ਕਿਸਾਨ ਅੰਦੋਲਨ ‘ਚ ਕੇਸਾਂ ਦੀ ਬੇਅਦਬੀ ਦੇ ਮਾਮਲੇ ਨੇ ਫੜੀ ਤੂਲ, ਐਸਐਸਪੀ ਕੋਲ ਪਹੁੰਚੀ ਸ਼ਿਕਾਇਤ

0
38

ਬਟਾਲਾ01,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ) : ਦਿੱਲੀ ‘ਚ ਕਿਸਾਨ ਅੰਦੋਲਨ ਦੌਰਾਨ ਪੁਲਿਸ ਵੱਲੋਂ ਕਿਸਾਨਾਂ ਨਾਲ ਕੁੱਟਮਾਰ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਇਸ ਦਰਮਿਆਨ ਰਣਜੀਤ ਸਿੰਘ ਨਾਂ ਦੇ ਨੌਜਵਾਨ ਦੇ ਕੇਸਾਂ-ਕਕਾਰਾਂ ਦੀ ਬੇਅਦਬੀ ਤੇ ਕਿਸਾਨਾਂ ਦੀ ਕੁੱਟਮਾਰ ਦਾ ਮਾਮਲਾ ਹੁਣ ਪੂਰੀ ਤਰ੍ਹਾਂ ਭਖ ਗਿਆ ਹੈ। ਬਟਾਲਾ ਵਿੱਚ ਅਕਾਲੀ ਦਲ ਤੇ ਹੋਰ ਪੰਥਕ ਜਥੇਬੰਦੀਆਂ ਨੇ ਅੱਜ ਐਸਐਸਪੀ ਬਟਾਲਾ ਨੂੰ ਮੈਮੋਰੰਡਮ ਦਿੱਤਾ ਹੈ। ਗੁਰਦਾਸਪੁਰ ਦੇ ਜ਼ਿਲ੍ਹਾ ਯੂਥ ਅਕਾਲੀ ਦਲ ਦੇ ਪ੍ਰਧਾਨ ਰਮਨਦੀਪ ਸੰਧੂ ਦੀ ਅਗਵਾਈ ‘ਚ ਵਫਦ ਐਸਐਸਪੀ ਨੂੰ ਮਿਲਿਆ।

ਮਨਦੀਪ ਸੰਧੂ ਨੇ ਕਿਹਾ ਕਿ 29 ਜਨਵਰੀ ਨੂੰ ਜੋ ਘਟਨਾ ਦਿੱਲੀ ਦੇ ਸਿੰਘੂ ਬਾਰਡਰ ‘ਤੇ ਵਾਪਰੀ ਹੈ, ਅਸੀਂ ਉਸ ਦੀ ਕੜੀ ਨਿੰਦਾ ਕਰਦੇ ਹਾਂ। ਸ਼ਹੀਦ ਭਗਤ ਸਿੰਘ ਨਗਰ ਦੇ ਰਹਿਣ ਵਾਲੇ 22 ਸਾਲ ਦੇ ਰਣਜੀਤ ਸਿੰਘ ਨਾਲ ਦਿੱਲੀ ਪੁਲਿਸ ਨੇ ਕੁੱਟਮਾਰ ਕੀਤੀ ਹੈ। ਇਸ ਕਰਕੇ ਪਾਰਟੀ ਦੇ ਯੂਥ ਵਿੰਗ ਤੇ ਹੋਰ ਧਾਰਮਿਕ ਜਥੇਬੰਦੀਆਂ ਨੇ ਰੋਸ ‘ਚ ਆ ਕੇ ਐਸਐਸਪੀ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ। ਉਨ੍ਹਾਂ ਮੰਗ ਕੀਤੀ ਕਿ ਜਿਨ੍ਹਾਂ ਨੇ ਰਣਜੀਤ ਸਿੰਘ ‘ਤੇ ਤਸ਼ੱਦਦ ਕੀਤਾ, ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇ।

ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਰਤਿੰਦਰਪਾਲ ਸਿੰਘ ਨੇ ਕਿਹਾ ਕਿ ਦਿੱਲੀ ‘ਚ ਕਿਸਾਨ ਵਾਹਿਗੁਰੂ ਦਾ ਜਾਪ ਕਰਕੇ ਧਰਨਾ ਦੇ ਰਹੇ ਹਨ ਪਰ ਕੇਂਦਰ ਸਰਕਾਰ ਦੇ ਹੁਕਮਾਂ ‘ਤੇ ਦਿੱਲੀ ਪੁਲਿਸ ਨੇ ਕਿਸਾਨਾਂ ‘ਤੇ ਤਸ਼ੱਦਦ ਕੀਤੇ ਹਨ ਤੇ ਰਣਜੀਤ ਸਿੰਘ ਦੇ ਕੇਸਾਂ ਦੀ ਬੇਅਦਬੀ ਕੀਤੀ ਗਈ ਹੈ। ਇਸ ਸਭ ਨਿੰਦਣਯੋਗ ਹੈ। ਉਨ੍ਹਾਂ ਵੱਲੋਂ ਵੀ ਐਸਐਸਪੀ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਤੇ ਅਪੀਲ ਕੀਤੀ ਕਿ ਰਣਜੀਤ ਸਿੰਘ ‘ਤੇ ਤਸ਼ੱਦਦ ਕਰਨ ਵਾਲਿਆਂ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਐਸਐਸਪੀ ਬਟਾਲਾ ਰਛਪਾਲ ਸਿੰਘ ਨੇ ਕਿਹਾ ਕਿ ਯੂਥ ਅਕਾਲੀ ਦਲ ਵੱਲੋਂ ਮੰਗ ਪੱਤਰ ਮਿਲ ਗਿਆ ਹੈ ਤੇ ਉਹ ਮੰਗ ਪੱਤਰ ਨੂੰ ਆਪਣੇ ਵੱਡੇ ਅਧਿਕਾਰੀਆਂ ਨੂੰ ਭੇਜ ਦੇਣਗੇ।

NO COMMENTS