ਕਿਸਾਨ ਅੰਦੋਲਨ ਦੀ ਮਜ਼ਬੂਤੀ ਦੀਆਂ ਤਿਆਰੀਆਂ, 23 ਫਰਵਰੀ ਨੂੰ ਦੇਸ਼ ਭਰ ਤੋਂ ਕਿਸਾਨਾਂ ਦੇ ਵੱਡੇ ਕਾਫਲੇ ਪਹੁੰਚਣਗੇ ਦਿੱਲੀ

0
21

ਨਵੀਂ ਦਿੱਲੀ 20,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਦਿੱਲੀ ਦੇ ਬਾਰਡਰਾਂ ‘ਤੇ ਚੱਲ ਰਹੇ ਕਿਸਾਨ-ਮੋਰਚਿਆਂ ਨੂੰ ਮਜ਼ਬੂਤ ਕਰਨ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਕਿਸਾਨ-ਮਹਾਂਪੰਚਾਇਤਾਂ ਦਾ ਦੌਰ ਜਾਰੀ ਹੈ। ਅੱਜ ਚੰਡੀਗੜ੍ਹ ਵਿਖੇ ਹੋਈ ਕਿਸਾਨ-ਮਹਾਂਪੰਚਾਇਤ ਦੌਰਾਨ ਸ਼ਹਿਰੀ-ਖੇਤਰ ਦੇ ਲੋਕਾਂ ਦੀ ਵੀ ਵੱਡੀ ਸ਼ਮੂਲੀਅਤ ਵੇਖਣ ਨੂੰ ਮਿਲੀ। ਗਾਜ਼ੀਪੁਰ ਬਾਰਡਰ ‘ਤੇ ਨੌਜਵਾਨਾਂ ਵੱਲੋਂ ਉਨਾਵ-ਯੂਪੀ ‘ਚ ਦੋ ਦਲਿਤ ਲੜਕੀਆਂ ਦੀ ਭੇਤਭਰੀ ਹਾਲਤ ‘ਚ ਹੋਈ ਮੌਤ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਨੂੰ ਲੈ ਕੇ ਰੋਸ-ਮਾਰਚ ਕੱਢਿਆ ਗਿਆ।  ਸੰਯੁਕਤ ਕਿਸਾਨ ਮੋਰਚਾ ਮੁਤਾਬਕ 23 ਫਰਵਰੀ ਨੂੰ ਦੇਸ਼-ਭਰ ਦੇ ਕਿਸਾਨਾਂ ਨੂੰ ‘ਪਗੜੀ-ਸੰਭਾਲ’ ਦਿਵਸ ਮਨਾਉਂਦਿਆਂ ਰੰਗ-ਬਰੰਗੀਆਂ ਪੱਗਾਂ ਬੰਨ੍ਹਦਿਆਂ ਵੱਡੇ ਕਾਫ਼ਲਿਆਂ ਨਾਲ ਦਿੱਲੀ ਮੋਰਚਿਆਂ ‘ਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਗਿਆ।

ਕਿਸਾਨ ਲੀਡਰਾਂ ਨੇ ਕਿਹਾ ਕਿ ਮੱਧ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਰੇਲ ਰੋਕੋ ਪ੍ਰੋਗਰਾਮਾਂ ਦੌਰਾਨ ਕਿਸਾਨਾਂ ਦੀਆਂ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਸਨ। ਗਵਾਲੀਅਰ ਵਿੱਚ 50 ਅਤੇ ਰੇਵਾ ਵਿੱਚ 47 ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਰਾਤ ਨੂੰ ਤੰਬੂ ਅਤੇ ਸਾਰਾ ਸਮਾਨ ਫੁੱਲਬਾਗ ਤੋਂ ਜ਼ਬਤ ਕਰ ਲਿਆ ਗਿਆ, ਜਿਥੇ 57 ਦਿਨਾਂ ਤੋਂ ਪੱਕਾ-ਮੋਰਚਾ ਲਾ ਕੇ ਹੜਤਾਲ ਕੀਤੀ ਜਾ ਰਹੀ ਸੀ। ਗ੍ਰਿਫਤਾਰੀਆਂ ਦੇ ਵਿਰੋਧ ਵਿੱਚ ਸੁਪਰਡੈਂਟ, ਪੁਲਿਸ ਗਵਾਲੀਅਰ ਦੇ ਦਫਤਰ ਵਿਖੇ ਧਰਨਾ ਦਿੱਤਾ ਗਿਆ ਅਤੇ ਗ੍ਰਿਫਤਾਰ ਕਾਰਕੁਨਾਂ ਨੂੰ ਜੇਲ੍ਹ ਤੋਂ ਰਿਹਾਅ ਕਰਵਾਇਆ ਗਿਆ। ਹੁਣ ਫਿਰ ਤੋਂ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ।  

