*ਕਿਸਾਨ ਅੰਦੋਲਨ ਨੇ ਖਿੱਚਿਆ ਦੁਨੀਆ ਦਾ ਧਿਆਨ, ਸਰਕਾਰ ਫਿਕਰਮੰਦ*

0
70

ਬਰਨਾਲਾ 01 ਅਗਸਤ (ਸਾਰਾ ਯਹਾਂ/ਬਿਊਰੋ ਰਿਪੋਰਟ): 32 ਜਥੇਬੰਦੀਆਂ ‘ਤੇ ਅਧਾਰਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 305ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਸ਼ਹੀਦ ਕਿਰਨਜੀਤ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਨੇ 12 ਅਗਸਤ ਨੂੰ ਕਰਵਾਇਆ ਜਾਣ ਵਾਲਾ 24ਵਾਂ ਸ਼ਹੀਦ ਕਿਰਨਜੀਤ ਸ਼ਰਧਾਂਜਲੀ ਸਮਾਗਮ ਇਸ ਸਾਲ ਕਿਸਾਨ ਅੰਦੋਲਨ ਨੂੰ ਸਮਰਪਿਤ ਕੀਤਾ।

ਐਕਸ਼ਨ ਕਮੇਟੀ ਨੇ ਕਿਸਾਨ ਮੋਰਚੇ ਦੇ ਕੌਮੀ ਆਗੂਆਂ ਨੂੰ ਇਸ ਸਮਾਗਮ ਵਿੱਚ ਸ਼ਿਰਕਤ ਤੇ ਸੰਬੋਧਨ ਕਰਨ ਲਈ ਸੱਦਾ ਭੇਜਿਆ ਸੀ ਜਿਸ ਨੂੰ ਸੰਯਕੁਤ ਕਿਸਾਨ ਮੋਰਚੇ ਨੇ ਸਵੀਕਾਰ ਕਰ ਲਿਆ। ਮੋਰਚੇ ਦੀ ਸਥਾਨਕ ਲੀਡਰਸ਼ਿਪ ਨੇ ਵੀ ਫੈਸਲਾ ਕੀਤਾ ਹੈ ਕਿ ਬਰਨਾਲਾ ਜਿਲ੍ਹੇ ‘ਚ ਮੋਰਚੇ ਦੀ ਅਗਵਾਈ ਵਿੱਚ ਚੱਲ ਰਹੇ ਸਾਰੇ ਧਰਨੇ 12 ਅਗਸਤ ਨੂੰ ਦਾਣਾ ਮੰਡੀ ਮਹਿਲ ਕਲਾਂ ਵਿਖੇ ਤਬਦੀਲ ਕੀਤੇ ਜਾਣਗੇ।

ਬੁਲਾਰਿਆਂ ਨੇ ਕਿਹਾ ਸੰਯਕੁਤ ਕਿਸਾਨ ਮੋਰਚੇ ਦੇ ਨੇਤਾਵਾਂ ਨੇ ਅੰਦੋਲਨ ਦੇ ਨਿਵੇਕਲੇ ਤੇ ਵਿਲੱਖਣ ਰੂਪ ਸਾਹਮਣੇ ਲਿਆ ਕੇ ਬਹੁਤ ਸੁਚੱਜੀ ਲੀਡਰਸ਼ਿਪ ਹੋਣ ਦਾ ਸਬੂਤ ਦਿੱਤਾ ਹੈ। ਕਿਸਾਨ ਸੰਸਦ ਵਰਗੇ ਨਵੇਂ ਘੋਲ-ਰੂਪਾਂ ਨੇ ਜਿੱਥੇ ਦੁਨੀਆਂ ਦਾ ਧਿਆਨ ਕਿਸਾਨ ਮੰਗਾਂ ਵੱਲ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਖਿੱਚਿਆ ਉੱਥੇ ਕਿਸਾਨ ਲੀਡਰਸ਼ਿਪ ਦੀ ਸੂਝ ਬੂਝ ਦਾ ਵੀ ਲੋਹਾ ਮਨਵਾਇਆ।

ਇਸੇ ਕਰਕੇ ਸਰਕਾਰ ਕਿਸਾਨਾਂ ਵੱਲੋਂ ਅੰਦੋਲਨ ਨੂੰ ਯੂਪੀ ਤੇ ਉੱਤਰਾਖੰਡ ਵਿੱਚ ਮਜਬੂਤ ਕਰਨ ਦੀ ਤਜਵੀਜ਼ ਨੂੰ ਲੈ ਕੇ ਬਹੁਤ ਫਿਕਰਮੰਦ ਨਜਰ ਆ ਰਹੀ ਹੈ। ਇਸੇ ਮਾਯੂਸੀ ‘ਚੋਂ ਯੂਪੀ ਸਰਕਾਰ ਕਿਸਾਨਾਂ ਨੂੰ ਧਮਕੀਆਂ ਦੇਣ ‘ਤੇ ਉੱਤਰ ਆਈ ਹੈ। ਕਿਸਾਨ ਇਨ੍ਹਾਂ ਧਮਕੀਆਂ ਤੋਂ ਡਰਨ ਵਾਲੇ ਨਹੀਂ।

ਉਧਰ ਕਿਸਾਨ ਅੰਦੋਲਨ ਕਰਕੇ ਕਸੂਤੀ ਘਿਰੀ ਬੀਜੇਪੀ ਨੇ ਲੋਕਾਂ ਤੱਕ ਪਹੁੰਚ ਬਣਾਉਣ ਲਈ ਅੱਜ ਤੋਂ ਤਿਰੰਗਾ ਯਾਤਰਾ ਦਾ ਐਲਾਨ ਕੀਤਾ ਹੈ। ਸੰਯੁਕਤ ਕਿਸਾਨ ਮੋਰਚਾ ਨੇ ਇਸ ਨੂੰ ਬੀਜੇਪੀ ਦੀ ਚਾਲ ਦੱਸਦਿਆਂ ਅਪੀਲ ਕੀਤੀ ਹੈ ਕਿ ਹਰਿਆਣਾ ਵਿੱਚ 1 ਅਗਸਤ ਤੋਂ ਸ਼ੁਰੂ ਹੋਣ ਵਾਲੀ ਭਾਜਪਾ ਦੀ ਤਿਰੰਗਾ ਯਾਤਰਾ ਦਾ ਕਿਸਾਨ ਵਿਰੋਧ ਨਹੀਂ ਕਰਨਗੇ।

NO COMMENTS