ਕਿਸਾਨਾਂ ਦੇ ਹੱਕ ‘ਚ ਸਾਬਕਾ ਸੈਨਿਕਾਂ ਨੇ ਰਾਸ਼ਟਰਪਤੀ ਨੂੰ ਮੋੜੇ ਮੈਡਲ, ਪੰਜਾਬ ਦੇ 3,80,000 ਸਾਬਕਾ ਸੈਨਿਕਾਂ ਨੂੰ ਅਪੀਲ

0
12

ਬਰਨਾਲਾ28,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ):: ਪਿਛਲੇ ਦਿਨੀਂ ਪੰਜਾਬ ਦੇ ਸੈਨਿਕ ਵਿੰਗ ਵੱਲੋਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੀ ਹਮਾਇਤ ਕਰਦਿਆਂ ਐਲਾਨ ਕੀਤਾ ਗਿਆ ਸੀ ਕਿ ਜੇ ਕੇਂਦਰ ਸਰਕਾਰ 26 ਜਨਵਰੀ ਤੱਕ ਕਿਸਾਨ ਸੰਘਰਸ਼ ਵਿੱਚ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਸਾਬਕਾ ਜਵਾਨ ਦੇਸ਼ ਦੀਆਂ ਸੇਵਾਵਾਂ ‘ਚ ਪ੍ਰਾਪਤ ਮੈਡਲ ਦੇਸ਼ ਦੇ ਰਾਸ਼ਟਰਪਤੀ ਨੂੰ ਵਾਪਸ ਕਰ ਦੇਣਗੇ।

ਇਸ ਦੇ ਚੱਲਦਿਆਂ ਅੱਜ ਬਰਨਾਲਾ ਵਿੱਚ ਸ਼੍ਰੋਮਣੀ ਅਕਾਲੀ ਦਲ ਸੈਨਿਕ ਵਿੰਗ ਪੰਜਾਬ ਦੇ ਮੁਖੀ ਗੁਰਜਿੰਦਰ ਸਿੰਘ ਸਿੱਧੂ ਨੇ ਵੱਡੀ ਗਿਣਤੀ ਵਿੱਚ ਸੈਨਿਕਾਂ ਵੱਲੋਂ ਲਿਆਂਦੇ ਮੈਡਲਾਂ ਨੂੰ ਲਿਫਾਫੇ ‘ਚ ਬੰਦ ਕਰ ਰਾਸ਼ਟਰਪਤੀ ਭਵਨ ਵਿਖੇ ਕੋਰੀਅਰ ਭੇਜਣ ਲਈ ਮੁਹਿੰਮਾਂ ਦੀ ਸ਼ੁਰੂਆਤ ਕੀਤੀ।

ਇਸ ਮੌਕੇ ਵੱਡੀ ਗਿਣਤੀ ‘ਚ ਸਾਬਕਾ ਸੈਨਿਕ ਮੈਡਲ ਲੈ ਕੇ ਬਰਨਾਲਾ ਪਹੁੰਚੇ। ਗੁਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਅੱਜ ਦੇਸ਼ ਦਾ ਹਰ ਮਜ਼ਦੂਰ ਵਰਗ ਕਿਸਾਨੀ ਸੰਘਰਸ਼ ਵਿੱਚ ਦਿੱਲੀ ਸਰਹੱਦ ‘ਤੇ ਬੈਠਾ ਹੈ ਪਰ ਕੇਂਦਰ ਸਰਕਾਰ ਟੱਸ ਤੋਂ ਮੱਸ ਨਹੀਂ ਹੋਈ। ਇਸ ਸੰਘਰਸ਼ ‘ਚ ਇਹ ਸਾਬਤ ਹੋਇਆ ਹੈ ਕਿ ਦੇਸ਼ ਦੇ ਕਿਸਾਨ ਅਤੇ ਦੇਸ਼ ਦੇ ਸਿਪਾਹੀ ਇਕਜੁੱਟ ਹਨ।

ਉਨ੍ਹਾਂ ਕਿਹਾ ਕਿ ਅੱਜ ਜੇ ਕਿਸਾਨ ਸੜਕਾਂ ‘ਤੇ ਹਨ ਤਾਂ ਦੇਸ਼ ਦਾ ਸਿਪਾਹੀ ਆਪਣੇ ਮੈਡਲ ਵਾਪਸ ਕਰ ਕੇ ਕੇਂਦਰ ਸਰਕਾਰ ਨੂੰ ਰੋਸ ਜ਼ਾਹਿਰ ਕਰ ਰਿਹਾ ਹੈ, ਇਸ ਸੰਦਰਭ ‘ਚ ਪੰਜਾਬ ਦੇ 3,80,000 ਸਾਬਕਾ ਸੈਨਿਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਵੀ ਸਾਰੇ ਮੈਡਲ ਜਲਦ ਦੇਸ਼ ਦੇ ਰਾਸ਼ਟਰਪਤੀ ਨੂੰ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਵਾਪਸ ਕਰ ਦੇਣ। 

NO COMMENTS