ਅੰਮ੍ਰਿਤਸਰ 28,ਸਤੰਬਰ (ਸਾਰਾ ਯਹਾਂ/ਬਿਊਰੋ ਰਿਪੋਰਟ ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕੀਤੇ ਐਲਾਨ ਮੁਤਾਬਕ ਅੱਜ ਦੋ ਰੋਜਾ ਧਰਨਾ ਅੰਮ੍ਰਿਤਸਰ ਦੇ ਡੀਸੀ ਦਫਤਰ ਮੂਹਰੇ ਸ਼ੁਰੂ ਕਰ ਦਿੱਤਾ ਗਿਆ। ਇਸ ‘ਚ ਅੰਮ੍ਰਿਤਸਰ ਜਿਲੇ ‘ਚੋਂ ਵੱਡੀ ਗਿਣਤੀ ‘ਚ ਕਿਸਾਨ ਪੁੱਜ ਰਹੇ ਹਨ। ਕਮੇਟੀ ਨੇ ਨਾਲ ਹੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਦੋ ਦਿਨਾਂ (28, 29 ਸਤੰਬਰ) ‘ਚ ਸਾਡੀਆਂ ਮੰਗਾਂ ਵੱਲ ਸਰਕਾਰ ਨੇ ਧਿਆਨ ਨਾ ਦਿੱਤਾ ਤਾਂ 30 ਸਤੰਬਰ ਰੇਲਵੇ ਟ੍ਰੈਕ ਰੋਕਣਗੇ। ਇਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
ਜਥੇਬੰਦੀ ਨੇ ਕਿਹਾ ਕਿ ਖੇਤੀ ਕਾਨੂੰਨਾਂ ਖਿਲਾਫ ਤਾਂ ਸਾਡੀ ਲੜਾਈ ਜਾਰੀ ਹੈ ਪਰ ਪੰਜਾਬ ਸਰਕਾਰ ਇਸ ਦੀ ਆੜ ‘ਚ ਪੰਜਾਬ ਦੇ ਕਿਸਾਨਾਂ ਨਾਲ ਕੀਤੇ ਵਾਅਦੇ ਭੁੱਲ ਗਈ ਹੈ। ਇਸ ਕਰਕੇ ਪਿਛਲੇ ਦੋ ਤਿੰਨ ਸਾਲਾਂ ਤੋਂ ਲਟਕ ਰਹੀਆਂ ਮੰਗਾਂ ਬਾਬਤ ਅੱਜ ਧਰਨਾ ਦਿੱਤਾ ਜਾ ਰਿਹਾ ਹੈ। ਪੰਜਾਬ ਸਰਕਾਰ ਨਾਲ ਸਬੰਧਤ ਮੰਗਾਂ ‘ਚ ਪੰਜਾਬ ਸਰਕਾਰ ਵੱਲੋਂ ਏਪੀਐਮਸੀ ਐਕਟ ‘ਚ ਕੀਤੀਆਂ ਸੋਧਾਂ ਰੱਦ ਕਰਨ ਦੀ ਮੰਗ, ਝੋਨੇ ਦੀ ਫਸਲ ਵੇਚਣ ‘ਤੇ ਫਰਦ ਦੀ ਸ਼ਰਤ ਹਟਾਉਣ ਦੀ ਮੰਗ, ਕਿਸਾਨਾਂ ਦਾ ਕਰਜਾ ਮਾਫੀ ਦੀ ਮੰਗ ਸਮੇਤ ਕਈ ਅਹਿਮ ਮੰਗਾਂ ਹਨ ਤੇ ਸਰਕਾਰ ਨੂੰ ਅਸੀਂ ਪਹਿਲਾਂ ਕਈ ਵਾਰ ਅਪੀਲ ਕਰ ਚੁੱਕੇ ਹਾਂ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਨਵਜੋਤ ਸਿੱਧੂ ਲਗਾਤਾਰ ਸਸਤੀ ਬਿਜਲੀ ਦੇਣ ਦੀ ਵਕਾਲਤ ਕਰ ਰਹੇ ਹਨ। ਹੁਣ ਉਹ ਪਾਵਰ ‘ਚ ਹਨ ਤੇ ਉਨ੍ਹਾਂ ਨੂੰ ਬਿਨਾਂ ਦੇਰੀ ਕੀਤੇ ਬਿਜਲੀ ਸਸਤੀ ਪੰਜਾਬ ਦੇ ਲੋਕਾਂ ਨੂੰ ਦੇਣੀ ਚਾਹੀਦੀ ਹੈ। ਕਿਸਾਨਾਂ ਨੇ ਕਿਹਾ ਲੋਕਾਂ ਦੀ ਜੇਕਰ ਹੁਣ ਸਾਡੇ ਧਰਨੇ ਕਰਕੇ ਖੱਜਲ ਖੁਆਰੀ ਹੋਈ ਤਾਂ ਇਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਪੰਜਾਬ ਦੇ 12 ਜਿਲਿਆਂ ‘ਚ ਕਿਸਾਨਾਂ ਵੱਲੋਂ ਅੱਜ ਦੋ ਰੋਜਾ ਧਰਨੇ ਦਿੱਤੇ ਜਾ ਰਹੇ ਹਨ।