ਬੁਢਲਾਡਾ 3 ਅਗਸਤ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ )
ਕੱਲ੍ਹ ਪਿੰਡ ਕੁਲਰੀਆਂ ਵਿੱਚ ਗ੍ਰਾਮ ਪੰਚਾਇਤ ਅਤੇ ਸਰਪੰਚ ਵੱਲੋਂ ਕਾਸ਼ਤਕਾਰ ਕਿਸਾਨਾਂ ਉੱਤੇ ਐਫ ਆਈ ਆਰ ਦਰਜ ਕਰਵਾਈ ਗਈ ਹੈ ਕਿਉਂਕਿ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਪੰਚਾਇਤੀ ਵਿਭਾਗ ਅਤੇ ਪੰਚਾਇਤ ਦਾ ਕਾਸ਼ਤਕਾਰ ਕਿਸਾਨਾਂ ਦੇ ਨਾਲ ਜ਼ਮੀਨੀ ਵਿਵਾਦ ਚੱਲ ਰਿਹਾ ਹੈ । ਸਰਕਾਰ ਵੱਲੋਂ ਪੰਚਾਇਤੀ ਵਿਭਾਗ ਦੇ ਅਧਿਕਾਰੀਆਂ ਅਤੇ ਮਾਲ ਵਿਭਾਗ ਨੂੰ ਗੈਰ ਕਾਨੂੰਨੀ ਅਧਿਕਾਰ ਦੇ ਕੇ ਕਾਬਜ਼ ਕਿਸਾਨਾਂ ਨੂੰ ਜ਼ਮੀਨਾਂ ਤੋਂ ਬੇਦਖ਼ਲ ਕਰਨ ਦੀ ਮੁਹਿੰਮ ਵਿੱਢੀ ਹੋਈ ਹੈ, ਜਿਸਦੇ ਤਹਿਤ ਕਿਸਾਨਾਂ ਨੂੰ ਫ਼ਸਲ ਬੀਜਣ ਤੋਂ ਵਾਰ ਵਾਰ ਅੜਿੱਕਾ ਪੈਦਾ ਕੀਤਾ ਗਿਆ ਹੈ ਫਿਰ ਹੜ੍ਹਾਂ ਦੇ ਕਾਰਨ ਪਾਣੀ ਖੇਤਾਂ ਵਿੱਚ ਭਰ ਗਿਆ, ਜਿਸ ਕਰਕੇ ਕਿਸਾਨ ਆਪਣੀ ਫ਼ਸਲ ਬੀਜਣ ਤੋਂ ਬੇਵੱਸ ਰਹੇ ਪਰ ਹੁਣ ਆਧੁਨਿਕ ਮਸ਼ੀਨਰੀ ਲੈ ਕੇ ਪ੍ਰਸ਼ਾਸਨ ਦੇ ਜ਼ੋਰ ‘ਤੇ ਪੰਚਾਇਤੀ ਵਿਭਾਗ ਵੱਲੋਂ ਕਿਸਾਨਾਂ ਦੀ ਜ਼ਮੀਨ ਮਿੱਟੀ ਪੁੱਟਣ ਬਹਾਨੇ ਖਰਾਬ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ ਨੂੰ ਕਾਬਜ਼ ਜ਼ਮੀਨ ਉੱਤੇ ਕਾਸ਼ਤ ਕਰਨ ਤੋਂ ਰੋਕਿਆ ਜਾ ਰਿਹਾ ਹੈ ।ਕੱਲ੍ਹ ਜਦ ਵਿਭਾਗ ਵੱਲੋਂ ਇਹ ਕਾਰਵਾਈ ਅਰੰਭੀ ਗਈ ਤਾਂ ਕਾਸ਼ਤਕਾਰ ਕਿਸਾਨਾਂ ਵੱਲੋਂ ਜਥੇਬੰਦੀ ਦੇ ਝੰਡੇ ਚੁੱਕ ਕੇ ਆਪਣੀ ਜ਼ਮੀਨ ਉੱਤੇ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ । ਪ੍ਰਸ਼ਾਸਨ ਦੀ ਸਹਿ ਉੱਤੇ ਮੌਕੇ ਦੇ ਸਰਪੰਚ ਵੱਲੋਂ ਕੁੱਝ ਸ਼ਰਾਰਤੀ ਅਨਸਰਾਂ ਨੂੰ ਨਾਲ ਲੈ ਕੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਧੱਕਾ ਮੁੱਕੀ ਕੀਤੀ ਅਤੇ ਗਾਲੀ ਗਲੋਚ ਕੀਤਾ ਗਿਆ । ਪ੍ਰਸ਼ਾਸਨ ਵੱਲੋਂ ਮਸਲੇ ਦੀ ਸਹੀ ਪੜਚੋਲ ਕੀਤੇ ਬਗੈਰ ਉਲਟਾ ਕਰੀਬ ਅੱਧੀ ਦਰਜਨ ਤੋਂ ਉੱਪਰ ਝੂਠੀਆਂ ਧਾਰਾਵਾਂ 341, 447, 511, 323, 506, 148, 149, 120-B ਲਾ ਕੇ ਬੇਕਸੂਰ ਕਿਸਾਨਾਂ ਨੂੰ ਖੱਜਲ ਖ਼ੁਆਰ ਕੀਤਾ ਜਾ ਰਿਹਾ ਹੈ ਤਾਂ ਕਿ ਪਰਚਿਆਂ ਦੇ ਦਬਾਅ ਹੇਠ ਉਨ੍ਹਾਂ ਤੋਂ ਜ਼ਮੀਨ ਸੌਖੇ ਤਰੀਕੇ ਨਾਲ ਹੜੱਪੀ ਜਾ ਸਕੇ । ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵੱਲੋਂ ਪ੍ਰਸ਼ਾਸਨ ਦੀ ਇਸ ਪੱਖਪਾਤੀ ਕਾਰਵਾਈ ਦਾ ਸਖ਼ਤ ਨੋਟਿਸ ਲਿਆ ਗਿਆ ਅਤੇ ਨਾਲ ਹੀ ਇਸ ਮਸਲੇ ਨੂੰ ਲੈ ਕੇ 5 ਅਗਸਤ ਦੀ ਸੂਬਾ ਪੱਧਰੀ ਮੀਟਿੰਗ ਬੁਲਾ ਲਈ ਗਈ ਹੈ । ਜਥੇਬੰਦੀ ਦੀ ਜਿਲਾ ਪੱਧਰੀ ਕਮੇਟੀ ਵੱਲੋਂ, ਪੁਲਿਸ ਪ੍ਰਸ਼ਾਸਨ ਤਰਫ਼ੋਂ ਕਿਸਾਨਾਂ ਉੱਤੇ ਕੀਤੀਆਂ ਝੂਠੀਆਂ ਧਾਰਾਵਾਂ ਵਾਪਸ ਲੈ ਕੇ ਕੀਤੇ ਪਰਚੇ ਮੁੱਢੋਂ ਖਾਰਿਜ਼ ਕਰਨ ਦਾ ਦੋ ਦਿਨ ਦਾ ਅਲਟੀਮੇਟਮ ਦਿੱਤਾ ਗਿਆ ਹੈ ਅਤੇ ਨਾਲ ਹੀ ਮੰਗ ਕੀਤੀ ਗਈ ਹੈ ਕਿ ਕਾਸ਼ਤਕਾਰ ਕਿਸਾਨਾਂ ਦਾ ਜ਼ਮੀਨਾਂ ਉੱਤੇ ਕਬਜ਼ਾ ਬਹਾਲ ਰੱਖਿਆ ਜਾਵੇ ਅਤੇ ਉਨ੍ਹਾਂ ਨੂੰ ਤੰਗ ਪਰੇਸ਼ਾਨ ਕਰਨਾ ਬੰਦ ਕੀਤਾ ਜਾਵੇ । ਜੇਕਰ ਪ੍ਰਸ਼ਾਸਨ ਵੱਲੋਂ ਕੀਤੇ ਝੂਠੇ ਪਰਚੇ ਰੱਦ ਨਾ ਕੀਤੇ ਗਏ ਤਾਂ ਜਥੇਬੰਦੀ ਸੂਬਾ ਪੱਧਰੀ ਮੀਟਿੰਗ ਵਿੱਚ ਸੰਘਰਸ਼ ਦਾ ਐਲਾਨ ਕਰੇਗੀ ।