ਕਿਸਾਨਾਂ ਨਾਲ ਹੋਏ ਵੱਡੇ ਧੋਖੇ ਤੇ ਕੈਪਟਨ ਨੇ ਤੋੜੀ ਚੁੱਪ

0
88

ਚੰਡੀਗੜ੍ਹ (ਸਾਰਾ ਯਹਾ ): ਪੰਜਾਬ ਬੀਜ ਘੁਟਾਲੇ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮਨ ਲਿਆ ਹੈ ਕਿ ਝੋਨੇ ਦੀ ਫਸਲ ਦੇ ਸ਼ੀਜ਼ਨ ‘ਚ ਕਿਸਾਨਾਂ ਨੂੰ ਵੱਡੀ ਮਾਤਰਾ ‘ਚ ਝੋਨੇ ਦਾ ਨਕਲੀ ਬੀਜ ਵੇਚਿਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਝੋਨੇ ਦੀਆਂ ਦੋ ਨਵੀਂਆਂ ਕਿਸਮਾਂ ਪੀਆਰ 128 ਅਤੇ 129 ਦਾ 3 ਹਜ਼ਾਰ ਕੁਇੰਟਲ ਬੀਜ ਵਿਕਸਤ ਕੀਤਾ ਸੀ। ਪਰ ਬੀਜ ਵਿਕਰੇਤਾਵਾਂ ਨੇ ਇਸ ਨੂੰ ਬ੍ਰੀਡ ਕਰਕੇ 30 ਹਜ਼ਾਰ ਕੁਇੰਟਲ ਬਣਾ ਲਿਆ ਅਤੇ ਬਿਨ੍ਹਾਂ ਇਜਾਜ਼ਤ ਕਿਸਾਨਾਂ ਨੂੰ ਵੇਚ ਦਿੱਤਾ।ਇਸ ਤੋਂ ਇਹ ਸਾਫ ਹੁੰਦਾ ਹੈ ਕਿ ਕਿਸਾਨਾਂ ਨੂੰ ਘਟੀਆ ਅਤੇ ਮਿਲਾਵਟੀ ਬੀਜ ਵੇਚਿਆ ਗਿਆ।

ਕੀ ਹੈ ਬੀਜ ਘੁਟਾਲਾ
11 ਮਈ ਨੂੰ ਲੁਧਿਆਣਾ ਦੇ ਬਰਾੜ ਸੀਡ ਸਟੋਰ ‘ਤੇ ਛਾਪੇਮਾਰੀ ਹੋਈ ਸੀ। ਜਿਸ ਦੌਰਾਨ ਪੀਆਰ 128 ‘ਤੇ ਪੀਆਰ 129 ਬੀਜ ਬਰਾਮਦ ਹੋਏ ਸਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਪ੍ਰਵਾਨਗੀ ਤੋਂ ਬਿਨਾਂ ਇਹ ਬੀਜ ਵੇਚਿਆ ਜਾ ਰਿਹਾ ਸੀ। 70 ਰੁਪਏ/ਕਿੱਲੋ ਦਾ ਬੀਜ 200 ਰੁਪਏ ਕਿੱਲੋ ‘ਚ ਵੇਚਿਆ ਜਾ ਰਿਹਾ ਸੀ।ਇਸ ਮਾਮਲੇ ‘ਚ ਲੁਧਿਆਣਾ ਦੇ ਥਾਣਾ ਡੀਵੀਜ਼ਨ ਨੰਬਰ 5 ਵਿੱਚ ਐਫਆਈਆਰ ਵੀ ਦਰਜ ਕੀਤੀ ਗਈ ਸੀ।

