ਕਿਸਾਨੀ ਸੰਘਰਸ਼ : ਜਿੱਤ ਲਈ ਕਿਸਾਨ ਆਗੂਆਂ ਦੀ ਅਗਵਾਈ ਅਤੇ ਸਤਿਕਾਰ ਜ਼ਰੂਰੀ

0
13

ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪੰਜਾਬ, ਹਰਿਆਣਾ, ਉਤਰ ਪ੍ਰਦੇਸ਼, ਰਾਜਸਥਾਨ ਤੋਂ ਇਲਾਵਾ ਬਹੁਤ ਸਾਰੇ ਰਾਜਾਂ ਦੇ ਕਿਸਾਨ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ਤੇ ਪਿਛਲੇ ਲੱਗਭਗ 2 ਮਹੀਨਿਆਂ ਤੋਂ ਧਰਨਾ ਲਗਾਈ ਬੈਠੇ ਹਨ। ਇਸ ਅੰਦੋਲਨ ਦੀ ਚਰਚਾ ਅੱਜ ਦੁਨੀਆਂ ਭਰ ਵਿੱਚ ਹੋ ਰਹੀ ਹੈ। ਹਰ ਦੇਸ਼, ਹਰ ਵਰਗ ਵਲੋਂ ਇਸ ਅੰਦੋਲਨ ਨੂੰ ਭਰਪੂਰ ਹਮਾਇਤ ਮਿਲ ਰਹੀ ਹੈ।  ਓਧਰ ਕੇਂਦਰ ਸਰਕਾਰ ਵੀ ਇਸ ਅੰਦੋਲਨ ਨੂੰ ਕੁਚਲਣ ਲਈ ਹਰ ਵਾਹ ਲਗਾ ਰਹੀ ਹੈ। ਕਿਸਾਨ ਮਜ਼ਦੂਰ ਅੰਦੋਲਨ ਦੀ ਅਗਵਾਈ ਭਾਰਤ ਦੀਆਂ 32 ਕਿਸਾਨ ਜਥੇਬੰਦੀਆਂ ਕਰ ਰਹੀਆਂ ਹਨ। ਜਿਨ੍ਹਾਂ ਨੇ ਹੁਣ ਤੱਕ ਇਸ ਅੰਦੋਲਨ ਨੂੰ ਸ਼ਾਂਤੀਪੂਰਵਕ ਬਣਾਏ ਰੱਖਣ, ਰਾਜਨੀਤਕ ਪਾਰਟੀਆਂ ਦੀ ਘੁਸਪੈਠ ਤੋਂ ਬਚਾਉਣ, ਕੇਂਦਰ ਸਰਕਾਰ ਵੱਲੋਂ ਚਲੀਆਂ ਚਾਲਾਂ ਨਾਲ ਨਿਪਟਣ ਵਿੱਚ ਬੜਾ ਵਧੀਆ ਪ੍ਰਦਰਸ਼ਨ ਕੀਤਾ ਹੈ। ਕੇਂਦਰ ਸਰਕਾਰ ਨਾਲ ਹੁਣ ਤੱਕ ਇਸ ਸਬੰਧੀ 9 ਮੀਟਿੰਗਾਂ ਹੋ ਚੁਕੀਆਂ ਹਨ ਪਰ ਸਾਰੀਆਂ ਹੀ ਬੇਸਿੱਟਾ ਰਹੀਆਂ ਹਨ। ਕਿਸਾਨ ਤਿੰਨਾਂ ਕਨੂੰਨਾ ਨੂੰ ਰੱਦ ਕਰਵਾਉਣ ਤੇ ਅੜੇ ਹਨ ਪਰ ਸਰਕਾਰ ਵਿਚਲੇ ਰਸਤੇ ਦੀ ਤਲਾਸ਼ ਵਿੱਚ ਹੈ। ਪਿਛਲੇ ਦਿਨੀਂ ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਚਾਰ ਮੈਂਬਰੀ ਕਮੇਟੀ ਬਣਾਉਣ ਦਾ ਸੁਝਾਅ ਦਿੱਤਾ ਹੈ ਪਰ ਕਿਸਾਨਾਂ ਨੇ ਇਸ ਕਮੇਟੀ ਅੱਗੇ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਹੁਣ ਕਿਸਾਨਾਂ ਦੁਆਰਾ ਕੀਤੇ 26 ਜਨਵਰੀ ਦੇ ਟਰੈਕਟਰ ਮਾਰਚ ਦੇ ਐਲਾਨ ਤੋਂ ਬਾਅਦ ਪੂਰੀ ਹਲਚਲ ਮੱਚੀ ਹੋਈ ਹੈ। ਉਤਸ਼ਾਹ ਵਿੱਚ ਆਏ ਨੌਜਵਾਨਾਂ ਨੇ 26 ਜਨਵਰੀ ਦੀ ਟਰੈਕਟਰ ਪਰੇਡ ਦੀਆਂ ਤਿਆਰੀਆਂ ਜੰਗੀ ਪੱਧਰ ਤੇ ਆਰੰਭ ਦਿੱਤੀਆਂ ਹਨ। ਸਰਕਾਰ ਵੀ ਇਸ ਮਾਰਚ ਨੂੰ ਲੈ ਕੇ ਇੱਕ ਪਾਸੇ ਡਰੀ ਹੋਈ ਦਿਖਾਈ ਦੇ ਰਹੀ ਹੈ ਅਤੇ ਦੂਜੇ ਪਾਸੇ ਇਸ ਮਾਰਚ ਨੂੰ ਹੋਰ ਰੰਗਤ ਦੇਣ ਦੀਆਂ ਕੋਝੀਆਂ ਕੋਸ਼ਿਸ਼ਾਂ ਤੋਂ ਵੀ ਬਾਜ਼ ਨਹੀਂ ਆ ਰਹੀ।        