ਕਿਸਾਨ ਅੰਦੋਲਨ ਕਾਰਨ ਬੀਜੇਪੀ ਲਈ ਚੋਣ ਲੜਨੀ ਹੋਈ ਔਖੀ, ਅਸ਼ਵਨੀ ਸ਼ਰਮਾ ਨੇ ਕੈਪਟਨ ਸਰਕਾਰ ਸਿਰ ਭਾਂਡਾ ਭੰਨਿਆ

0
27

ਚੰਡੀਗੜ੍ਹ 10,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ) : ਬੀਜੇਪੀ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅੱਜ ਪੰਜਾਬਾ ਸਰਕਾਰ ਤੇ ਕਾਂਗਰਸ ‘ਤੇ ਇਲਜ਼ਾਮ ਲਾਏ ਕਿ ਕਾਂਗਰਸ ਆਉਣ ਵਾਲੀਆਂ ਸਥਾਨਕ ਨਗਰ ਨਿਗਮ ਚੋਣਾਂ ਸੱਤਾ ਦੇ ਦਮ ‘ਤੇ ਅਤੇ ਲੋਕਾਂ ਨੂੰ ਕਿਸਾਨਾਂ ਦੇ ਨਾਂਅ ‘ਤੇ ਬੀਜੇਪੀ ਖਿਲਾਫ ਭੜਕਾ ਕੇ ਜਿੱਤਣਾ ਚਾਹੁੰਦੀ ਹੈ।

ਉਨ੍ਹਾਂ ਕਿਹਾ ਕਿ ਭਾਰਤੀ ਜਨਤੀ ਪਾਰਟੀ ਦੇ ਉਮੀਦਵਾਰਾਂ ਤੇ ਲੀਡਰਾਂ ਨੂੰ ਚੋਣ ਮੁਹਿੰਮ ਨਹੀਂ ਕਰਨ ਦਿੱਤੀ ਜਾ ਰਹੀ। ਜਿੱਥੇ-ਜਿੱਥੇ ਉਨ੍ਹਾਂ ਦੀ ਦੀ ਚੋਣ ਰੈਲੀ ਹੁੰਦੀ ਹੈ ਉੱਥੇ ਕਿਸਾਨਾਂ ਦੇ ਨਾਂਅ ‘ਤੇ ਲੋਕ ਇਕੱਠੇ ਹੋ ਜਾਂਦੇ ਹਨ। ਪੰਜਾਬ ਪੁਲਿਸ ਵੀ ਉਨ੍ਹਾਂ ਦੀ ਮਦਦ ਕਰਦੀ ਹੈ।

ਅਸ਼ਵਨੀ ਸ਼ਰਮਾ ਨੇ ਕਿਹਾ ਕਿਸਾਨਾਂ ਨੂੰ ਧਰਨਾ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈ ਪਰ ਕੁਝ ਲੋਕ ਕਿਸਾਨਾਂ ਦੇ ਨਾਂਅ ‘ਤੇ ਸਿਆਸਤ ਕਰ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਇਹ ਕਿਹੋ ਜਿਹੀਆਂ ਚੋਣਾਂ ਹਨ ਜਿਸ ‘ਚ ਨੈਸ਼ਨਲ ਪਾਰਟੀ ਦੇ ਸੂਬਾ ਪ੍ਰਧਾਨ ਨੂੰ ਹੀ ਚੋਣ ਰੈਲੀ ਨਹੀਂ ਕਰਨ ਦਿੱਤੀ ਜਾ ਰਹੀ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਆਉਣ ਵਾਲੇ ਦੋ ਦਿਨ ਪੰਜਾਬ ਲਈ ਅਹਿਮ ਹੋਣ ਵਾਲੇ ਹਨ। 14 ਤਾਰੀਖ ਨੂੰ ਹੋਣ ਵਾਲੀਆਂ ਚੋਣਾਂ ਲਈ ਇਨ੍ਹਾਂ ਦਿਨਾਂ ‘ਚ ਚੋਣ ਪ੍ਰਚਾਰ ਕੀਤਾ ਜਾਵੇਗਾ ਤੇ ਜੇਕਰ ਇਨ੍ਹਾਂ ਦਿਨਾਂ ‘ਚ ਬੀਜੇਪੀ ਦੇ ਉਮੀਦਵਾਰਾਂ ਨੂੰ ਕੋਈ ਨੁਕਸਾਨ ਹੋਇਆ ਤਾਂ ਉਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹੋਵੇਗੀ।

ਉਨ੍ਹਾਂ ਕਿਹਾ ਪਿਛਲੇ ਦਿਨੀਂ ਮੋਗਾ ‘ਚ ਹੋਈ ਘਟਨਾ ਨੇ ਸਾਬਿਤ ਕਰ ਦਿੱਤਾ ਹੈ ਕਿ ਸਰਕਾਰ ਖੂਨ ਖਰਾਬੇ ਵਾਲੀਆਂ ਚੋਣਾਂ ਕਰਾਉਣੀਆਂ ਚਾਹ ਰਹੀ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਬੀਜੇਪੀ ਉਮੀਦਵਾਰਾਂ ਨੂੰ ਧਮਕਾਇਆ ਜਾ ਰਿਹਾ ਹੈ। BJP ਦੇ ਦਫ਼ਤਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਲੀਡਰਾਂ ‘ਤੇ ਹਮਲੇ ਹੋ ਰਹੇ ਹਨ।

ਖੁਦ ਤੇ ਫਿਰੋਜ਼ਪੁਰ ‘ਚ ਹੋਏ ਹਮਲੇ ਬਾਰੇ ਉਨ੍ਹਾਂ ਗੱਲ ਕਰਦਿਆਂ ਕਿਹਾ ਕਿ ਅਜਿਹਾ ਲੱਗ ਰਿਹਾ ਸੀ ਜਿਵੇਂ ਪੱਥਰਾਂ ਦਾ ਮੀਂਹ ਉਨ੍ਹਾਂ ਦੀ ਗੱਡੀ ‘ਤੇ ਪੈ ਰਿਹਾ ਹੋਵੇ। ਉਨ੍ਹਾਂ ਕਿਹਾ ਮੁੱਖ ਮੰਤਰੀ ਜੇਕਰ ਨਿਰਪੱਖ ਚੋਣਾਂ ਕਰਾਉਣੀਆਂ ਚਾਹੁੰਦੇ ਹਨ ਤਾਂ ਸੂਬੇ ‘ਚ ਕੇਂਦਰੀ ਸੁਰੱਖਿਆ ਬਲ ਤਾਇਨਾਤ ਕੀਤੇ ਜਾਣ।

NO COMMENTS