸੋਂ ਦਾ ਆਧਾਰ ਪੇਂਡੂ ਸੱਭਿਆਚਾਰ ਨੂੰ ਉਜਾੜਨ ਦੀਆਂ ਸਾਜ਼ਿਸ਼ਾਂ ਰਚੀਆਂ ਜਾਂਦੀਆਂ ਰਹੀਆਂ ਹਨ। ਦੁੱਲਾ ਭੱਟੀ, ਬਾਬਾ ਬੰਦਾ ਸਿੰਘ ਬਹਾਦਰ ਦੇ ਰਾਹ ਕਿਸਾਨੀ ਲਹਿਰਾਂ ਚਾਚਾ ਅਜੀਤ ਸਿੰਘ ਦੀ ਪੱਗੜੀ ਸੰਭਾਲ ਲਹਿਰ ਨੇ ਕਿਸਾਨ ਲਹਿਰ ਦੀ ਉਸਾਰੀ ਕਰਦਿਆਂ ਸਮੇਂ ਦੇ ਹਾਕਮਾਂ ਦੇ ਖ਼ਿਲਾਫ਼ ਟੱਕਰ ਦਿੱਤੀ ਅਤੇ ਫਿਰ ਪਰਜਾ ਮੰਡਲ ਲਹਿਰ ਅਤੇ ਪੈਪਸੂ ਮੁਜ਼ਾਰਾ ਲਹਿਰ ਨੇ ਮੁਜ਼ਾਰੇ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਨਾਉਣ ਲਈ ਸ਼ਹਾਦਤਾਂ ਦਿੱਤੀਆਂ। ਤਿੰਨ ਖੇਤੀ ਕਾਨੂੰਨ ਨੂੰ ਰੱਦ ਕਰਵਾਉਣ ਲਈ ਮੁਲਕ ਪੱਧਰਾ ਇਤਿਹਾਸਕ ਜੇਤੂ ਕਿਸਾਨ ਵਿੱਚ ਇਨ੍ਹਾਂ 732 ਕਿਸਾਨਾਂ ਨੇ ਸ਼ਹਾਦਤਾਂ ਦਿੱਤੀਆਂ। ਇਹ ਸ਼ਹਾਦਤਾਂ ਅਜਾਈਂ ਨਹੀਂ ਜਾਣਗੀਆਂ ਸਗੋਂ ਇਹ ਸਾਡਾ ਮਾਰਗ ਦਰਸ਼ਕ ਕਰਦੇ ਰਹਿਣਗੇ।

                   ਮੌਜੂਦਾ ਸਮੇਂ ਵਿੱਚ ਪੰਜਾਬ ਸਰਕਾਰ ਵੱਲੋਂ ਫ਼ਸਲਾਂ ਦੇ ਭੰਡਾਰ,ਖ੍ਰੀਦ ਅਤੇ ਵੇਚ ਦਾ ਪ੍ਰਬੰਧ ਕਾਰਪੋਰੇਟ ਘਰਾਣਿਆਂ ਦੇ ਸਾਇਲੋਆਂ ਦੇ ਹਵਾਲੇ ਕਰਨ ਨੂੰ ਕਰੜੇ ਹੱਥੀਂ ਲੈਂਦਿਆਂ ਉਨ੍ਹਾਂ ਕਿਹਾ ਕਿ ਇਹ ਪਿਛਲੇ ਦਰਵਾਜ਼ਿਆਂ ਰਾਹੀਂ ਉਹੀ ਖੇਤੀ ਵਿਰੋਧੀ ਕਾਨੂੰਨ ਲਾਗੂ ਕਰਨ ਦੀ ਸਾਜ਼ਿਸ਼ ਹੈ। ਇੱਕ ਵਾਰ ਭਾਵੇਂ ਇਸ ਹਮਲੇ ਨੂੰ ਵਕਤੀ ਤੌਰ ‘ਤੇ ਠੱਲ੍ਹ ਦਿੱਤਾ ਹੈ, ਪਰ ਭਾਰਤੀ ਹਾਕਮਾਂ ਨੂੰ ਵਿਸ਼ਵ ਵਪਾਰ ਸੰਸਥਾ ਵਿੱਚੋਂ ਬਾਹਰ ਆਉਣ ਦੀ ਵੱਡੀ ਲੜਾਈ ਲਈ ਤਿਆਰ ਰਹਿਣਾ ਹੋਵੇਗਾ।

