ਕਿਸਾਨਾਂ ਨੂੰ ਪ੍ਰਮਾਣਿਤ ਬੀਜ ਦੇਣ ਲਈ ਬਾਰਕੋਡ ਤੇ ਕਿਊ.ਆਰ. ਕੋਡ ਦੀ ਪ੍ਰਣਾਲੀ ਲਾਗੂ ਕਰੇਗਾ ਪੰਜਾਬ

0
17

ਚੰਡੀਗੜ੍ਹ, 19 ਸਤੰਬਰ(ਸਾਰਾ ਯਹਾ, ਬਲਜੀਤ ਸ਼ਰਮਾ): ਨਕਲੀ ਅਤੇ ਘਟੀਆ ਮਿਆਰ ਦੇ ਬੀਜ ਵੇਚਣ ਵਾਲੇ ਵਪਾਰੀਆਂ ਹੱਥੋਂ ਕਿਸਾਨਾਂ ਦੀ ਹੁੰਦੀ ਲੁੱਟ ਰੋਕਣ ਲਈ ਇਕ ਹੋਰ ਕਿਸਾਨ ਪੱਖੀ ਅਹਿਮ ਫੈਸਲਾ ਲੈਂਦਿਆਂ ਪੰਜਾਬ ਸਰਕਾਰ ਨੇ ਬੀਜ ਦੀ ਪ੍ਰਮਾਣਿਕਤਾ ਲਈ ਬਾਰਕੋਡ ਤੇ ਕਿਊ.ਆਰ. ਕੋਡ ਦੀ ਵਰਤੋਂ ਕਰਨ ਸਮੇਤ ਆਧੁਨਿਕ ਤਕਨਾਲੌਜੀ ਲਾਗੂ ਕਰਨ ਦਾ ਫੈਸਲਾ ਕੀਤਾ ਹੈ ਤਾਂ ਕਿ ਕਿਸਾਨਾਂ ਨੂੰ ਕਣਕ ਅਤੇ ਝੋਨੇ ਸਮੇਤ ਵੱਖ-ਵੱਖ ਫਸਲਾਂ ਦਾ ਪ੍ਰਮਾਣਿਤ ਬੀਜ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾ ਸਕੇ।

ਆਲੂਆਂ ਦੀ ਫਸਲ ਦੇ ਬੀਜ ਲਈ ਸਫਲਤਾਪੂਰਵਕ ਪ੍ਰੋਜੈਕਟ ਤੋਂ ਉਤਸ਼ਾਹਤ ਹੁੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਲਾਕਚੇਨ ਤਕਨਾਲੌਜੀ ਰਾਹੀਂ ਬੀਜ ਦਾ ਪਤਾ ਲਾਉਣ ਲਈ ਆਧੁਨਿਕ ਪ੍ਰਮਾਣਿਤ ਵਿਧੀ ਨੂੰ ਅਮਲ ਵਿੱਚ ਲਿਆਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਿਸਾਨਾਂ ਨਾਲ ਨਕਲੀ ਅਤੇ ਗੈਰ-ਪ੍ਰਮਾਣਿਕ ਬੀਜਾਂ ਦਾ ਧੋਖਾ ਨਾ ਹੋ ਸਕੇ। ਪ੍ਰਮਾਣਿਕ ਬੀਜ ਆਉਂਦੇ ਸੀਜ਼ਨਾਂ ਤੋਂ ਕਿਸਾਨਾਂ ਨੂੰ ਵੰਡੇ ਜਾਣਗੇ ਅਤੇ ਇਸ ਦੀ ਸ਼ੁਰੂਆਤ ਚਾਰਾ, ਤੇਲ ਅਤੇ ਦਾਲਾਂ ਦੇ 1.50 ਲੱਖ ਕੁਇੰਟਲ ਬੀਜਾਂ ਤੋਂ ਕੀਤੀ ਜਾਵੇਗੀ ਜਿਸ ਲਈ ਪੰਜਾਬ ਰਾਜ ਬੀਜ ਨਿਗਮ (ਪਨਸੀਡ) ਵੱਲੋਂ 10,000 ਏਕੜ ਜ਼ਮੀਨ ਵਿੱਚ ਕਾਸ਼ਤ ਕੀਤੀ ਜਾਵੇਗੀ। ਇਸੇ ਤਰ੍ਹਾਂ ਹਾੜ੍ਹ-2021 ਦੀ ਸ਼ੁਰੂਆਤ ਮੌਕੇ ਅਗਲੇ ਸੀਜ਼ਨਾਂ ਲਈ ਕਣਕ ਤੇ ਝੋਨੇ ਦੇ ਬੀਜਾਂ ਲਈ ਵੀ ਅਜਿਹਾ ਹੀ ਕੀਤਾ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਨਵੀਂ ਤਕਨਾਲੌਜੀ ਬੀਜ ਦੇ ਮੂਲ ਦਾ ਪਤਾ ਲਾਉਣ ਵਿੱਚ ਸਹਾਈ ਹੋਵੇਗੀ ਜਿਸ ਨਾਲ ਇਹ ਯਕੀਨੀ ਬਣਾਇਆ ਜਾ ਸਕੇਗਾ ਕਿ ਕਿਸਾਨਾਂ ਨੂੰ ਸਹੀ ਅਤੇ ਪ੍ਰਮਾਣਿਕ ਬੀਜ ਮਿਲਣ ਤੋਂ ਇਲਾਵਾ ਨਕਲੀ ਅਤੇ ਘਟੀਆ ਮਿਆਰ ਦੇ ਬੀਜਾਂ ਦੀ ਸਮੱਸਿਆ ਵੀ ਖਤਮ ਹੋ ਜਾਵੇ ਜਿਸ ਨੇ ਪਿਛਲੇ ਸਮੇਂ ਵਿੱਚ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ।

ਘਟੀਆ ਮਿਆਰ ਦੇ ਬੀਜ ਕਿਸਾਨਾਂ ਤੱਕ ਪਹੁੰਚਣ ਦੀ ਸਮੱਸਿਆ ਅਤੇ ਸੂਬੇ ਦੇ ਖੇਤੀ ਅਰਥਚਾਰੇ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਨ ‘ਤੇ ਚਿੰਤਾ ਜਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਬੀਜ ਦੀ ਉਤਪਤੀ ਦਾ ਪਤਾ ਲਾਏ ਜਾਣ ਨਾਲ ਹੀ ਕਿਸਾਨਾਂ ਨੂੰ ਗੈਰ-ਮਿਆਰੀ ਬੀਜ ਵਿਕਰੇਤਾਵਾਂ ਅਤੇ ਵਪਾਰੀਆਂ ਹੱਥੋਂ ਹੁੰਦੇ ਸ਼ੋਸ਼ਣ ਤੋਂ ਬਚਾਇਆ ਜਾ ਸਕਦਾ ਹੈ।

ਸਰਕਾਰੀ ਬੁਲਾਰੇ ਨੇ ਦੱਸਿਆ ਕਿ ਬੀਜ ਦੀ ਤਸਦੀਕ ਅਤੇ ਪ੍ਰਮਾਣਿਤ ਕਰਨ ਦੀ ਸਮੁੱਚੀ ਪ੍ਰਕਿਰਿਆ ਸਬੰਧਿਤ ਪ੍ਰਮਾਣਿਤ ਅਥਾਰਟੀ ਵੱਲੋਂ ਸਾਫਟਵੇਅਰ ਰਾਹੀਂ ਕੀਤੀ ਜਾਵੇਗੀ ਤਾਂ ਕਿ ਇਸ ਵਿੱਚ ਪਾਰਦਰਸ਼ਤਾ ਯਕੀਨੀ ਬਣਾਈ ਜਾ ਸਕੇ ਅਤੇ ਇਸ ਨਾਲ ਕਿਸਾਨਾਂ ਉੱਤੇ ਵੀ ਕੋਈ ਵਾਧੂ ਬੋਝ ਨਹੀਂ ਪਵੇਗਾ।

