ਬੁਢਲਾਡਾ – 22 ਜਨਵਰੀ(ਸਾਰਾ ਯਹਾ /ਅਮਨ ਮਹਿਤਾ)ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਿੱਚ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਦੀਆਂ ਬਰੂਹਾਂ ‘ਤੇ ਸਿੰਘੂ , ਟਿਕਰੀ , ਗਾਜੀਪੁਰ ਆਦਿ ਸਰਹੱਦਾਂ ‘ਤੇ ਡੇਰੇ ਲਾ ਕੇ ਮੋਰਚੇ ਗੱਡੇ ਹੋਏ ਹਨ ਇਸਦੇ ਨਾਲ ਪੰਜਾਬ ਵਿੱਚ ਹੋਰ ਥਾਵਾਂ ਸਮੇਤ ਸਥਾਨਕ ਪੈਟਰੋਲ ਪੰਪ ‘ਤੇ ਚੱਲ ਰਿਹਾ ਘੇਰਾਬੰਦੀ ਕਰਕੇ ਧਰਨਾ ਅੱਜ 113 ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਅੱਜ ਧਰਨੇ ਮੌਕੇ ਜੁੜੇ ਇਕੱਠ ਨੂੰ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਬਜ਼ੁਰਗ ਆਗੂ ਨੰਬਰਦਾਰ ਜਰਨੈਲ ਸਿੰਘ ਗੁਰਨੇ ਕਲਾਂ , ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾਈ ਆਗੂ ਐਡਵੋਕੇਟ ਸਵਰਨਜੀਤ ਸਿੰਘ ਦਲਿਓ , ਕੁੱਲ ਹਿੰਦ ਕਿਸਾਨ ਸਭਾ (ਅਜੈ ਭਵਨ) ਦੇ ਆਗੂ ਬਲਵੀਰ ਸਿੰਘ ਗੁਰਨੇ ਖੁਰਦ , ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਆਗੂ ਡਾ. ਰਾਮ ਸਿੰਘ ਗੁਰਨੇ ਖੁਰਦ ਅਤੇ ਹਰਿੰਦਰ ਸਿੰਘ ਸੋਢੀ ਤੋਂ ਇਲਾਵਾ ਮਿੱਠੂ ਸਿੰਘ ਗੁਰਨੇ ਕਲਾਂ , ਰਘਬੀਰ ਸਿੰਘ ਫਫੜੇ ਭਾਈਕੇ , ਭੂਰਾ ਸਿੰਘ ਅਹਿਮਦਪੁਰ , ਅਮਰੀਕ ਸਿੰਘ ਮੰਦਰਾਂ ਨੇ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਦੇਸ਼ ਨੂੰ ਕੰਗਾਲੀ ਦੇ ਰਾਹ ਤੋਰ ਦਿੱਤਾ ਹੈ। ਆਤਮ ਨਿਰਭਰ ਦੇ ਦਮਗਜੇ ਮਾਰਨ ਵਾਲੀ ਮੋਦੀ ਸਰਕਾਰ ਆਪਣੀ ਜਮੀਨ ਦੇ ਟੁਕੜੇ ‘ਤੇ ਆਪਣੇ ਪਰਿਵਾਰ ਪਾਲ ਰਹੇ ਕਿਰਤੀਆਂ ਨੂੰ ਅਤੇ ਉਨ੍ਹਾਂ ਦੀਆਂ ਜਮੀਨਾਂ ਨੂੰ ਦਿਓਕੱਦ ਬਘਿਆੜ ਰੂਪੀ ਕਾਰਪੋਰੇਟ ਘਰਾਣਿਆਂ ਅੱਗੇ ਸੁੱਟਣ ਲਈ ਤਰਲੋਮੱਛੀ ਹੋ ਰਹੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਅਨੇਕਾਂ ਕੁਰਬਾਨੀਆਂ ਅਤੇ ਘਾਲਣਾਵਾਂ ਘਾਲ ਕੇ ਹਾਸਲ ਕੀਤੀ ਆਜਾਦੀ ਨੂੰ ਮੁੜ ਸਾਮਰਾਜ ਕੋਲ ਗਹਿਣੇ ਪਾ ਰਹੀ ਹੈ। ਲੱਖਾਂ ਕਿਸਾਨ 26 ਜਨਵਰੀ ਨੂੰ ਦਿੱਲੀ ਵਿਖੇ ਗਣਤੰਤਰ ਦਿਵਸ ਮੌਕੇ ਕਿਸਾਨ ਪਰੇਡ ਕਰਕੇ ਸਾਮਰਾਜ ਅਤੇ ਇਸ ਦੇ ਪਿੱਠੂਆਂ ਨੂੰ ਚਿਤਾਵਨੀ ਦੇਣਗੇ ਕਿ ਭਾਰਤ ਦੇਸ਼ ਵੱਲ ਕਿਸੇ ਅਜਿਹੀ ਤਾਕਤ ਨੂੰ ਝਾਕਣ ਨਹੀਂ ਦੇਣਗੇ ਅਤੇ ਦੇਸ਼ ਦੀ ਏਕਤਾ , ਅਖੰਡਤਾ , ਆਜਾਦੀ ਸਮੇਤ ਅਰਥਚਾਰੇ ਨੂੰ ਦੇਸ਼ ਦੇ ਕਿਰਤੀ-ਕਿਸਾਨ ਮਜਬੂਤ ਕਰਨਗੇ।ਆਗੂਆਂ ਨੇ ਕਿਹਾ ਕਿ ਆਜਾਦ ਹਿੰਦ ਫੌਜ ਦੇ ਮੋਢੀ ਆਗੂ ਸੁਭਾਸ ਚੰਦਰ ਬੋਸ ਦਾ ਕੱਲ 23 ਜਨਵਰੀ ਨੂੰ ਜਨਮ ਦਿਵਸ ਮਨਾਇਆ ਜਾਵੇਗਾ ਅਤੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਣਗੀਆਂ।