*ਕਿਸਾਨਾਂ ਵੱਲੋਂ ਦਿੱਲੀ ਕੂਚ ਦਾ ਐਲਾਨ, 6 ਮਾਰਚ ਨੂੰ ਦਿੱਲੀ ਜੰਤਰ ਮੰਤਰ ਪਹੁੰਚਣਗੇ*

0
55

03 ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼) ਕਿਸਾਨਾਂ ਨੇ ਦਿੱਲੀ ਕੂਚ ਦਾ ਐਲਾਨ ਕਰ ਦਿੱਤਾ ਹੈ। ਕਿਸਾਨ ਟਰੈਕਟਰ-ਟਰਾਲੀਆਂ ਨਹੀਂ ਸਗੋਂ ਰੇਲਾਂ ਤੇ ਬੱਸਾਂ ਰਾਹੀਂ ਦਿੱਲੀ ਜਾਣਗੇ। ਇਹ ਐਲਾਨ ਕਿਸਾਨ ਲੀਡਰ ਸਰਵਣ ਸਿੰਘ ਪੰਧੇਰ ਨੇ ਕੀਤਾ ਹੈ। ਪੰਧੇਰ ਨੇ ਕਿਹਾ ਕਿ 6 ਮਾਰਚ ਨੂੰ ਦਿੱਲੀ ਜੰਤਰ ਮੰਤਰ ਜਾਵਾਂਗੇ। ਅਸੀਂ ਰੇਲ ਰਾਹੀਂ ਜਾਂ ਬੱਸਾਂ ਰਾਹੀਂ ਜਾਵਾਂਗੇ। ਫਿਰ ਦੇਖਾਂਗੇ ਕਿ ਜਾਣ ਦਿੰਦੇ ਹਨ ਜਾਂ ਨਹੀਂ। 

ਦਰਅਸਲ ਹਰਿਆਣਾ ਤੇ ਕੇਂਦਰ ਸਰਕਾਰ ਦੀ ਸਖਤੀ ਮਗਰੋਂ ਕਿਸਾਨ ਜਥੰਬਦੀਆਂ ਨੇ ਆਪਣੀ ਰਣਨੀਤੀ ਬਦਲੀ ਹੈ। ਸਰਕਾਰ ਨੇ ਹਾਈਕੋਰਟ ਵਿੱਚ ਕਿਹਾ ਹੈ ਕਿ ਕਿਸਾਨ ਟਰੈਕਟਰ-ਟਰਾਲੀਆਂ ਦੀ ਥਾਂ ਬੱਸਾਂ ਤੇ ਰੇਲਾਂ ਰਾਹੀਂ ਦਿੱਲੀ ਜਾ ਸਕਦੇ ਹਨ। ਹੁਣ ਕਿਸਾਨਾਂ ਨੇ ਵੀ ਟਰੈਕਟਰ-ਟਰਾਲੀਆਂ ਦੀ ਥਾਂ ਬੱਸਾਂ ਤੇ ਰੇਲਾਂ ਰਾਹੀਂ ਦਿੱਲੀ ਜਾਣ ਦਾ ਫੈਸਲਾ ਲੈ ਲਿਆ ਹੈ।

ਕਿਸਾਨ ਸ਼ੁਭਕਰਨ ਦੇ ਭੋਗ ਮਗਰੋਂ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਕਿ ਕਿਸਾਨ 6 ਮਾਰਚ ਨੂੰ ਦਿੱਲੀ ਵੱਲ ਮਾਰਚ ਕਰਨਗੇ। 10 ਮਾਰਚ ਨੂੰ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਦੇਸ਼ ਭਰ ਵਿੱਚ ਟ੍ਰੇਨਾਂ ਵੀ ਬੰਦ ਰਹਿਣਗੀਆਂ। ਅੱਜ ਬਠਿੰਡਾ ਵਿਖੇ ਸ਼ੁਭਕਰਨ ਸਿੰਘ ਦੀ ਅੰਤਿਮ ਅਰਦਾਸ ਦੌਰਾਨ ਸਟੇਜ ਤੋਂ ਸੰਬੋਧਨ ਕਰਦਿਆਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਹਰਿਆਣਾ-ਪੰਜਾਬ ਦੇ ਕਿਸਾਨ ਖਨੌਰੀ-ਸ਼ੰਭੂ ਬਾਰਡਰ ‘ਤੇ ਹੀ ਧਰਨਾ ਦੇਣਗੇ, ਜਦਕਿ ਦੇਸ਼ ਦੇ ਬਾਕੀ ਹਿੱਸਿਆਂ ਤੋਂ ਕਿਸਾਨ ਦਿੱਲੀ ਪੁੱਜਣਗੇ।

ਪੰਜਾਬ ਵਿੱਚ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਦੇ ਗੈਰ-ਸਿਆਸੀ ਆਗੂ ਪੰਧੇਰ ਨੇ ਕਿਹਾ ਕਿ 6 ਮਾਰਚ ਨੂੰ ਹਰਿਆਣਾ-ਪੰਜਾਬ ਨੂੰ ਛੱਡ ਕੇ ਬਾਕੀ ਸੂਬਿਆਂ ਦੇ ਕਿਸਾਨ ਆਪੋ-ਆਪਣੇ ਢੰਗ ਨਾਲ ਦਿੱਲੀ ਪੁੱਜਣਗੇ। ਉਹ ਰੇਲ ਗੱਡੀਆਂ, ਬੱਸਾਂ ਜਾਂ ਪੈਦਲ ਦਿੱਲੀ ਆਉਣਗੇ।

ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਕਹਿਣਾ ਹੈ ਕਿ ਕਿਸਾਨ ਰੇਲ-ਬੱਸ ਰਾਹੀਂ ਦਿੱਲੀ ਪਹੁੰਚ ਸਕਦੇ ਹਨ, ਜਦਕਿ ਰੇਲ ਗੱਡੀ ਰਾਹੀਂ ਬਿਹਾਰ-ਕਰਨਾਟਕ ਤੋਂ ਦਿੱਲੀ ਆ ਰਹੇ ਕਿਸਾਨਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। 6 ਮਾਰਚ ਦਾ ਕੂਚ ਸਪੱਸ਼ਟ ਕਰ ਦੇਵੇਗਾ ਕਿ ਸਰਕਾਰ ਕਿਸਾਨਾਂ ਨੂੰ ਟਰੈਕਟਰ ਟਰਾਲੀਆਂ ਤੋਂ ਬਿਨਾਂ ਦਿੱਲੀ ਆਉਣ ਦੀ ਇਜਾਜ਼ਤ ਦੇਣਾ ਚਾਹੁੰਦੀ ਹੈ ਜਾਂ ਨਹੀਂ।

NO COMMENTS