ਕਿਸਾਨ ਜਥੇਬੰਦੀਆਂ ਕਰਨਗੀਆਂ ਅੱਜ ਵੱਡਾ ਐਲਾਨ, ਚੰਡੀਗੜ੍ਹ ‘ਚ ਬੁਲਾਈ ਮੀਟਿੰਗ

0
43

ਚੰਡੀਗੜ੍ਹ 15 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ): ਕੇਂਦਰ ਸਰਕਾਰ ਦੀ ਬੇਰੁਖੀ ਮਗਰੋਂ ਖੇਤੀ ਬਿੱਲਾਂ ਖਿਲਾਫ ਸੰਘਰਸ਼ ਹੋਰ ਤਿੱਖਾ ਹੋ ਗਿਆ ਹੈ। ਅੰਦੋਲਨ ਕਰ ਰਹੀਆਂ 29 ਕਿਸਾਨ ਜਥੇਬੰਦੀਆਂ ਨੇ ਅੱਜ ਚੰਡੀਗੜ੍ਹ ਵਿੱਚ ਮੀਟਿੰਗ ਬੁਲਾ ਲਈ ਹੈ। ਮੰਨਿਆ ਜਾ ਰਿਹਾ ਹੈ ਕਿ ਮੋਦੀ ਸਰਕਾਰ ਦੀ ਅੜੀ ਨੂੰ ਵੇਖਦਿਆਂ ਕਿਸਾਨ ਅੱਜ ਵੱਡਾ ਐਲਾਨ ਕਰ ਸਕਦੇ ਹਨ। ਕੇਂਦਰ ਸਰਕਾਰ ਨਾਲ ਮੀਟਿੰਗ ਬੇਸਿੱਟਾ ਰਹਿਣ ਮਗਰੋਂ ਸਾਰੀਆਂ ਸਿਆਸੀ ਪਾਰਟੀਆਂ ਵੀ ਕਿਸਾਨਾਂ ਦੇ ਹੱਕ ਵਿੱਚ ਖੁੱਲ੍ਹ ਕੇ ਨਿੱਤਰ ਆਈਆਂ ਹਨ।

ਸੂਤਰਾਂ ਮੁਤਾਬਕ ਕਿਸਾਨ ਹੁਣ ਸ਼ਹਿਰਾਂ ਅੰਦਰ ਸੰਘਰਸ਼ ਤੇਜ਼ ਕਰਨ ਜਾ ਰਹੇ ਹਨ ਕਿਉਂਕਿ ਬੀਜੇਪੀ ਦਾ ਵੋਟ ਬੈਂਕ ਸ਼ਹਿਰਾਂ ਅੰਦਰ ਹੀ ਹੈ। ਇਸ ਤੋਂ ਇਲਾਵਾ ਕਿਸਾਨ ਬੀਜੇਪੀ ਲੀਡਰਾਂ ਦੇ ਘਿਰਾਓ ਨੂੰ ਹੋਰ ਤੇਜ਼ ਕਰਨ ਦੀ ਯੋਜਨਾ ਬਣਾ ਰਹੇ ਹਨ। ਕਿਸਾਨਾਂ ਦਾ ਮੰਨਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਥ ਛੱਡਣ ਮਗਰੋਂ ਬੀਜੇਪੀ ਪਹਿਲਾਂ ਹੀ ਅਲੱਗ-ਥਲੱਗ ਪੈ ਗਈ ਹੈ। ਹੁਣ ਬੀਜੇਪੀ ਲੀਡਰਾਂ ਦੇ ਘਿਰਾਓ ਨਾਲ ਮੋਦੀ ਸਰਕਾਰ ਉੱਪਰ ਕਿਸਾਨਾਂ ਦੇ ਮਸਲੇ ਹੱਲ ਕਰਨ ਦਾ ਦਬਾਅ ਵਧੇਗਾ।

ਦੱਸ ਦਈਏ ਕਿ ਬੁੱਧਵਾਰ ਨੂੰ ਨਵੀਂ ਦਿੱਲੀ ਵਿੱਚ ਕੇਂਦਰੀ ਖੇਤੀ ਮੰਤਰੀ ਸੰਜੈ ਅਗਰਵਾਲ ਨਾਲ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਗੱਲਬਾਤ ਬੇਸਿੱਟਾ ਰਹਿਣ ਮਗਰੋਂ ਕਿਸਾਨ ਜਥੇਬੰਦੀਆਂ ਨੇ ਸਾਰਾ ਗੁੱਸਾ ਬੀਜੇਪੀ ਲੀਡਰਾਂ ਖਿਲਾਫ ਹੀ ਕੱਢਿਆ ਹੈ। ਜਿਉਂ ਹੀ ਮੀਟਿੰਗ ਅਸਫਲ ਰਹਿਣ ਦੀ ਖਹਰ ਪੰਜਾਬ ਪਹੁੰਚੀ ਤਾਂ ਕਿਸਾਨਾਂ ਨੇ ਬੀਜੇਪੀ ਲੀਡਰਾਂ ਦੇ ਘਿਰਾਓ ਕਰਦਿਆਂ ਮੋਦੀ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਪੰਜਾਬ ਵਿੱਚ ਅੱਜ ਲਗਾਤਾਰ 15ਵੇਂ ਦਿਨ ਵੀ ਕਿਸਾਨਾਂ ਨੇ ਰੇਲ ਮਾਰਗਾਂ, ਟੌਲ ਪਲਾਜ਼ਿਆਂ, ਕਾਰਪੋਰੇਟ ਘਰਾਣਿਆਂ ਦੇ ਵਪਾਰਕ ਟਿਕਾਣਿਆਂ, ਪੈਟਰੋਲ ਪੰਪਾਂ ਤੇ ਬੀਜੇਪੀ ਲੀਡਰਾਂ ਦੇ ਘਰਾਂ ਦਾ ਘਿਰਾਓ ਜਾਰੀ ਰੱਖਿਆ ਹੈ। ਇਸ ਦੇ ਨਾਲ ਹੀ 24 ਸਤੰਬਰ ਤੋਂ ਫਿਰੋਜ਼ਪੁਰ ਤੇ ਅੰਮ੍ਰਿਤਸਰ ਵਿੱਚ ਰੇਲ ਮਾਰਗਾਂ ’ਤੇ ਪੱਕਾ ਮੋਰਚਾ ਲਾਈ ਬੈਠੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨੇ ਆਪਣਾ ਅੰਦੋਲਨ 17 ਅਕਤੂਬਰ ਤੱਕ ਵਧਾ ਦਿੱਤਾ ਹੈ।

NO COMMENTS