*ਕਿਸਾਨ ਜਥੇਬੰਦੀਆਂ ਸੜਕਾਂ ਜਾਮ ਕਰਨ ਦੀ ਥਾਂ ਟੋਲ ਪਲਾਜ਼ਿਆਂ ਤੇ ਧਰਨੇ ਦੇ ਕੇ ਟੋਲ ਪਲਾਜਿਆਂ ਨੂੰ ਫਰੀ ਕਰਵਾਉਣ : ਗੁਰਲਾਭ ਸਿੰਘ ਮਾਹਲ*

0
39

ਮਾਨਸਾ 18 ਨਵੰਬਰ (ਸਾਰਾ ਯਹਾਂ/ ਮੁੱਖ ਸੰਪਾਦਕ ):  ਕਿਸਾਨ ਯੂਨੀਅਨ ਸਿੱਧੂਪੁਰ ਅਤੇ ਉਸਦੀਆਂ ਸਹਿਯੋਗੀ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਲਈ ਸਰਕਾਰ ਵਿਰੁੱਧ ਅੰਦੋਲਨ ਕੀਤਾ ਜਾ ਰਿਹਾ ਹੈ। ਇਸ ਅੰਦੋਲਨ ਕਾਰਣ ਆਮ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਆ ਰਹੀਆਂ ਹਨ ਖਾਸ ਕਰਕੇ ਸੜਕਾਂ ਜਾਮ ਕਰਨ ਦੇ ਅੰਦੋਲਨ ਕਾਰਣ ਸੜਕਾਂ *ਤੇ ਸਫਰ ਕਰ ਰਹੇ ਆਮ ਲੋਕ ਪ੍ਰੇਸ਼ਾਨ ਹੋ ਰਹੇ ਹਨ ਅਤੇ ਕਿਤੇ ਨਾ ਕਿਤੇ ਆਮ ਲੋਕਾਂ ਵਿੱਚ ਇਸ ਕਿਸਾਨ ਅੰਦੋਲਨ ਕਾਰਣ ਸੜਕਾਂ ਜਾਮ ਕਰਨ ਦਾ ਮਨਾਂ ਵਿੱਚ ਰੋਸ ਪੈਦਾ ਹੋ ਰਿਹਾ ਹੈ ਚਾਹੇ ਅਜੇ ਤੱਕ ਆਮ ਲੋਕ ਖੁਲ੍ਹ ਕੇ ਕਿਸਾਨ ਅੰਦੋਲਨ ਦਾ ਵਿਰੋਧ ਨਹੀਂ ਕੀਤਾ ਜਾ ਰਿਹਾ। ਇਸ ਸਬੰਧੀ ਸੰਵਿਧਾਨ ਬਚਾਓ ਮੰਚ ਦੇ ਆਗੂ ਐਡਵੋਕੇਟ ਗੁਰਲਾਭ ਸਿੰਘ ਮਾਹਲ ਨੇ ਅੰਦੋਲਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਅਪਣੇ ਇਸ ਅੰਦੋਲਨ ਦੀ ਰੂਪਰੇਖਾ ਬਦਲ ਕੇ ਇਸ ਤਰ੍ਹਾਂ ਦੀ ਰੂਪਰੇਖਾ ਤਿਆਰ ਕਰਨੀ ਚਾਹੀਦੀ ਹੈ ਜਿਸ ਨਾਲ ਆਮ ਲੋਕਾਂ ਨੂੰ ਪ੍ਰੇਸ਼ਾਨੀ ਨਾ ਹੋਵੇ ਅਤੇ ਸਰਕਾਰ *ਤੇ ਦਬਾਅ ਜਿਆਦਾ ਬਣੇ । ਇਸ ਲਈ ਸਭ ਤੋਂ ਵਧੀਆ ਢੰਗ ਇੰਨ੍ਹਾਂ ਕਿਸਾਨ ਜਥੇਬੰਦੀਆਂ ਲਈ ਇਹ ਹੈ ਕਿ ਉਹ ਪੰਜਾਬ ਵਿਚਲੇ ਸਾਰੇ ਟੋਲ ਪਲਾਜ਼ਿਆਂ *ਤੇ ਆਪਣੇ ਧਰਨੇ ਲਾ ਕੇ ਆਮ ਰਾਹ ਨੂੰ ਚਲਦਾ ਰੱਖਣ ਅਤੇ ਟੋਲਾਂ ਨੂੰ ਫਰੀ ਕਰਵਾ ਦਿੱਤਾ ਜਾਵੇ। ਜਿਸ ਨਾਲ ਆਮ ਲੋਕਾਂ ਵਿੱਚ ਟੋਲ ਨਾ ਲੱਗਣ ਕਾਰਣ ਕਿਸਾਨ ਜਥੇਬੰਦੀਆਂ ਨਾਲ ਨੇੜਤਾ  ਹੋਵੇਗੀ ਉਥੇ ਟੋਲ ਨਾ ਦੇਣ ਕਾਰਣ ਸਰਕਾਰਾਂ *ਤੇ ਵੀ ਦਬਾਅ ਬਣੇਗਾ ਅਤੇ ਕਿਸਾਨ ਜਥੇਬੰਦੀਆਂ ਆਪਣੀਆਂ ਮੰਗਾਂ ਜਲਦੀ ਮਨਵਾਉਣ ਵਿੱਚ ਕਾਮਯਾਬ ਹੋ ਸਕਣਗੀਆਂ। ਇਸ ਸਮੇਂ ਉਨ੍ਹਾਂ ਕਿਹਾ ਕਿ ਦਿੱਲੀ ਅੰਦੋਲਨ ਸਮੇਂ ਪੰਜਾਬ,  ਹਰਿਆਣਾ ਅਤੇ ਯੂਪੀ ਦੇ ਲੱਗਭੱਗ ਹਰ ਵਰਗ ਨੇ ਕਿਸਾਨ ਜਥੇਬੰਦੀਆਂ ਦਾ ਸਾਥ ਦਿੱਤਾ ਅਤੇ ਕਿਸਾਨ ਜਥੇਬੰਦੀਆਂ ਪ੍ਰਤੀ ਲੋਕਾਂ ਦੀ ਹਮਦਰਦੀ ਵੀ ਪੈਦਾ ਹੋਈ ਸੀ ਅਤੇ ਆਮ ਲੋਕ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਵੀ ਕਿਸਾਨ ਜਥੇਬੰਦੀਆਂ ਵੱਲ ਵੇਖਣ ਲੱਗ ਪਏ ਸਨ।ਹੁਣ ਵੀ ਕਿਸਾਨ ਜਥੇਬੰਦੀਆਂ ਨੂੰ ਆਮ ਲੋਕਾਂ ਦਾ ਸਾਥ ਆਪਣੇ ਨਾਲ ਰੱਖਣ ਲਈ ਸੰਘਰਸ਼ ਦੀ ਰੂਪਰੇਖਾ ਇਸ ਪ੍ਰਕਾਰ ਬਨਾਉਣੀ ਚਾਹੀਦੀ ਹੈ ਕਿ ਆਮ ਲੋਕ ਇਸ ਅੰਦੋਲਨ ਦਾ ਵਿਰੋਧ ਕਰਨ ਦੀ ਬਜਾਏ ਇਸ ਅੰਦੋਲਨ ਨਾਲ ਜੁੜਨ। ਇਸ ਲਈ ਟੋਲ ਪਲਾਜ਼ਿਆਂ ਨੂੰ ਆਮ ਲੋਕਾਂ ਲਈ ਫਰੀ ਕਰਨਾ ਅਤੇ ਸੜਕੀ ਆਵਾਜਾਈ ਨੂੰ ਚੱਲਣ ਦੇਣਾ ਅੰਦੋਲਨ ਲਈ ਸਭ ਤੋਂ ਵਧੀਆ ਤਰੀਕਾ ਹੈ।

NO COMMENTS