ਮਾਨਸਾ, 22 ਅਪ੍ਰੈਲ (ਸਾਰਾ ਯਹਾਂ/ਮੁੱਖ ਸੰਪਾਦਕ): ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ ਸਰਕਾਰੀ ਖਰੀਦ ਏਜੰਸੀਆਂ ਵੱਲੋਂ ਅਨਾਜ ਮੰਡੀਆਂ ਵਿੱਚ ਖਰੀਦੀ ਗਈ ਕਣਕ ਦੀ ਹੁਣ ਤੱਕ ਕਿਸਾਨਾਂ ਨੂੰ 399.39 ਕਰੋੜ ਰੁਪਏ ਦੀ ਅਦਾਇਗੀ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ ਕਣਕ ਦੀ ਆਮਦ ਵਿੱਚ ਤੇਜ਼ੀ ਹੋਣ ਦੇ ਨਾਲ ਨਾਲ ਹੀ ਖਰੀਦ ਪ੍ਰਕਿਰਿਆ ਅਤੇ ਲਿਫਟਿੰਗ ਵਿੱਚ ਤੇਜ਼ੀ ਆਈ ਹੈ ਅਤੇ ਕਿਸਾਨਾਂ ਦੁਆਰਾ ਲਿਆਂਦੀ ਜਾ ਰਹੀ ਸੁੱਕੀ ਜਿਣਸ ਦੀ ਨਾਲੋ ਨਾਲ ਬੋਲੀ ਕਰਵਾਉਣ ਦੇ ਆਦੇਸ਼ ਦਿੱਤੇ ਗਏ ਹਨ ਤਾਂ ਜੋ ਕਿਸਾਨਾਂ ਦਾ ਸਮਾਂ ਮੰਡੀਆਂ ਵਿੱਚ ਬਿਨਾਂ ਵਜ੍ਹਾ ਨਸ਼ਟ ਨਾ ਹੋ ਸਕੇ।
ਡਿਪਟੀ ਕਮਿਸ਼ਨਰ ਨੇ ਏਜੰਸੀਆਂ ਦੁਆਰਾ ਕੀਤੀ ਗਈ ਅਦਾਇਗੀ ਦੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਪਨਗ੍ਰੇਨ ਵੱਲੋਂ ਹੁਣ ਤੱਕ 186.63 ਕਰੋੜ ਰੁਪਏ, ਮਾਰਕਫੈਡ ਵੱਲੋਂ 101 ਕਰੋੜ, ਪਨਸਪ ਵੱਲੋਂ 65 ਕਰੋੜ ਅਤੇ ਵੇਅਰਹਾਊਸ ਵੱਲੋਂ 46.76 ਕਰੋੜ ਰੁਪਏ ਦੀ ਅਦਾਇਗੀ ਸਬੰਧਤ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਤੌਰ ‘ਤੇ ਕਰ ਦਿੱਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਕੱਲ੍ਹ ਤੱਕ ਅਨਾਜ ਮੰਡੀਆਂ ਵਿੱਚ ਆਈ ਕਣਕ ਦੀ ਖਰੀਦ ਅਤੇ ਲਿਫਟਿੰਗ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 3 ਲੱਖ 81 ਹਜ਼ਾਰ 755 ਮੀਟਰਕ ਟਨ ਆਮਦ ਵਿੱਚੋਂ 3 ਲੱਖ 34 ਹਜ਼ਾਰ 326 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ ਜਿਸ ਵਿੱਚੋਂ ਪਨਗ੍ਰੇਨ ਵੱਲੋਂ 1 ਲੱਖ 21 ਹਜ਼ਾਰ 786, ਮਾਰਕਫੈਡ ਵੱਲੋਂ 84 ਹਜ਼ਾਰ 725, ਪਨਸਪ ਵੱਲੋਂ 74 ਹਜ਼ਾਰ 830, ਵੇਅਰ ਹਾਊਸ ਵੱਲੋਂ 37 ਹਜ਼ਾਰ 700 ਅਤੇ ਐਫ.ਸੀ.ਆਈ ਵੱਲੋਂ 15285 ਮੀਟਰਕ ਟਨ ਕਣਕ ਖਰੀਦੀ ਗਈ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚੋਂ 1 ਲੱਖ 87 ਹਜ਼ਾਰ 330 ਮੀਟਰਕ ਟਨ ਕਣਕ ਦੀ ਲਿਫਟਿੰਗ ਹੋ ਚੁੱਕੀ ਸੀ ਤੇ ਬਾਕੀ ਦੀ ਪ੍ਰਕਿਰਿਆ ਤੇਜ਼ੀ ਨਾਲ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਕਿਸਾਨਾਂ ਦੁਆਰਾ ਮੰਡੀਆਂ ਵਿੱਚ ਲਿਆਂਦੀ ਗਈ ਸੁੱਕੀ ਫ਼ਸਲ ਦੀ ਖਰੀਦ ਲਈ ਪੂਰੀ ਤਰ੍ਹਾਂ ਵਚਨਬੱਧ ਹੈ।I/172011/2021