ਬੁਢਲਾਡਾ10 ਨਵੰਬਰ (ਸਾਰਾ ਯਹਾ /ਅਮਨ ਮਹਿਤਾ): ਪਿਛਲੇ ਦਿਨੀਂ ਕਿਸਾਨ ਸਘਰਸ਼ ਦੋਰਾਨ ਸ਼ਹੀਦ ਹੋਈ ਮਾਤਾ ਤੇਜ ਕੌਰ ਦਾ ਸ਼ਰਧਾਂਜਲੀ ਸਮਾਗਮ ਪਿੰਡ ਬਰ੍ਹੇ ਵਿਖੇ ਗੁਰਦੁਆਰਾ ਨੌਵੀਂ ਪਾਤਸ਼ਾਹੀ ਵਿਖੇ ਕੀਤਾ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿਚ ਲੋਕਾਂ ਨੇ ਹਾਜ਼ਰੀ ਲਗਵਾਈ। ਸਮਾਗਮ ਦੌਰਾਨ ਸ਼ਹੀਦ ਮਾਤਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਮੋਦੀ ਸਰਕਾਰ ਦੁਆਰਾ ਕਿਸਾਨੀ ਨੂੰ ਖਤਮ ਕਰਨ ਲਈ ਲਿਆਂਦੇ ਕਾਲੇ ਕਾਨੂੰਨ ਖ਼ਿਲਾਫ਼ ਚੱਲ ਰਹੇ ਅੰਦੋਲਨ ਵਿਚ ਸ਼ਹੀਦੀ ਪਾ ਕੇ ਮਾਤਾ ਤੇਜ ਕੌਰ ਆਪਣਾ ਫ਼ਰਜ਼ ਨਿਭਾ ਗਈ ਹੈ। ਉਨ੍ਹਾਂ ਕਿਹਾ ਕਿ ਆਪਣੇ ਪੁੱਤ ਪੋਤਰਿਆਂ ਦੀ ਜ਼ਮੀਨ ਦੀ ਰਾਖੀ ਕਰਨ ਦਾ ਔਰਤ ਵਰਗ ਨੂੰ ਰਸਤਾ ਦਿਖਾ ਗਈ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕਾਲੇ ਕਾਨੂੰਨ ਖ਼ਿਲਾਫ਼ ਚੱਲ ਰਹੇ ਅੰਦੋਲਨ ਵਿਚ ਇਕ ਦਰਜਨ ਦੇ ਕਰੀਬ ਜਾਨਾਂ ਚਲੀਆਂ ਗਈਆਂ ਹਨ ਪਰ ਇਸ ਅੰਦੋਲਨ ਵਿੱਚ ਔਰਤ ਵਰਗ ਦੇ ਵਿਚ ਮਾਤਾ ਤੇਜ ਕੌਰ ਕਿਸਾਨੀ ਲਹਿਰ ਦੀ ਪਹਿਲੀ ਸ਼ਹੀਦ ਹੈ। ਇਨ੍ਹਾਂ ਨੂੰ ਰਹਿੰਦੀ ਦੁਨੀਆਂ ਤਕ ਯਾਦ ਰੱਖਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਮਾਤਾ ਤੇਜ ਕੌਰ ਕਿਸਾਨ ਜਥੇਬੰਦੀ ਵੱਲੋਂ ਕੇਂਦਰ ਸਰਕਾਰ ਦੇ ਖ਼ਿਲਾਫ਼ ਰੇਲ ਰੋਕੋ ਅੰਦੋਲਨ ਦੌਰਾਨ 1 ਅਕਤੂਬਰ ਦਾ ਸੱਦਾ ਦਿੱਤਾ ਗਿਆ ਸੀ ਜਿਸ ਵਿਚ ਮਾਤਾ ਹਰ ਰੋਜ਼ ਸ਼ਾਮਿਲ ਹੁੰਦੀ ਸੀ। 9 ਅਕਤੂਬਰ ਨੂੰ ਬੁਢਲਾਡਾ ਰੇਲਵੇ ਸਟੇਸ਼ਨ ਤੇ ਡਿੱਗਣ ਕਾਰਨ ਸ਼ਹੀਦ ਹੋ ਗਈ ਸੀ ਜਿਸ ਦਾ ਸਸਕਾਰ 19 ਦਿਨਾਂ ਬਾਅਦ ਕੀਤਾ ਗਿਆ ਕਿਉਂਕਿ ਜਥੇਬੰਦੀ ਵੱਲੋਂ ਪਰਿਵਾਰ ਨੂੰ ਦੱਸ ਲੱਖ ਰੁਪਏ ਮੁਆਵਜ਼ਾ, ਸਮੁੱਚਾ ਕਰਜ਼ ਮੁਆਫ ਇੱਕ ਮੈਂਬਰ ਨੂੰ ਨੌਕਰੀ ਦੇਣ ਦੀ ਮੰਗ ਨੂੰ ਲੈ ਕੇ ਡੀ ਸੀ ਦਫਤਰ ਮਾਨਸਾ ਦਾ ਘਿਰਾਓ ਕੀਤਾ ਗਿਆ ਸੀ।
19 ਦਿਨਾਂ ਬਾਅਦ ਪ੍ਰਸ਼ਾਸਨ ਨਾਲ ਹੋਏ ਸਮਝੌਤੇ ਤੋਂ ਬਾਅਦ ਮਾਤਾ ਤੇਜ ਕੌਰ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ। ਸ਼ਰਧਾਂਜਲੀ ਦੇਣ ਵਾਲਿਆਂ ਵਿਚ ਮੰਗਤ ਰਾਏ ਬਾਂਸਲ ਸਾਬਕਾ ਵਿਧਾਇਕ, ਕਿਸਾਨ ਆਗੂ ਰੁਲਦੂ ਸਿੰਘ ਮਾਨਸਾ, ਜਸਬੀਰ ਸਿੰਘ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜੋਗਿੰਦਰ ਸਿੰਘ ਦਿਆਲਪੁਰਾ, ਜਸਬੀਰ ਸਿੰਘ ਦੋਦੜਾ ਆਦਿ ਹਾਜ਼ਰ ਸਨ ।