-ਕਿਸਾਨ ਝੋਨੇ ਦੀ ਸਿੱਧੀ ਬਿਜਾਈ ਨੂੰ ਦੇਣ ਤਰਜ਼ੀਹ : ਖੇਤੀਬਾੜੀ ਮਾਹਿਰ

0
31

ਮਾਨਸਾ, 06 ਮਈ (ਸਾਰਾ ਯਹਾ,ਹੀਰਾ ਸਿੰਘ ਮਿੱਤਲ ) : ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ ਦੇ ਸਹਿਯੋਗੀ ਨਿਰਦੇਸ਼ਕ ਡਾ. ਜੀ.ਪੀ.ਐਸ. ਸੋਢੀ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲੇਬਰ ਦੀ ਕਮੀ ਦੇ ਚੱਲਦਿਆਂ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਦੀ ਸਿਫਾਰਿਸ਼ ਕਰਦਿਆਂ ਯੁਨੀਵਰਸਿਟੀ ਦੇ ਫਸਲ ਵਿਗਿਆਨੀ ਡਾ. ਮੱਖਣ ਸਿੰਘ ਭੁੱਲਰ ਅਤੇ ਡਾ. ਜਸਵੀਰ ਸਿੰਘ ਗਿੱਲ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਜਿਨ੍ਹਾਂ ਕਿਸਾਨਾਂ ਦੀਆਂ ਦਰਮਿਆਨੀ ਤੋਂ ਭਾਰੀਆਂ ਜ਼ਮੀਨਾਂ ਹਨ, ਉਹ ਝੋਨੇ ਦੀ ਸਿੱਧੀ ਬਿਜਾਈ ਨੂੰ ਹੀ ਤਰਜੀਹ ਦੇਣ।ਉਨ੍ਹਾਂ ਕਿਹਾ ਕਿ ਹਾਲਾਂਕਿ ਜਿਹੜੇ ਕਿਸਾਨਾਂ ਦੀ ਰੇਤਲੀ ਜ਼ਮੀਨ ਹੈ, ਉਸ ਵਿੱਚ ਇਸ ਤਕਨੀਕ ਦੀ ਵਰਤੋਂ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।ਉਨ੍ਹਾਂ ਦੱਸਿਆ ਕਿ ਸਿੱਧੀ ਬਿਜਾਈ ਲਈ ਪਹਿਲਾਂ ਖੇਤ ਨੂੰ ਲੇਜ਼ਰ ਲੈਵਲਰ ਕਰਾਹੇ ਨਾਲ ਪੱਧਰਾ ਕਰਕੇ ਰੌਣੀ ਕਰ ਦੇਣੀ ਚਾਹੀਦੀ ਹੈ।ਉਨ੍ਹਾਂ ਦੱਸਿਆ ਕਿ ਵੱਤਰ ਆਉਣ ‘ਤੇ ਦੋ ਵਾਰ ਵਾਹ ਕੇ ਸੁਹਾਗਾ ਮਾਰ ਕੇ ਤੁਰੰਤ ਸਿੱਧੀ ਬਿਜਾਈ ਕਰ ਦੇਣੀ ਚਾਹੀਦੀ ਹੈ। ਸਹਿਯੋਗੀ ਨਿਰਦੇਸ਼ਕ ਡਾ. ਸੋਢੀ ਨੇ ਦੱਸਿਆ ਕਿ ਮਾਹਿਰਾਂ ਅਨੁਸਾਰ ਸਿੱਧੀ ਬਿਜਾਈ ਲਈ ਪ੍ਰਤੀ ਏਕੜ 8 ਕਿੱਲੋ ਬੀਜ (ਵੱਧ ਤੋਂ ਵੱਧ 10 ਕਿਲੋ) ਕਾਫ਼ੀ ਹੈ। ਇਸ ਤੋਂ ਜ਼ਿਆਦਾ ਮਾਤਰਾ ਵਿੱਚ ਬੀਜ ਦੀ ਵਰਤੋਂ ਕਰਨ ਨਾਲ ਫਸਲ ਸੰਘਣੀ ਹੋਣ ਕਰਕੇ ਤਣੇ ਦਾ ਗਾਲਾ ਆਦਿ ਬਿਮਾਰੀਆਂ ਦੀ ਸੰਭਾਵਨਾ ਵੱਧ ਜਾਂਦੀ ਹੈ ਅਤੇ ਦਾਣਿਆਂ ਦੀ ਫੋਕ ਵੀ ਵੱਧਦੀ ਹੈ।ਬਿਜਾਈ ਤੋਂ ਪਹਿਲਾਂ ਬੀਜ ਨੂੰ 8 ਘੰਟੇ (ਵੱਧ ਤੋਂ ਵੱਧ 12 ਘੰਟੇ) ਪਾਣੀ ਵਿੱਚ ਭਿਉਂ ਕੇ ਬਾਅਦ ਵਿੱਚ ਛਾਵੇਂ ਸੁਕਾ ਕੇ ਦਵਾਈ ਨਾਲ ਸੋਧ ਕਰ ਲੈਣੀ ਚਾਹੀਦੀ ਹੈ।