                     ਇਸ ਸਮੇਂ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ ਨੇ ਕਿਹਾ ਕਿ ਕਿਸਾਨੀ ਸੰਕਟ ਦੀ ਜੜ੍ਹ ਇਸ ਲੁਟੇਰੇ ਤੇ ਜਾਬਰ ਪ੍ਰਬੰਧ ਵੱਲੋਂ ਸਾਮਰਾਜੀ ਦਿਸ਼ਾ ਨਿਰਦੇਸ਼ਤ ਵਿਸ਼ਵ ਵਪਾਰ ਸੰਸਥਾ ਰਾਹੀਂ ਲਾਗੂ ਕੀਤੀ ਜਾ ਰਹੀ ਕਿਸਾਨ -ਮਜਦੂਰ ਵਿਰੋਧੀ ਨੀਤੀ ਹੈ। ਜਿਸ ਰਾਹੀਂ ਵੱਡੀ ਲੋਕਾਈ ਦਾ ਜੀਵਨ ਅਧਾਰ ਖੇਤੀਬਾੜੀ ਖੇਤਰ ਨੂੰ ਅਡਾਨੀ-ਅੰਬਾਨੀਆਂ ਦੇ ਹਵਾਲੇ ਕੀਤਾ ਜਾ ਰਿਹਾ ਹੈ। ਮੋਦੀ ਹਕੂਮਤ ਸਮੇਤ ਸਾਰੀਆਂ ਰਾਜ ਸਰਕਾਰਾਂ ਇਸ ਕਿਸਾਨ/ਲੋਕ ਵਿਰੋਧੀ ਨੀਤੀ ਨੂੰ ਲਾਗੂ ਕਰਨ ਲਈ ਇੱਕਮੱਤ ਹਨ। ਉਨ੍ਹਾਂ ਇਤਿਹਾਸਕ ਕਿਸਾਨ ਘੋਲ ਸਮੇਤ ਬੀਤੇ ਸਮੇਂ ਦੀਆਂ ਇਤਿਹਾਸਕ ਲੋਕ ਲਹਿਰਾਂ ਵਿੱਚ ਅੱਧ ਸੰਸਾਰ ਦੀਆਂ ਮਾਲਕ ਔਰਤਾਂ ਵੱਲੋਂ ਨਿਭਾਏ ਸ਼ਾਨਾਮੱਤੇ ਵਿਰਸੇ ਦੀ ਜ਼ੋਰਦਾਰ ਸ਼ਲਾਘਾ ਕੀਤੀ। ਉਨ੍ਹਾਂ ਇਹ ਘੋਲ਼ਾਂ ਵਿੱਚ ਸਰਗਰਮੀ ਨਾਲ ਭਾਗ ਲੈਂਦੇ ਹੋਏ, ਮੁਕੰਮਲ ਮੁਕਤੀ ਲਈ ਸੰਘਰਸ਼ ਦੀ ਧਾਰ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਨਵਾਂ ਪ੍ਰਬੰਧ ਸਿਰਜਣ ਵੱਲ ਸੇਧਤ ਕਰਨ ਦੀ ਲੋੜ ਤੇ ਜੋਰ ਦਿੱਤਾ।

                       ਇਸ ਸਮੇਂ ਸਮੁੱਚੀ ਜਿਲ੍ਹਾ ਕਮੇਟੀ, ਬਲਾਕ ਕਮੇਟੀਆਂ ਅਤੇ ਪਿੰਡ ਕਮੇਟੀਆਂ ਆਗੂ ਹਾਜ਼ਰ ਸਨ। ਅਖੀਰ ਵਿੱਚ ਸੂਬਾ ਪ੍ਰਧਾਨ ਸਮੇਤ ਅਹਿਮ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਹ ਸਮਾਗਮ ਨਵੇਂ ਸੰਘਰਸ਼ ਦੀ ਚੇਤਨਾ ਮੁਖੀ ਲੋਅ ਵੰਡਦਾ ਹੋਇਆ ਸਮਾਪਤ ਹੋਇਆ।

NO COMMENTS