*ਕਿਸਾਨ ਤਿਆਰ-ਬਰਤਿਆਰ, ਸਰਕਾਰ ਭਾਵੇਂ ਅੰਦੋਲਨ ਨੂੰ 2024 ਤਕ ਖਿੱਚ ਲਵੇ, ਮਾਝੇ ਦਾ ਜਥਾ ਦਿੱਲੀ ਰਵਾਨਾ*

0
19

ਅੰਮ੍ਰਿਤਸਰ 05,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ): ਤਿੰਨ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੇ ਸਿੰਘੂ ਬਾਰਡਰ ‘ਤੇ ਸੰਘਰਸ਼ ਕਰ ਰਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ 19ਵਾਂ ਜੱਥਾ ਅੱਜ ਕਸਬਾ ਬਿਆਸ ਤੋਂ ਕਮੇਟੀ ਦੇ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਦੀ ਅਗਵਾਈ ‘ਚ ਰਵਾਨਾ ਹੋਇਆ। ਜਥੇ ਵਿੱਚ ਵੱਡੀ ਗਿਣਤੀ ਵਾਹਨ ਸ਼ਾਮਲ ਸੀ।

ਦੱਸ ਦਈਏ ਕਿ ਝੋਨੇ ਦੀ ਲਵਾਈ ਨੂੰ ਧਿਆਨ ‘ਚ ਰੱਖਦੇ ਹੋਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਮਾਝੇ ਦੇ ਜੱਥੇ ਨੂੰ ਦੋ ਵਾਰ ਭੇਜਣ ਦਾ ਫੈਸਲਾ ਕੀਤਾ ਹੈ। ਇਸ ਤਹਿਤ ਅਗਲਾ ਜੱਥਾ 13 ਜੁਲਾਈ ਨੂੰ ਦੁਬਾਰਾ ਰਵਾਨਾ ਹੋਵੇਗਾ। ਕਿਸਾਨ ਆਗੂਆਂ ਸਰਵਣ ਸਿੰਘ ਪੰਧੇਰ, ਲਖਵਿੰਦਰ ਸਿੰਘ ਵਰਿਆਮਨੰਗਲ, ਰਣਜੀਤ ਸਿੰਘ ਕਲੇਰਬਾਲਾ ਤੇ ਗੁਰਬਚਨ ਸਿੰਘ ਚੱਬਾ ਨੇ ਏਬੀਪੀ ਸਾਂਝਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨ ਬਿਲਕੁੱਲ ਤਿਆਰ ਹਨ, ਸਰਕਾਰ ਭਾਵੇਂ ਅੰਦੋਲਨ ਨੂੰ 2024 ਤਕ ਖਿੱਚ ਲਵੇ।

ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨੀ ਅੰਦੋਲਨ ਦਾ ਪੂਰਾ ਦਬਾਅ ਕੇਂਦਰ ਸਰਕਾਰ ਦੇ ਉਪਰ ਹੈ। ਇਸੇ ਕਰਕੇ ਭਾਜਪਾ ਤੇ ਆਰਐਸਐਸ ਇਸ ਮੁੱਦੇ ‘ਤੇ ਦੋ ਹਿੱਸਿਆ ‘ਚ ਵੰਡੀ ਹੋਈ ਹੈ। ਕਿਸਾਨਾਂ ਨੇ ਕਿਹਾ ਕਿ ਕਾਰਪੋਰੇਟ ਅਦਾਰਿਆਂ ਤੇ ਵਿਸ਼ਵ ਵਪਾਰ ਸੰਗਠਨ ਦੇ ਦਬਾਅ ਹੇਠਾਂ ਆ ਕੇ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰ ਰਹੀ।

ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਸਰਕਾਰ ਨੇ ਕਾਨੂੰਨ ਰੱਦ ਨਾ ਕੀਤੇ ਤਾਂ ਭਾਜਪਾ ਨੂੰ ਦੇਸ਼ ਪੱਧਰ ‘ਤੇ ਨੁਕਸਾਨ ਝੱਲਣਾ ਪਵੇਗਾ, ਕਿਉਂਕਿ ਇਹ ਦੇਸ਼ਵਿਆਪੀ ਅੰਦੋਲਨ ਬਣ ਗਿਆ ਹੈ। ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਮੋਰਚੇ ਵੱਲੋਂ ਜੋ ਵੀ ਫੈਸਲਾ ਲਿਆ ਜਾਵੇਗਾ, ਉਸ ਮੁਤਾਬਕ ਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਚੱਲੇਗੀ। ਪੰਜਾਬ ‘ਚ ਪਿਛਲੇ ਦਿਨੀਂ ਲੱਗੇ ਬਿਜਲੀ ਦੇ ਕੱਟਾਂ ‘ਤੇ ਕਿਸਾਨਾਂ ਨੇ ਪੰਜਾਬ ਸਰਕਾਰ ‘ਤੇ ਕੇਂਦਰ ਦੀ ਸ਼ਹਿ ‘ਤੇ ਜਾਣਬੁੱਝ ਕੇ ਕਿਸਾਨਾਂ ਨੂੰ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ।

NO COMMENTS