ਮਾਨਸਾ, 17 ਨਵੰਬਰ:(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਡਾ. ਸੀ.ਕੇ. ਦਿਕਸ਼ਤ ਵੱਲੋਂ ਵੱਖ ਵੱਖ ਪਿੰਡਾਂ ਦਾ ਦੌਰਾ ਕਰਕੇ ਪਰਾਲੀ ਪ੍ਰਬੰਧਨ ਲਈ ਵਰਤੀ ਜਾ ਰਹੀ ਖੇਤੀ ਮਸ਼ੀਨਰੀ ਨਾਲ ਕੀਤੀ ਜਾ ਰਹੀ ਕਣਕ ਦੀ ਬਿਜਾਈ ਦਾ ਜਾਇਜ਼ਾ ਲਿਆ।
ਡਾ. ਦਿਕਸ਼ਤ ਨੇ ਕਿਹਾ ਕਿ ਕਿਸਾਨ ਨਵੀਂ ਤਕਨੀਕ ਦਾ ਸਦਉਪਯੋਗ ਕਰ ਰਹੇ ਹਨ। ਭਵਿੱਖ ਵਿਚ ਇਸੇ ਤਰ੍ਹਾਂ ਵੱਧ ਤੋਂ ਵੱਧ ਕਿਸਾਨ ਨਵੀਆਂ ਖੇਤੀ ਤਕਨੀਕਾਂ ਨਾਲ ਜੁੜਨਗੇ ਤਾਂ ਜ਼ਰੂਰ ਪਰਾਲੀ ਦੇ ਮਸਲੇ ਨੂੰ ਪੂਰੀ ਤਰ੍ਹਾਂ ਹੱਲ ਕਰ ਲਿਆ ਜਾਵੇਗਾ। ਉਨ੍ਹਾਂ ਸੰਤੁਸ਼ਟੀ ਪ੍ਰਗਟ ਕਰਦਿਆਂ ਕਿਹਾ ਕਿ ਪਰਾਲੀ ਪ੍ਰਬੰਧਨ ਵਿਚ ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਚੰਗੇ ਉਪਰਾਲੇ ਕਰ ਰਿਹਾ ਹੈ। ਕਿਸਾਨਾਂ ਨਾਲ ਲਗਾਤਾਰ ਪਿੰਡਾਂ ਵਿਚ ਤਾਲਮੇਲ ਕਰਕੇ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕਿਤੇ ਵੀ ਕੋਈ ਕਿਸਾਨ ਪਰਾਲੀ ਨੂੰ ਅੱਗ ਨਾ ਲਗਾਵੇ।
ਉਨ੍ਹਾਂ ਇਸ ਮੌਕੇ ਪਿੰਡ ਦਲੇਲ ਸਿੰਘ ਵਾਲਾ ਵਿਖੇ ਦਿੱਲੀ ਤੋਂ ਆਈ ਟੀਮ ਨਾਲ ਖੇਤੀ ਮਸ਼ੀਨਰੀ ਦੀ ਜਾਂਚ ਕਰਦਿਆਂ ਕਿਸਾਨਾਂ ਨੂੰ ਮਸ਼ੀਨਰੀ ਦੀ ਤਕਨੀਕ ਅਤੇ ਇਸ ਦੇ ਫਾਇਦਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਪਿੰਡ ਢੈਪਈ ਵਿਖੇ ਕੋਆਪਰੇਟਿਵ ਸੁਸਾਇਟੀ ਤੋਂ ਸਬਸਿਡੀ ’ਤੇ ਲਈ ਮਸ਼ੀਨਰੀ ਨਾਲ ਕਣਕ ਦੀ ਬਿਜਾਈ ਕਰ ਰਹੇ ਕਿਸਾਨ ਦੇ ਖੇਤ ਦਾ ਮੁਆਇਨਾ ਕੀਤਾ ਅਤੇ ਪਿੰਡ ਚੱਕ ਭਾਈ ਕੇ ਵਿਖੇ ਬੇਲਿੰਗ ਵਿਧੀ ਨਾਲ ਪਰਾਲੀ ਦੇ ਕੀਤੇ ਜਾ ਰਹੇ ਪ੍ਰਬੰਧਨ ਦਾ ਜਾਇਜ਼ਾ ਲਿਆ। ਇਸ ਦੇ ਨਾਲ ਹੀ ਉਨ੍ਹਾਂ ਸਮਾਰਟ ਸੀਡਰ ਨਾਲ ਕਣਕ ਦੀ ਬਿਜਾਈ ਕਰ ਰਹੇ ਕਿਸਾਨ ਦੇ ਖੇਤ ਦਾ ਮੁਆਇਨਾ ਕੀਤਾ।
ਡਾ. ਦਿਕਸ਼ਤ ਨੇ ਕਿਹਾ ਸਭ ਕਿਸਾਨਾਂ ਨੂੰ ਆਧੁਨਿਕ ਖੇਤੀ ਮਸ਼ੀਨਰੀ ਨਾਲ ਦੀ ਵਰਤੋਂ ਕਰਕੇ ਪਰਾਲੀ ਦਾ ਯੋਗ ਪ੍ਰ੍ਰਬੰਧਨ ਕਰਨਾ ਚਾਹੀਦਾ ਹੈ ਤਾਂ ਜੋ ਵਾਤਾਵਰਣ ਅਤੇ ਸਿਹਤ ’ਤੇ ਮਾੜਾ ਅਸਰ ਨਾ ਪੈ ਸਕੇ।
ਇਸ ਮੌਕੇ ਐਸ.ਡੀ.ਓ. ਪ੍ਰਦੂਸ਼ਣ ਕੰਟਰੋਲ ਬੋਰਡ ਹਰਸਿਮਰਨ ਸਿੰਘ, ਖੇਤੀਬਾੜੀ ਇੰਜੀਨੀਅਰ ਕੁਲਦੀਪ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਗੁਰਵੀਰ ਸਿੰਘ ਅਤੇ ਅਮਨ ਤੋਂ ਇਲਾਵਾ ਕਿਸਾਨ ਮੌਜੂਦ ਸਨ।