ਬਰਾੜ ਸੀਡ ਸਟੋਰ ਤੋਂ ਬਰਾਮਦ PR-128 ਤੇ PR-129 ਬੀਜ ਦੇ ਸੈਂਪਲ ਭਰੇ ਗਏ ਅਤੇ ਟੈਸਟ ਲਈ ਭੇਜੇ ਗਏ। ਜਿਸ ਤੋ ਬਾਅਦ ਇਹ ਰਿਪੋਰਟ ‘ਚ ਫੇਲ ਹੋ ਗਏ ਸਨ। ਇਸ ਦੀ ਰਿਪੋਰਟ ‘ਚ ਇਸ ਨੂੰ ਸਬ ਸਟੈਂਡਰ ਦੱਸਿਆ ਗਿਆ ਸੀ। ਮਤਲਬ ਇਸ ਦੀ ਗੁਣਵੱਤਾ ਘੱਟ ਦੱਸੀ ਗਈ ਸੀ।

ਇਨ੍ਹਾਂ ਇੱਕਠੇ ਕੀਤੇ ਗਏ ਸੈਂਪਲਾਂ ਦੀ ਰਿਪੋਰਟ ਗੈਰ-ਮਿਆਰੀ ਦੱਸੀ ਗਈ ਸੀ।ਇਹ ਰਿਪੋਰਟ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਤਿਆਰ ਕੀਤੀ ਗਈ ਸੀ। ਰਿਪੋਰਟ ਹੇਠਾਂ ਦਸਤਖਤ ਬੀਜ ਪ੍ਰੀਖਣ ਅਫਸਰ, ਪੰਜਾਬ ਰਾਜ ਬੀਜ ਪ੍ਰਯੋਗਸ਼ਾਲਾ, ਪੀਏਯੂ ਕੈਂਪਸ ਲੁਧਿਆਣਾ ਦੇ ਸਨ।

ਛਾਪੇਮਾਰੀ ਦੌਰਾਨ ਬਰਾੜ ਸੀਡ ਸਟੋਰ ਤੋਂ ਕੱਚੇ ਬਿੱਲਾਂ ਦੀਆਂ ਬੁੱਕਾਂ ਵੀ ਬਰਾਮਦ ਹੋਈਆਂ ਸਨ। ਇਸ ਮਾਮਲੇ ‘ਚ ਦਰਜ ਐਫਆਈਆਰ ‘ਚ ਲਿਖਿਆ ਹੈ ਕਿ ਪੀ ਆਰ 128 ਤੇ ਪੀਆਰ 129 ਬੀਜ ਕਰਨਾਲ ਐਗਰੀ ਸੀਡਜ਼ ਤੋਂ ਖਰੀਦੇ ਗਏ ਹਨ। ਕਰਨਾਲ ਐਗਰੀ ਸੀਡਜ਼, ਡੇਰਾ ਬਾਬਾ ਨਾਨਕ, ਜ਼ਿਲ੍ਹਾ ਗੁਰਦਸਾਪੁਰ ‘ਚ ਸਥਿਤ ਹੈ। ਇਸ ਫੈਕਟਰੀ ਦਾ ਮਾਲਕ ਲਖਵਿੰਦਰ ਸਿੰਘ ਉਰਫ ਲੱਕੀ ਢਿੱਲੋਂ ਹੈ।

ਪੰਜਾਬ ਪੁਲਿਸ ਨੇ ਬੁੱਧਵਾਰ ਨੂੰ ਕਰਨਾਲ ਐਗਰੀ ਸੀਡਜ਼ ਦੇ ਮਾਲਕ ਲਖਵਿੰਦਰ ਸਿੰਘ ਉਰਫ ਲੱਕੀ ਢਿੱਲੋਂ ਨੂੰ ਗ੍ਰਿਫਤਾਰ ਕਰ ਲਿਆ ਹੈ।ਲੱਕੀ ਢਿੱਲੋਂ ਨੇ ਕੁਝ ਕਿਸਾਨਾਂ ਤੋਂ ਅਣਅਧਿਕਾਰਤ ਤੌਰ ਤੇ ਪੀਆਰ -128 ਅਤੇ ਪੀਆਰ -129 ਬੀਜ ਕਿਸਮਾਂ ਖਰੀਦੀਆਂ ਸਨ।ਜਾਂਚ ਵਿੱਚ ਪਤਾ ਲੱਗਿਆ ਹੈ ਕਿ ਢਿੱਲੋਂ ਨੇ ਇਹ ਬੀਜ ਲੁਧਿਆਣਾ ਦੀ ਬਰਾੜ ਸੀਡਜ਼ ਕੰਪਨੀ ਨੂੰ ਸਪਲਾਈ ਕੀਤੇ ਸਨ ਜਿਸਦਾ ਮਾਲਕ ਹਰਵਿੰਦਰ ਸਿੰਘ ਉਰਫ ਕਾਕਾ ਬਰਾੜ ਇਸ ਘੁਟਾਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਪਹਿਲਾ ਵਿਅਕਤੀ ਸੀ।

