*ਕਿਸਾਨਾਂ ਨੂੰ ‘ਗੁੰਡੇ’ ਕਹਿਣ ‘ਤੇ ਬੀਜੇਪੀ ਨੂੰ ਮਿਲਿਆ ਤਿੱਖਾ ਜਵਾਬ*

0
30

ਬਰਨਾਲਾ 23,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ):: ਪੰਜਾਬ ਦੀਆਂ 32 ਜਥੇਬੰਦੀਆਂ ‘ਤੇ ਅਧਾਰਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 296ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਧਰਨੇ ‘ਚ ਕੱਲ੍ਹ ਇੱਕ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਵੱਲੋਂ ਕਿਸਾਨਾਂ ਨੂੰ ਮਵਾਲੀ ਯਾਨੀ ਗੁੰਡੇ ਕਹਿਣ ਦਾ ਮੁੱਦਾ ਭਾਰੂ ਰਿਹਾ।

ਬੁਲਾਰਿਆਂ ਨੇ ਕਿਹਾ ਕਿ ਸਰਕਾਰ ਤੇ ਬੀਜੇਪੀ ਨੇਤਾ ਕਿਸਾਨਾਂ ਲਈ ਕਦੇ ਮਾਉਵਾਦੀ, ਕਦੇ ਖਾਲਸਤਾਨੀ, ਪਾਕਿਸਤਾਨ-ਸਮਰਥਕ, ਟੁੱਕੜੇ ਟੁੱਕੜੇ ਗੈਂਗ ਕਹਿੰਦੇ ਰਹੇ ਹਨ ਤੇ ਇੱਥੋਂ ਤੱਕ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸੰਸਦ ਵਿੱਚ ਖੜ੍ਹ ਕੇ ਉਨ੍ਹਾਂ ਨੂੰ ਅੰਦੋਲਨਜੀਵੀ ਤੱਕ ਦੇ ਅਪਮਾਨਜਨਕ ਲਕਬ ਵਰਤਿਆ। ਹੁਣ ਕਿਸਾਨਾਂ ਨੂੰ ਮਵਾਲੀ ਯਾਨੀ ਗੁੰਡੇ ਕਹਿਣਾ ਸਿਰੇ ਦੀ ਘਟੀਆ ਮਾਨਸਿਕਤਾ ਤੇ ਬੌਖਲਾਹਟ ਦਾ ਪ੍ਰਤੀਕ ਹੈ।

ਕਿਸਾਨਾਂ ਦੇ ਸਬਰ, ਸਿਦਕ, ਸੱਚਾਈ ਤੇ ਸਿਰੜ ਮੂਹਰੇ ਸਰਕਾਰ ਇਖਲਾਕੀ ਤੌਰ ‘ਤੇ ਹਾਰ ਚੁੱਕੀ ਹੈ। ਇਖਲਾਕੀ ਤੌਰ ‘ਤੇ ਹਾਰਿਆ ਹੋਇਆ ਇਨਸਾਨ ਹੀ ਮਵਾਲੀ ਜਿਹੀ ਘਟੀਆ ਸ਼ਬਦਾਵਲੀ ਵਰਤਦਾ ਹੈ। ਕਿਸਾਨ ਅੰਦੋਲਨ ਆਪਣੀ ਸਚਾਈ ਕਾਰਨ ਸਰਕਾਰ ਦੇ ਗਲੇ ਦੀ ਹੱਡੀ ਬਣਿਆ ਹੋਇਆ ਹੈ। ਚੰਗਾ ਹੋਵੇ ਸਰਕਾਰ ਇਸ ਸੱਚਾਈ ਨੂੰ ਸਵੀਕਾਰ ਕਰਕੇ ਖੇਤੀ ਕਾਨੂੰਨਾਂ ਨੂੰ ਜਲਦੀ ਰੱਦ ਕਰੇ।

ਅੱਜ ਦੇ ਦਿਨ ਸੰਨ 1906 ਵਿੱਚ ਸਿਰਮੌਰ ਇਨਕਲਾਬੀ ਆਗੂ ਤੇ ਸ਼ਹੀਦ ਭਗਤ ਸਿੰਘ ਦੇ ਸਾਥੀ ਚੰਦਰ ਸ਼ੇਖਰ ਆਜ਼ਾਦ ਦਾ ਜਨਮ ਭਾਵਰਾ( ਯੂਪੀ) ਵਿਖੇ ਹੋਇਆ ਸੀ। ਅੱਜ ਧਰਨੇ ਵਿੱਚ ਉਸ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਉਸ ਮਹਾਨ ਇਨਕਲਾਬੀ ਨੂੰ ਸਿਜਦਾ ਕੀਤਾ। ਬੁਲਾਰਿਆਂ ਨੇ ਕਿਹਾ ਕਿ ਕੱਲ੍ਹ ਦਿੱਲੀ ਦੇ ਜੰਤਰ ਮੰਤਰ ‘ਤੇ ਹੋਈ ਕਿਸਾਨ ਸੰਸਦ ਨੇ ਪੂਰੀ ਦੁਨੀਆ ਦਾ ਧਿਆਨ ਸਾਡੇ ਅੰਦੋਲਨ ਵੱਲ ਖਿੱਚਿਆ ਹੈ। ਸ਼ਾਤਮਈ, ਸੰਜੀਦਗੀ ਭਰਪੂਰ ਤੇ ਸਾਰਥਿਕ ‘ਸੰਸਦੀ ਕਾਰਵਾਈ’ ਨੇ ਅੰਦੋਲਨ ਚਲਾਉਣ ਵਾਲਿਆਂ ਲਈ ਨਵੀਂ ਰਾਹ ਦਿਖਾਈ ਹੈ ਤੇ ਸਰਕਾਰ ਨੂੰ ਇੱਕ ਵਾਰ ਫਿਰ ਇਖਲਾਕੀ ਤੌਰ ‘ਤੇ ਹਾਰ ਦਿੱਤੀ ਹੈ।

NO COMMENTS