ਉਨ੍ਹਾਂ ਕਿਹਾ ਕਿ ਛਤਰਪੁਰ ਵਿੱਚ 32 ਦਿਨਾਂ ਤੋਂ ਕਿਸਾਨ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨ ਵੀ ਟੈਂਟ ਨਾ ਲੱਗਣ ਦੇਣ ਕਾਰਨ ਬਿਮਾਰ ਹੋ ਰਹੇ ਹਨ। ਕਿਸਾਨਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਮੰਦਸੌਰ ਗੋਲੀ-ਕਾਂਡ ਦੇ ਬਾਵਜੂਦ ਕਿਸਾਨਾਂ ਦੇ ਹੌਸਲਿਆਂ ਨੂੰ ਤੋੜਿਆ ਨਹੀਂ ਜਾ ਸਕਿਆ, ਇਹ ਅੰਦੋਲਨ ਜਾਰੀ ਰਹੇਗਾ। ਕਿਸਾਨਾਂ ਖ਼ਿਲਾਫ਼ ਠੇਸ ਬਿਆਨਬਾਜ਼ੀ ਕਰਨ ਵਾਲੇ ਹਰਿਆਣਾ ਦੇ ਖੇਤੀਬਾੜੀ ਮੰਤਰੀ ਜੇ ਪੀ ਦਲਾਲ ਦਾ ਵੱਖ-ਵੱਖ ਥਾਵਾਂ ’ਤੇ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ।  23 ਫਰਵਰੀ ਨੂੰ ‘ਪੱਗੜੀ ਸੰਭਾਲ’ ਦਿਵਸ ਮੌਕੇ ਜੇ ਪੀ ਦਲਾਲ ਦੇ ਬਿਆਨਾਂ ਦੇ ਖਿਲਾਫ ਭਿਵਾਨੀ ਵਿੱਚ ਵਿਸ਼ਾਲ ਮਹਾਂਪੰਚਾਇਤ ਦਾ ਆਯੋਜਨ ਕੀਤਾ ਜਾ ਰਿਹਾ ਹੈ। 

ਕਿਸਾਨ ਆਗੂਆਂ ਨੇ ਕੇਂਦਰ-ਸਰਕਾਰ ਵੱਲੋਂ ਤੇਲ ਦੀਆਂ ਕੀਮਤਾਂ ‘ਚ ਲਗਾਤਾਰ ਕੀਤੇ ਜਾ ਰਹੇ ਵਾਧੇ ਦੀ ਸਖ਼ਤ ਨਿਖੇਧੀ ਕੀਤੀ ਹੈ। ਵਧਦੀਆਂ ਕੀਮਤਾਂ ਖ਼ਿਲਾਫ਼ ਦੇਸ਼-ਭਰ ਦੇ ਲੋਕ ਲਗਾਤਾਰ ਰੋਸ-ਪ੍ਰਗਟਾਵਾ ਕਰ ਰਹੇ ਹਨ। AIKMS ਵੱਲੋਂ ਹਰਿਆਣਾ ਦੇ ਝੱਜਰ  ਅਤੇ ਰੇਵਾੜੀ ‘ਚ ਤੇਲ ਦੀਆਂ ਕੀਮਤਾਂ ਦੇ ਵਾਧੇ ਖ਼ਿਲਾਫ਼ ਰੋਸ-ਪ੍ਰਦਰਸ਼ਨ ਕੀਤਾ ਗਿਆ। ਸੰਯੁਕਤ ਕਿਸਾਨ ਮੋਰਚੇ ਦੇ ਲੀਗਲ-ਸੈੱਲ ਵੱਲੋਂ ਐਡਵੋਕੇਟ ਪ੍ਰੇਮ ਸਿੰਘ ਭੰਗੂ ਦੀ ਅਗਵਾਈ ‘ਚ ਜੇਲ੍ਹਾਂ ‘ਚ ਬੰਦ ਕਿਸਾਨਾਂ-ਨੌਜਵਾਨਾਂ ਦੀਆਂ ਜ਼ਮਾਨਤਾਂ ਅਤੇ ਰਿਹਾਈ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।

NO COMMENTS