ਅੰਮ੍ਰਿਤਸਰ 15,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਚੋਣਾਂ ਲੜਨ ਲਈ ਦ੍ਰਿੜ੍ਹ ਹਨ। ਉਨ੍ਹਾਂ ਸਪਸ਼ਟ ਕੀਤਾ ਹੈ ਕਿ ਕਿਸਾਨ ਜੇਕਰ ਸੜਕਾਂ ‘ਤੇ ਬੈਠ ਕੇ ਅੰਦੋਲਨ ਲੜ ਸਕਦੇ ਹਨ ਤਾਂ ਰਾਜਨੀਤੀ ‘ਚ ਸਫਲ ਕਿਉਂ ਨਹੀਂ ਹੋ ਸਕਦੇ। ਉਨ੍ਹਾਂ ਨੇ ਕਿਹਾ ਕਿਸਾਨੀ ਬਿੱਲ ਵੀ ਰਾਜਨੇਤਾਵਾਂ ਨੇ ਲਿਆਂਦੇ ਸਨ ਤੇ ਰਾਜਨੀਤੀ ਹੁਣ ਅਸ਼ੁੱਧ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹੁਣ ਇਸ ਨੂੰ ਸ਼ੁੱਧ ਅਸੀਂ ਕਰਾਂਗੇ।
ਚੜੂਨੀ ਨੇ ਕਿਹਾ ਉਨ੍ਹਾਂ ਦੀ ਜਥੇਬੰਦੀ ਪੰਜਾਬ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ ਉੱਪਰ ਚੋਣਾਂ ਲੜੇਗੀ। ਭਾਵੇਂ ਸਾਡੇ ਨਾਲ ਕੁਝ ਕਿਸਾਨ ਨੇਤਾ ਸਹਿਮਤ ਹੋਣ ਜਾਂ ਨਾ ਹੋਣ। ਉਨ੍ਹਾਂ ਕਿਹਾ ਕਿ ਕੁਝ ਕਿਸਾਨ ਨੇਤਾ ਤਾਂ ਅੰਦੋਲਨ ਵੀ ਨਹੀਂ ਲੜਨਾ ਚਾਹੁੰਦੇ ਸਨ ਪਰ ਅੰਦੋਲਨ ਫਿਰ ਵੀ ਹੋਇਆ ਤੇ ਕਾਮਯਾਬ ਵੀ ਹੋਇਆ।
ਦੱਸ ਦਈਏ ਕਿ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਅੱਜ ਅੰਮ੍ਰਿਤਸਰ ਪੁੱਜੇ ਹਨ। ਚੜੂਨੀ ਨੇ ਏਬੀਪੀ ਸਾਂਝਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਗਵਾਈ ‘ਚ ਦਰਬਾਰ ਸਾਹਿਬ ਨਤਮਸਤਕ ਹੋਣ ਆਏ ਹਨ। ਚੜੂਨੀ ਨੇ ਕਿਹਾ ਕਿ ਹਰਿਆਣਾ ‘ਚ ਟੋਲ ਦੇ ਰੇਟ ਨਹੀਂ ਵਧਾਏ ਪਰ ਪੰਜਾਬ ‘ਚ ਵਧਾਏ ਗਏ ਹਨ। ਅਸੀਂ ਪੰਜਾਬ ‘ਚ ਵੀ ਰੇਟ ਘਟਵਾ ਕੇ ਰਹਾਂਗੇ ਤੇ ਪੰਜਾਬ ਦੇ ਕਿਸਾਨ ਜੇਕਰ ਅੰਦੋਲਨ ਕਰਨਗੇ ਤਾਂ ਅਸੀਂ ਸਾਥ ਦੇਵਾਂਗੇ।
ਦਰਅਸਲ ਕਿਸਾਨ ਇੱਕ ਵਾਰ ਫਿਰ ਔਖੇ ਹੋ ਗਏ ਹਨ। ਉਨ੍ਹਾਂ ਨੇ ਟੋਲ ਪਲਾਜਿਆਂ ਤੋਂ ਧਰਨਾ ਨਾ ਚੁੱਕਣ ਦਾ ਐਲਾਨ ਕਰ ਦਿੱਤਾ ਹੈ। ਕਿਸਾਨਾਂ ਨੇ ਟੋਲ ਦੇ 40 ਫੀਸਦੀ ਤਕ ਰੇਟ ਵਧਾਏ ਜਾਣ ਦੇ ਖਦਸ਼ੇ ਦੇ ਚੱਲਦਿਆਂ ਇਹ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਹੈ ਕਿ ਜਿੰਨਾਂ ਚਿਰ ਪਹਿਲਾਂ ਵਾਲੇ ਪਰਚੀ ਦੇ ਰੇਟ ਲਾਗੂ ਨਹੀਂ ਹੁੰਦੇ, ਟੋਲ ਪਲਾਜੇ ਖਾਲੀ ਨਹੀਂ ਕੀਤੇ ਜਾਣਗੇ।
ਕਿਸਾਨ ਲੀਡਰ ਹਰਜਿੰਦਰ ਸਿੰਘ ਟਾਂਡਾ ਨੇ ਦੱਸਿਆ ਕਿ ਭਾਵੇਂਕਿ ਕੰਪਨੀ ਨੇ ਰੇਟ ਸੂਚੀ ਨਹੀਂ ਲਾਈ ਪਰ ਸਾਡੇ ਕੋਲ ਪੱਕੀ ਜਾਣਕਾਰੀ ਹੈ ਕਿ ਕੰਪਨੀ ਨੇ 40 ਫੀਸਦੀ ਤਕ ਰੇਟ ਵਧਾ ਦਿੱਤੇ ਹਨ ਜੋ ਬਿਲਕੁੱਲ ਬਰਦਾਸ਼ਤ ਨਹੀਂ ਹੋਣਗੇ। ਟਾਂਡਾ ਨੇ ਕਿਹਾ ਕਿ ਜੇਕਰ ਅੱਜ ਕੰਪਨੀ ਵੱਧ ਰੇਟ ਲਾਗੂ ਕਰਦੀ ਹੈ ਤਾਂ ਲੋਕਾਂ ‘ਤੇ ਬੋਝ ਪਵੇਗਾ ਤੇ ਲੋਕਾਂ ਦੀਆਂ ਨਜਰਾਂ ‘ਚ ਅਸੀਂ ਦੋਸ਼ੀ ਹੋਵਾਂਗੇ ਜੋ ਬਿਲਕੁੱਲ ਬਰਦਾਸ਼ਤ ਨਹੀਂ ਹੋਵੇਗਾ।