ਡਾ. ਸੋਢੀ ਨੇ ਦੱਸਿਆ ਕਿ ਇਸ ਤਰੀਕੇ ਨਾਲ ਬਿਜਾਈ ਲਈ ਕਿਸਮਾਂ ਦੀ ਚੋਣ ਬਾਰੇ ਪੀ.ਏ.ਯੂ. (ਪੰਜਾਬ ਐਗਰੀਕਲਚਰ ਯੁਨਿਵਰਸਿਟੀ) ਮਾਹਿਰ ਦੱਸਦੇ ਹਨ ਕਿ ਘੱਟ ਅਤੇ ਦਰਮਿਆਨੇ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ। ਉਨ੍ਹਾਂ ਝੋਨੇ ਦੀਆਂ ਪਰਮਲ ਕਿਸਮਾਂ ਜਿਵੇਂ ਪੀ.ਆਰ. 126, ਪੀ.ਆਰ. 114, ਪੀ.ਆਰ. 121, ਪੀ.ਆਰ. 122, ਪੀ.ਆਰ. 127 ਦੀ ਬਿਜਾਈ ਜੂਨ ਦੇ ਪਹਿਲੇ ਪੰਦਰਵਾੜੇ ਵਿੱਚ ਅਤੇ ਬਾਸਮਤੀ ਕਿਸਮਾਂ ਜਿਵੇਂ ਪੂਸਾ ਬਾਸਮਤੀ 1509, ਪੂਸਾ ਬਾਸਮਤੀ 1718 ਦੀ ਬਿਜਾਈ ਜੂਨ ਦੇ ਦੂਜੇ ਪੰਦਰਵਾੜੇ ਵਿੱਚ ਕਰਨੀ ਸਹੀ ਰਹੇਗੀ।   ਉਨ੍ਹਾਂ ਦੱਸਿਆ ਕਿ ਬਿਜਾਈ ਲਈ ਲੱਕੀ ਸੀਡ ਡਰਿੱਲ ਦੀ ਵਰਤੋਂ ਨੂੰ ਤਰਜੀਹ ਦੇਣੀ ਚਾਹੀਦੀ ਹੈ ਜੋ ਝੋਨੇ ਦੀ ਬਿਜਾਈ ਅਤੇ ਨਦੀਨ ਨਾਸ਼ਕ ਦਾ ਛਿੜਕਾਅ ਨਾਲੋਂ-ਨਾਲ ਕਰਦੀ ਹੈ। ਉਨ੍ਹਾਂ ਤੋਂ ਇਲਾਵਾ ਟੇਢੀਆਂ ਪਲੇਟਾਂ ਵਾਲੀ ਝੋਨਾ ਬੀਜਣ ਵਾਲੀ ਡਰਿੱਲ ਵੀ ਬਿਜਾਈ ਕੀਤੀ ਜਾ ਸਕਦੀ ਹੈ ਅਤੇ ਤੁਰੰਤ ਬਾਅਦ ਨਦੀਨ ਨਾਸ਼ਕ ਦਾ ਛਿੜਕਾਅ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਇਹ ਮਸ਼ੀਨਾਂ ਨਾ ਮਿਲਣ ਤਾਂ ਮਾਹਿਰਾਂ ਅਨੁਸਾਰ ਹਾਲਾਤ ਦੇ ਮੱਦੇਨਜ਼ਰ ਜ਼ੀਰੋ ਟਿੱਲ ਡਰਿੱਲ ਜਾਂ ਹੈਪੀ ਸੀਡਰ ਦੇ ਖਾਦ ਵਾਲੇ ਬਕਸੇ ਦੇ ਪਸਤੌਲ ਦੀਆਂ ਝਿਰੀਆਂ ਬੰਦ ਕਰਕੇ ਜਾਂ ਬਕਸੇ ਦੀ ਗਰਾਰੀ ਨੂੰ ਦੁੱਗਣੇ ਦੰਦਿਆਂ ਵਾਲੀ ਗਰਾਰੀ ਨਾਲ ਬਦਲਕੇ ਅਤੇ ਖਾਦ ਵਾਲੇ ਲੀਵਰ ਨੂੰ ਇਸ ਤਰ੍ਹਾਂ ਸੈੱਟ ਕੀਤਾ ਜਾ ਸਕਦਾ ਹੈ ਕਿ ਇੱਕ ਮੀਟਰ ਲੰਬਾਈ ਵਿੱਚ 16-20 ਦਾਣੇ ਡਿੱਗਣ। ਮਾਹਿਰਾਂ ਨੇ ਕਿਸਾਨਾਂ ਨੂੰ ਪਹਿਲਾਂ ਪਾਣੀ ਬਿਜਾਈ ਤੋਂ 21 ਦਿਨ ਬਾਅਦ ਲਾਉਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਿਸੇ ਵੀ ਜਾਣਕਾਰੀ ਲਈ ਡਾ. ਮੱਖਣ ਸਿੰਘ ਭੁੱਲਰ (ਮੋਬਾਇਲ 98728-11350) ਜਾਂ ਡਾ. ਜਸਵੀਰ ਸਿੰਘ ਗਿੱਲ (ਮੋਬਾਇਲ 79861-88110) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

NO COMMENTS