ਪਨਸੀਡ ਅਤੇ ਪੰਜਾਬ ਐਗਰੋ ਇੰਡਟਰੀਜ਼ ਕਾਰਪੋਰੇਸ਼ਨ ਦੇ ਐਮ.ਡੀ. ਮਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਪਨਸੀਡ ਵੱਲੋਂ ਚਾਰੇ ਦੇ ਬੀਜ ਦੇ ਉਤਪਾਦਨ ਲਈ ਹੋਰ ਸੂਬਿਆਂ ਵਿੱਚ ਕੰਟਰੈਕਟ ਫਾਰਮਿੰਗ ਦੀ ਸੰਭਾਵਨਾ ਤਲਾਸ਼ੀ ਜਾ ਰਹੀ ਹੈ ਤਾਂ ਕਿ ਕਿਸਾਨਾਂ ਨੂੰ ਵਾਜਬ ਕੀਮਤਾਂ ‘ਤੇ ਹੋਰ ਪ੍ਰਮਾਣਿਤ ਬੀਜ ਮੁਹੱਈਆ ਕਰਵਾਏ ਜਾ ਸਕਣ। ਇਨ੍ਹਾਂ ਦੋਵੇਂ ਅਦਾਰਿਆਂ ਨੇ ਇਸ ਤੋਂ ਪਹਿਲਾਂ ਆਲੂਆਂ ਦੇ ਬੀਜ ਉਤਪਾਦਨ ਵਿੱਚ ਬੀਜ ਦਾ ਪਤਾ ਲਾਉਣ ਦੀ ਤਕਨਾਲੌਜੀ ਲਾਗੂ ਕੀਤੀ ਸੀ ਜਿਸ ਦੇ ਬਹੁਤ ਸਫ਼ਲ ਨਤੀਜੇ ਨਿਕਲੇ।  

ਸ੍ਰੀ ਬਰਾੜ ਨੇ ਅੱਗੇ ਦੱਸਿਆ ਕਿ ਬੀਜ ਦਾ ਪਤਾ ਲਾਉਣ ਦਾ ਮੁੱਖ ਉਦੇਸ਼ ਬੀਜ ਖਰੀਦਣ ਵੇਲੇ ਕਿਸਾਨਾਂ ਦੀ ਮਦਦ ਕਰਨਾ ਹੈ ਤਾਂ ਕਿ ਉਹ ਬੀਜ ਦੇ ਮੂਲ ਦੀ ਸ਼ਨਾਖਤ ਕਰਨ ਦੇ ਯੋਗ ਹੋ ਜਾਣ ਕਿ  ਇਹ ਬੀਜ ਕਿੱਥੋਂ ਆਇਆ ਹੈ ਅਤੇ ਕਿੱਥੇ ਪੈਦਾ ਹੋਇਆ ਹੈ। ਸਾਫਟਵੇਅਰ ਪ੍ਰਣਾਲੀ ਬੀਜਾਂ ਦੀ ਟੈਸਟਿੰਗ, ਪ੍ਰਮਾਣੀਕਰਨ ਅਤੇ ਨਿਰਮਾਣ ਪ੍ਰਕਿਰਿਆ ਰਾਹੀਂ ਬੀਜ ਨੂੰ ਟਰੈਕ ਕਰ ਸਕੇਗੀ। ਉਨ੍ਹਾਂ ਦੱਸਿਆ ਕਿ ਇਸ ਨੂੰ ਡੀਲਰ ਦੇ ਲਾਈਸੰਸਿੰਗ ਸਿਸਟਮ ਨਾਲ ਜੋੜ ਦੇਣ ‘ਤੇ ਵੰਡ ਦੀ ਪ੍ਰਕਿਰਿਆ ਮੌਕੇ ਵੀ ਬੀਜਾਂ ਦੀ ਟਰੈਕਿੰਗ ਕੀਤੀ ਜਾ ਸਕੇਗੀ ਜਿਸ ਨਾਲ ਕੁਝ ਲੋਕਾਂ ਵੱਲੋਂ ਵੇਚੇ ਜਾਂਦੇ ਘਟੀਆ ਮਿਆਰ ਦੇ ਬੀਜਾਂ ਦੀ ਸਮੱਸਿਆ ਖਤਮ ਕਰਨ ਵਿੱਚ ਮਦਦ ਮਿਲੇਗੀ।

NO COMMENTS