ਕਿਸਾਨ ਮਜ਼ਦੂਰ ਸੰਘਰਸ਼ ਇਸ ਸਮੇਂ ਭਾਵੇਂ ਸਿਖ਼ਰ ਤੇ ਹੈ ਪਰ ਜਿੱਤ ਪ੍ਰਾਪਤ ਕਰਨ ਲਈ ਸੰਜਮ ਨਾਲ ਫੈਸਲੇ ਲੈਣ ਦੀ ਲੋੜ ਹੈ।  ਨਿੱਕੀ ਜਿਹੀ ਕੋਤਾਹੀ ਪੂਰੇ ਅੰਦੋਲਨ ਨੂੰ ਲੀਹੋਂ ਲਾਹ ਸਕਦਾ ਹੈ। 26 ਜਨਵਰੀ ਦੇ ਟਰੈਕਟਰ ਮਾਰਚ ਨੂੰ ਕਈ ਨੌਜਵਾਨ ਆਖਰੀ ਲੜਾਈ ਦੇ ਰੂਪ ਵਿੱਚ ਵੇਖ ਰਹੇ ਹਨ। ਨਾਲ ਹੀ ਕੁਝ ਵਿਰੋਧੀ ਕਦੇ ਖਾਲਿਸਤਾਨ ਦੀ ਮੰਗ ਕਦੇ ਗਣਤੰਤਰ ਦਿਵਸ ਤੇ ਲਾਲ ਕਿਲ੍ਹੇ ਤੇ ਝੰਡਾ ਲਹਿਰਾਉਣ ਦੀਆਂ ਗੱਲਾਂ ਕਰ ਰਹੇ ਹਨ। ਸਰਕਾਰ ਤਾਂ ਇਹੋ ਮੌਕੇ ਦੀ ਉਡੀਕ ਵਿੱਚ ਹੈ ਕਿ ਕਦੋਂ ਅੰਦੋਲਨਕਾਰੀ ਕਿਸਾਨਾਂ ਤੇ ਖਾਲਿਸਤਾਨੀਆਂ ਜਾਂ ਦੇਸ਼ ਵਿਰੋਧੀ ਤਾਕਤਾਂ ਦਾ ਠੱਪਾ ਲੱਗਾ ਕੇ ਸੰਘਰਸ਼ ਨੂੰ ਤਾਰਪੀਡੋ ਕਰ ਸਕੇ। ਕਿਸਾਨ ਜਥੇਬੰਦੀਆਂ ਦੇ ਆਗੂ ਨੌਜਵਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਅਸੀਂ ਸ਼ਾਂਤੀਪੂਰਵਕ ਮਾਰਚ ਕਰਨਾ ਹੈ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਗ਼ਲਤ ਕਦਮ ਨਹੀਂ ਚੁੱਕਣਾ। ਪਰ ਇਸ ਗੱਲ ਤੇ ਕੁਝ ਕੁ ਲੋਕ ਬਲਵੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਡਾ ਦਰਸ਼ਨ ਸਿੰਘ ਵਰਗੇ ਕਿਸਾਨ ਆਗੂਆਂ ਨੂੰ ਬੁਰਾ ਭਲਾ ਕਹਿ ਰਹੇ ਹਨ। ਸਾਨੂੰ ਇਨ੍ਹਾਂ ਬਜ਼ੁਰਗ ਨੇਤਾਵਾਂ ਦਾ ਸਤਿਕਾਰ ਕਰਨਾ ਨਹੀਂ ਭੁੱਲਣਾ ਚਾਹੀਦਾ। ਇਹ ਆਗੂ  ਆਪਣੇ ਤਜਰਬੇ ਨਾਲ ਬਿਨਾਂ ਕਿਸੇ ਨੁਕਸਾਨ ਤੋਂ  ਇਸ ਅੰਦੋਲਨ ਨੂੰ ਇੱਕ ਸਹੀ ਦਿਸ਼ਾ ਵੱਲ ਲਿਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਨੌਜਵਾਨ ਜਨੂੰਨ ਵਿਚ ਆ ਕੇ ਗਲਤ ਫੈਸਲਾ ਲੈ ਸਕਦੇ ਹਨ ਜਿਨ੍ਹਾਂ ਦੇ ਨਤੀਜੇ ਘਾਤਕ ਹੋ ਸਕਦੇ ਹਨ। ਇਸ ਮਹਾਂ ਸੰਘਰਸ਼ ਨੂੰ ਕਾਮਯਾਬ ਬਣਾਉਣ ਲਈ  ਨੌਜਵਾਨਾਂ ਨੂੰ ਇਨ੍ਹਾਂ ਆਗੂਆਂ ਦੀ ਅਗਵਾਈ ਵਿੱਚ ਚਲਣਾ ਚਾਹੀਦਾ ਹੈ ਅਤੇ ਇਨ੍ਹਾਂ ਆਗੂਆਂ ਦਾ ਨਾਮ ਸਤਿਕਾਰ ਸਹਿਤ ਲੈਣਾ ਚਾਹੀਦਾ ਹੈ।

NO COMMENTS