ਹਰਵਿੰਦਰ ਉਰਫ ਕਾਕਾ ਬਰਾੜ ਨੇ ਪੁੱਛਗਿੱਛ ਦੌਰਾਨ ਬਲਜਿੰਦਰ ਸਿੰਘ ਦਾ ਨਾਮ ਦੱਸਿਆ ਸੀ। ਪੁਲਿਸ ਅਨੁਸਾਰ ਬਲਜਿੰਦਰ ਸਿੰਘ ਨੇ ਬੀਜ ਦੀਆਂ ਕਿਸਮਾਂ ਨੂੰ ਯੂਨੀਵਰਸਿਟੀ ਤੋਂ ਲਿਆ ਕਿ ਇਸ ਨੂੰ ਬਰਾੜ ਸੀਡ ਸਟੋਰ ਤੱਕ ਪਹੁੰਚਾਇਆ ਸੀ।

ਰਾਜ ਪੱਧਰੀ ਵਿਸ਼ੇਸ਼ ਜਾਂਚ ਟੀਮ (SIT) ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।ਪੰਜਾਬ ਡੀਜੀਪੀ ਦਿਨਕਰ ਗੁਪਤਾ ਨੇ ਏਡੀਜੀਪੀ ਨਰੇਸ਼ ਅਰੋੜਾ ਦੀ ਅਗਵਾਈ ਹੇਠ ਪੰਜ ਮੈਂਬਰੀ ਐਸਆਈਟੀ ਦਾ ਗਠਨ ਕੀਤਾ ਹੈ।

ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਅਪੀਲ ਕੀਤੀ ਕਿ ਉਹ ਬੀਜ ਘੁਟਾਲੇ ਦੀ ਨਿਰਪੱਖ ਜਾਂਚ ਕਰਵਾਉਣ ਲਈ ਇੱਕ ਕੇਂਦਰੀ ਟੀਮ ਪੰਜਾਬ ਭੇਜਣ ਅਤੇ ਇਸ ਤੋਂ ਇਲਾਵਾ ਲੁੱਟੇ ਗਏ ਕਿਸਾਨਾਂ ਨੂੰ ਬਚਾਉਣ ਲਈ ਢੁਕਵੀਂ ਕਾਰਵਾਈ ਦੀ ਸਿਫਾਰਸ਼ ਕਰਨ।

ਤੁਹਾਨੂੰ ਦਸ ਦੇਈਏ ਕਿ ਤੁਹਾਡੇ ਆਪਣੇ ਨਿਊਜ਼ ਚੈਨਲ ਏਬੀਪੀ ਸਾਂਝਾ ਨੇ ਇਸ ਖ਼ਬਰ ਨੂੰ ਪ੍ਰਮੁੱਖਤਾ ਨਾਲ ਵਿਖਾ ਕਿ ਪੰਜਾਬ ‘ਚ ਹੋਏ ਵੱਡੇ ਬੀਜ ਘੁਟਾਲੇ ਦਾ ਪਰਦਾਫਾਸ਼ ਕੀਤਾ ਸੀ।

NO COMMENTS