*ਕਿਸਾਨ ਅੰਦੋਲਨ ‘ਚ ਸ਼ਹੀਦ ਦੇ ਪਰਿਵਾਰ ਨੂੰ ਮੁਆਵਜ਼ੇ ਦਾ ਚੈੱਕ ਮਿਲਣ ਮਗਰੋਂ ਚੁੱਕਿਆ ਧਰਨਾ*

0
40

ਲੁਧਿਆਣਾ 13,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ):: ਕਿਸਾਨ ਅੰਦੋਲਨ ਦੌਰਾਨ ਦਿੱਲੀ ਦੇ ਸਿੰਘੂ ਬਾਰਡਰ ‘ਤੇ ਸ਼ਹੀਦ ਹੋਏ ਖੇਤ ਮਜ਼ਦੂਰ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ ਆਰਥਿਕ ਸਹਾਇਤਾ ਤੇ ਇੱਕ ਸਰਕਾਰੀ ਨੌਕਰੀ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਕਿਸਾਨਾਂ ਵੱਲੋਂ ਮ੍ਰਿਤਕ ਦੇਹ ਨਾਲ ਜਗਰਾਉਂ ਸਥਿਤ ਲੁਧਿਆਣਾ-ਫਿਰੋਜ਼ਪੁਰ ਰੋਡ ‘ਤੇ ਧਰਨਾ ਦੇ ਦਿੱਤਾ ਗਿਆ।  

ਕਿਸਾਨਾਂ ਨੇ ਮੰਗਾਂ ਮੰਨੇ ਜਾਣ ਤੱਕ ਧਰਨਾ ਜਾਰੀ ਰੱਖਣ ਦਾ ਐਲਾਨ ਕੀਤਾ। ਕਰੀਬ ਦੋ ਘੰਟੇ ਧਰਨਾ ਚੱਲਣ ਤੋਂ ਬਾਅਦ ਮੌਕੇ ਤੇ ਪਹੁੰਚੇ ਤਹਿਸੀਲਦਾਰ ਤੇ ਪੁਲਿਸ-ਪ੍ਰਸ਼ਾਸਨ ਦੇ ਹੋਰਨਾਂ ਲੋਕਾਂ ਵੱਲੋਂ ਮ੍ਰਿਤਕ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦਾ ਚੈੱਕ ਦਿੱਤਾ ਜਿਸ ਤੋਂ ਬਾਅਦ ਧਰਨਾ ਹਟਾ ਲਿਆ ਗਿਆ।

ਪਿੰਡ ਕਾਉਂਕੇ ਕਲਾਂ ਦੇ ਸਾਬਕਾ ਸਰਪੰਚ ਮਨਜਿੰਦਰ ਸਿੰਘ ਮਨੀ ਨੇ ਕਿਹਾ ਕਿ “ਪੀੜਤ ਪਰਿਵਾਰ ਨੂੰ ਮੁਆਵਜ਼ਾ ਰਾਸ਼ੀ ਦਾ ਚੈੱਕ ਮਿਲ ਗਿਆ ਹੈ। ਹਾਲਾਂਕਿ ਦੋ ਦਿਨ ਪਹਿਲਾਂ ਹੀ ਉਨ੍ਹਾਂ ਵੱਲੋਂ ਐਸਡੀਐਮ ਆਫਿਸ ਰਾਹੀਂ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਮੁਆਵਜੇ ਦੀ ਫਾਈਲ ਭੇਜੀ ਗਈ ਸੀ। ਜਿਨ੍ਹਾਂ ਵੱਲੋਂ ਟਾਲ-ਮਟੋਲ ਦਾ ਰਵੱਈਆ ਅਪਣਾਉਣ ਤੇ ਪ੍ਰਸ਼ਾਸਨ ਵੱਲੋਂ ਵਾਰ ਵਾਰ ਸਮਾਂ ਦੇਣ ਤੇ ਵੀ ਚੈੱਕ ਨਾ ਮੁਹੱਈਆ ਕਰਵਾਉਣ ਮਗਰੋਂ ਧਰਨਾ ਦੇਣਾ ਪਿਆ। ਹਾਲਾਂਕਿ ਹੁਣ ਚੈੱਕ ਮਿਲ ਗਿਆ ਹੈ, ਜਿਸ ਤੋਂ ਬਾਅਦ ਧਰਨਾ ਵਾਪਸ ਲਿਆ ਜਾ ਰਿਹਾ ਹੈ।”

ਇਨਕਲਾਬੀ ਏਕਤਾ ਪੰਜਾਬ ਜਨਰਲ ਸਕੱਤਰ ਕਮਲਜੀਤ ਖੰਨਾ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਆਵਜ਼ਾ ਰਾਸ਼ੀ ਦਾ ਚੈੱਕ ਮਿਲ ਗਿਆ ਹੈ। ਇਸ ਤੋਂ ਬਾਅਦ ਹੁਣ ਦੇਹ ਦਾ ਪੂਰੇ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ। ਹਾਲਾਂਕਿ ਇਸ ਤੋਂ ਪਹਿਲਾਂ ਖੰਨਾ ਦਾ ਕਹਿਣਾ ਸੀ ਕਿ ਦੋ ਦਿਨ ਪਹਿਲਾਂ ਐਸਡੀਐਮ ਰਾਹੀਂ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਫਾਈਲ ਭੇਜਣ ਦੇ ਬਾਵਜੂਦ ਉਨ੍ਹਾਂ ਨੂੰ ਮੁਆਵਜ਼ਾ ਮਿਲਣ ਚ ਦੇਰੀ ਹੋਈ, ਜਿਸ ਕਾਰਨ ਮਜਬੂਰਨ ਉਹ ਧਰਨੇ ਤੇ ਬੈਠੇ ਹਨ।

ਉੱਥੇ ਹੀ ਮੌਕੇ ਤੇ ਪਰਿਵਾਰ ਨੂੰ ਪੰਜ ਲੱਖ ਵਿੱਚ ਸਹਾਇਤਾ ਰਾਸ਼ੀ ਦਾ ਚੈੱਕ ਦੇਣ ਪਹੁੰਚੇ ਤਹਿਸੀਲਦਾਰ ਨੇ ਕਿਹਾ ਕਿ ਬਾਕੀ ਮਾਮਲਿਆਂ ‘ਚ ਵੀ ਵਿਚਾਰ ਕੀਤਾ ਜਾ ਰਿਹਾ ਹੈ ਤੇ ਜਲਦ ਹੀ ਚੈੱਕ ਸੌਂਪੇ ਜਾਣਗੇ।

NO COMMENTS